Monday 26 April 2010

ਜਦੋਂ ਰੋਣ ਲਈ ਮੋਢ੍ਹਾ ਮਿਲਦਾ ਹੈ।

ਬਹੁਤ ਸਾਰੇ ਦੋਸਤ ਜਾਣਦੇ ਹਨ ਕਿ ਇਸ ਸਾਲ ਮਾਰਚ ਦਾ ਮਹੀਨਾ ਮੇਰੇ ਲਈ ਬਹੁਤ ਔਖਾ ਸੀ। ਪਹਾੜ ਚੁੱਕਣ ਜਿੰਨਾ ਔਖਾ। ਮੇਰਾ ਛੋਟਾ ਭਰਾ ਕੁਕੂ {ਨਰਿੰਦਰ} ਸਾਨੂੰ ਸਦਾ ਲਈ ਛੱਡ ਗਿਆ ਸੀ। ਮੇਰੇ ਤੋਂ ਦੱਸ ਸਾਲ ਛੋਟਾ ਤੇ ਸਾਡੇ ਭੈਣਾਂ-ਭਰਾਵਾਂ ਵਿਚੋਂ ਸਭ ਤੋਂ ਨਿੱਕਾ। ਇਹ ਸਦਮਾ ਸਹਿਣਾ ਬਹੁਤ ਮੁਸ਼ਕਲ ਸੀ। ਮੈਂ ਜੋ ਆਪਣੇ ਆਪ ਨੂੰ ਬਹੁਤ ਮਜ਼ਬੂਤ ਸਮਝਦਾ ਸਾਂ ਵੀ ਹਿੱਲ ਗਿਆ ਸਾਂ ਬਲਕਿ ਹਾਲੇ ਤਕ ਪੈਰੀਂ ਨਹੀਂ ਆਇਆ। ਹਾਲੇ ਵੀ ਵਕਤ ਲਗੇਗਾ। ਇਸ ਮੁਲਕ ਦੇ ਹਾਲਾਤ ਦੇਖ ਕੇ ਮੈਂ ਅਕਸਰ ਕਹਿ ਦਿਆ ਕਰਦਾ ਹਾਂ ਕਿ ਸਾਨੂੰ ਨਾ ਆਪਣੇ ਬੱਚਿਆਂ ਤੋਂ ਕੋਈ ਆਸ ਰੱਖਣੀ ਚਾਹੀਦੀ ਹੈ ਨਾ ਹੀ ਆਪਣੇ ਜੀਵਨ ਸਾਥੀ ਤੋਂ। ਜੇ ਕੋਈ ਅਜਿਹੀ ਉਨੀ ਇੱਕੀ ਹੋ ਜਾਵੇ ਤਾਂ ਮੇਰੇ ਵਰਗੇ ਬੰਦੇ ਦੀ ਜ਼ਿੰਦਗੀ ਬਹੁਤ ਹੀ ਸੌਖੀ ਰਹੇਗੀ। ਮੈਂ ਸੋਚਦਾ ਹਾਂ ਕਿ ਮੈਨੂੰ ਸਿਰਫ ਤਿੰਨ ਚੀਜ਼ਾਂ ਚਾਹੀਦੀਆਂ ਹਨਃ ਇਕ ਲੈਪਟੌਪ, ਦੂਜੇ ਨਵੀਆਂ ਛਪੀਆਂ ਕਿਤਾਬਾਂ ਤੇ ਤੀਜੀ ਚੰਗੀ ਸਿਹਤ। ਇਹਨਾਂ ਤਿੰਨਾਂ ਚੀਜ਼ਾਂ ਤੋਂ ਬਾਅਦ ਮੈਂ ਕਿਸੇ ਦੇ ਲੈਣ ਦਾ ਨਹੀਂ। ਇਸ ਮੁਲਕ ਵਿਚ ਸਰਕਾਰ ਖਾਣ ਪੀਣ ਜੋਗੇ ਪੈਸੇ ਵੀ ਦੇ ਦਿੰਦੀ ਹੈ ਤੇ ਰਹਿਣ ਲਈ ਛੋਟਾ ਮੋਟਾ ਫਲੈਟ ਵੀ ਫਿਰ ਕੀ ਰਹਿ ਗਿਆ। ਪੜੀ ਜਾਵਾਂਗਾ ਤੇ ਲਿਖੀ ਜਾਵਾਂਗਾ। ਮੈਨੂੰ ਲਗਦਾ ਹੈ ਕਿ ਮੇਰੇ ਕੋਲ ਲਿਖਣ ਲਈ ਏਨਾ ਕੁਝ ਹੈ ਕਿ ਆਹ ਜ਼ਿੰਦਗੀ ਵੀ ਥੋੜੀ ਹੈ। ਮੈਂ ਇਹ ਗੱਲ ਅਕਸਰ ਦੋਸਤਾਂ ਨੂੰ ਕਿਹਾ ਕਰਦਾ ਸੀ। ਕੁਕੂ ਦੇ ਤੁਰ ਜਾਣ ਤੋਂ ਬਾਅਦ ਮੇਰੀ ਇਹ ਧਾਰਣਾ ਖੇਰੂੰ ਖੇਰੂੰ ਹੋ ਗਈ। ਮੈਂ ਭੁੱਲ ਹੀ ਗਿਆ ਸਾਂ ਕਿ ਲਿਖਣ ਲਈ ਸਿਹਤਵੰਦ ਮਨ ਦੀ ਵੀ ਲੋੜ ਹੁੰਦੀ ਹੈ, ਜਜ਼ਬਿਆਂ ਦੇ ਵਹਾਅ ਉੁਪਰ ਨਿਯੰਤਰਣ ਵੀ ਹੋਣਾ ਚਾਹੀਦਾ ਹੈ। ਕੁਕੂ ਦੇ ਤੁਰ ਜਾਣ ਨੇ ਮੇਰੇ ਤੋਂ ਇਹ ਸਭ ਖੋਹ ਲਿਆ ਸੀ ਤੇ ਮੈਂ ਬਹੁਤ ਦਿਨਾਂ ਤਕ ਨਾ ਕੁਝ ਪੜ ਸਕਿਆ ਤੇ ਕੁਝ ਲਿਖ ਸਕਿਆ। ਹੋਰ ਤਾਂ ਹੋਰ ਮੈਂ ਲੈਪਟੌਪ ਨੂੰ ਖੋਹਲ ਕੇ ਵੀ ਨਾ ਦੇਖ ਸਕਿਆ। ਮੇਰੇ ਮੇਜ਼ 'ਤੇ ਪੜਨ ਵਾਲੀਆਂ ਕਿਤਾਬਾਂ ਦਾ ਢੇਰ ਵਧਣ ਲਗਿਆ। ਮਨ ਕਾਬੂ ਵਿਚ ਨਹੀਂ ਸੀ ਤੇ ਨਾ ਹੀ ਜਜ਼ਬਾਤ। ਜਿਸ ਕੁਕੂ ਦੇ ਮੈਂ ਪਹਿਲੀ ਵਾਰ ਪੱਗ ਬੰਨੀ ਸੀ ਉਸ ਦੇ ਆਖਰੀ ਵਾਰ ਵੀ ਬੰਨੀ। ਜਿਵੇਂ ਬਚਪਨ ਵਿਚ ਉਸ ਨੂੰ ਤਿਆਰ ਕਰਿਆ ਕਰਦਾ ਸਾਂ, ਨਲ੍ਹਾਇਆ ਕਰਦਾ ਸਾਂ ਆਖਰੀ ਵਾਰ ਵੀ ਕੀਤਾ। ਇਸ ਤੋਂ ਬਾਅਦ ਕੋਈ ਕਿਵੇਂ ਸਬੂਤਾ ਰਹਿ ਸਕਦਾ ਹੈ। ਕੋਈ ਕਿਵੇਂ ਲਿਖ-ਪੜ ਸਕਦਾ ਹੈ। ਇਹ ਕੰਮ ਸਬੂਤੇ ਬੰਦੇ ਦਾ ਹੈ। ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੇਰੇ ਦੋਸਤਾਂ ਨੇ ਮੈਨੂੰ ਰੋਣ ਲਈ ਮੋਢ੍ਹਾ ਦਿਤਾ, ਮੈਨੂੰ ਕੰਫ੍ਰਟ ਕੀਤਾ। ਮੈਂ ਪੈਰਾਂ 'ਤੇ ਮੁੜ ਖੜਨ ਲਗਿਆ। ਈਮੇਲ ਦੇਖਣ ਲਗਿਆ। ਫੇਸਬੁੱਕ 'ਤੇ ਵੀ ਫੇਰੀ ਪਾ ਲਿਆ ਕਰਦਾ ਪਰ ਕੁਝ ਪੜਨਾ ਤੇ ਫਿਰ ਲਿਖਣਾ ਬਿਲਕੁਲ ਠੱਪ ਪਿਆ ਸੀ। ਫਿਰ ਇਕ ਦਿਨ ਮੈਨੂੰ ਕੋਈ ਫੋਨ ਆਇਆ। ਕਿਸੇ ਔਰਤ ਦੀ ਅਵਾਜ਼ ਸੀ। ਅਵਾਜ਼ ਨੇ ਆਪਣੀ ਵਾਕਫੀ ਕਰਾਈ: ਦਲਬੀਰ ਕੋਰ।
ਦਲਬੀਰ ਕੋਰ ਪੰਜਾਬੀ ਦੀ ਕਵਿਤਰੀ ਹੈ ਜਿਸ ਦੀ ਪਿਛੇ ਜਿਹੇ ਹੀ 'ਅਹਿਦ' ਨਾਂ ਦੀ ਕਵਿਤਾ ਕਿਤਾਬ ਆਈ ਹੈ। ਕਿਤਾਬ ਮੈਂ ਪੜੀ ਹੈ। ਅਜਕਲ ਇੰਗਲੈਂਡ ਵਿਚ ਲਿਖੀ ਜਾ ਰਹੀ ਕਵਿਤਾ ਨਾਲੋਂ ਵਧੀਆ ਕਵਿਤਾ ਹੈ। ਦਲਬੀਰ ਕੋਰ ਕਵੀ ਦਰਬਾਰਾਂ 'ਤੇ ਜਾਂ ਹੋਰ ਸਾਹਿਤਕ ਸਮਾਗਮਾਂ 'ਤੇ ਮਿਲਦੀ ਹੀ ਰਹਿੰਦੀ ਹੈ। ਮੈਂ ਉਸ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ, ਆਮ ਔਰਤਾਂ ਵਰਗੀ ਇਕ ਔਰਤ ਵਾਂਗ ਹੀ ਸਮਝਿਆ। ਫੋਨ ਕੁਕੂ ਦੇ ਅਫਸੋਸ ਲਈ ਸੀ। ਉਸ ਨੇ ਗੱਲ ਕਰਦਿਆਂ ਕਿਹਾ ਕਿ ਪਿਛਲੇ ਸਾਲ ਉਸ ਦਾ ਵੀ ਜਵਾਨ ਭਰਾ ਇਵੇਂ ਹੀ ਅਚਾਨਕ ਤੁਰ ਗਿਆ ਸੀ ਇਸ ਲਈ ਉਹ ਮੇਰਾ ਦਰਦ ਸਮਝਦੀ ਹੈ। ਫਿਰ ਉਸ ਨੇ ਆਪਣੇ ਤਜਰਬੇ ਵਿਚੋਂ ਕੁਝ ਹੋਰ ਗੱਲਾਂ ਦੱਸੀਆਂ। ਅਜਿਹੀ ਮੌਤ ਸਮੇਂ ਆਪਣਿਆਂ ਵਲੋਂ ਹੀ ਅਣਜਾਣੇ ਵਿਚ ਪਾਏ ਜਾ ਰਹੇ ਦਬਾਅ ਬਾਰੇ ਦੱਸਿਆ ਜਾਂ ਆਪਣੇ ਵਲੋਂ ਹੀ ਆਪਣੇ ਉਤੇ ਪਾਏ ਜਾ ਰਹੇ ਮਾਨਸਿਕ-ਬੋਝ ਬਾਰੇ ਗੱਲ ਕੀਤੀ। ਇਹ ਵੀ ਕਿ ਅਸੀਂ ਖੁਦ ਨੂੰ ਬਹੁਤ ਮਜ਼ਬੂਤ ਸਮਝ ਰਹੇ ਹੁੰਦੇ ਹਾਂ ਅਜਿਹੇ ਸਮੇਂ ਡੋਲ ਜਾਂਦੇ ਹਾਂ ਤੇ ਅਚਾਨਕ ਆਪਣੇ ਆਪ ਨੂੰ ਕਮਜ਼ੋਰ ਸਮਝਦੇ ਆਪਣੇ ਬਾਰੇ ਗਲਤ ਸੋਚਣ ਲਗਦੇ ਹਾਂ। ਡੈਪਰੈਸ਼ਨ ਆਦਿ ਦੇ ਸ਼ਿਕਾਰ ਵੀ ਹੋ ਸਕਦੇ ਹਾਂ। ਉਸ ਨੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਕੀਤੀਆਂ ਜੋ ਮੈਂ ਮਹਿਸੂਸ ਹੀ ਕਰ ਸਕਦਾ ਹਾਂ ਜਾਂ ਫਿਰ ਕਹਿ ਲਓ ਕਿ ਸਿਰਫ ਮੈਂ ਹੀ ਮਹਿਸੂਸ ਕਰ ਸਕਦਾ ਹਾਂ ਕੋਈ ਹੋਰ ਨਹੀਂ ਪਰ ਇਹਨਾਂ ਨੂੰ ਬਿਆਨ ਨਹੀਂ ਕਰ ਸਕਦਾ। ਹਾਂ ਇਕ ਗੱਲ ਭਾਵੇਂ ਪੁਰਾਣੀ ਹੈ ਪਰ ਉਸ ਦੇ ਮੂੰਹੋਂ ਇਕ ਦਮ ਨਵੀਂ ਲਗੀ ਕਿ ਵਕਤ ਤੋਂ ਵੱਡਾ ਫੈਹਾ ਕੋਈ ਨਹੀਂ ਹੁੰਦਾ। ਇਸ ਬਾਰੇ ਸੋਚ ਕੇ ਮੈਂ ਹੈਰਾਨ ਵੀ ਹੋ ਰਿਹਾ ਹਾਂ ਕਿ ਦਲਬੀਰ ਕੋਰ ਏਨੀਆਂ ਗੱਲਾਂ ਏਨੀ ਸਹਿਜ ਨਾਲ ਕਿਵੇਂ ਕਰ ਗਈ। ਇਕ ਪਲ ਲਈ ਤਾਂ ਮੈਨੂੰ ਕੁਲਵੰਤ ਸਿੰਘ ਵਿਰਕ ਦੀ ਇਕ ਕਹਾਣੀ ਵੀ
ਯਾਦ ਆਈ ਜਿਸ ਵਿਚ ਕਿਸੇ ਦਾ ਕੋਈ ਜਵਾਨ ਰਿਸ਼ਤੇਦਾਰ ਗੁਜ਼ਰ ਜਾਂਦਾ ਹੈ ਤੇ ਉੁਹ ਓਨੀ ਦੇਰ ਨਹੀਂ ਰੋ ਸਕਦਾ ਜਿੰਨੀ ਦੇਰ ਉਹਦੇ ਵਰਗਾ ਹੀ ਕੋਈ ਹੋਰ ਆ ਕੇ ਢਾਰਸ ਨਹੀਂ ਦਿੰਦਾ ਜਿਸ ਦਾ ਵੀ ਜਵਾਨ ਜਵਾਈ ਕੁਝ ਦਿਨ ਪਹਿਲਾਂ ਇਵੇਂ ਹੀ ਮਰਿਆ ਹੈ। ਪਰ ਇਹ ਗੱਲ ਕੁਝ ਵੱਖਰੀ ਤੇ ਵੱਡੀ ਸੀ। ਇਥੇ ਤਾਂ ਦਲਬੀਰ ਕੋਰ ਬਹੁਤ ਵੱਡੇ ਦਾਰਸ਼ਨਿਕ ਵਾਂਗ ਬੋਲਦੀ ਜਾ ਰਹੀ ਸੀ। ਬੋਲਦੀ ਹੋਈ ਉਹ ਕਦੇ ਮੈਨੂੰ ਮਾਂ ਵਰਗੀ ਲਗਦੀ ਸੀ, ਕਦੇ ਭੈਣ ਵਰਗੀ ਤੇ ਕਦੇ ਦੋਸਤ ਵਰਗੀ। ਮੈਂ ਅੰਦਰੋਂ ਏਨਾ ਖੁਰ ਰਿਹਾ ਸਾਂ ਕਿ ਉਸ ਦਾ ਫੋਨ ਲਈ ਧੰਨਵਾਦ ਵੀ ਨਾ ਕਰ ਸਕਿਆ। ਉਸ ਦੇ ਫੋਨ ਤੋਂ ਕੁਝ ਘੰਟੇ ਬਾਅਦ ਮੈਨੂੰ ਲਗਿਆ ਜਿਵੇਂ ਉਹ ਮੈਨੂੰ ਨਵਾਂ ਨਿਕੋਰ ਕਰ ਗਈ ਹੋਵੇ। ਮੈਂ ਕਈ ਹਫਤਿਆਂ ਦੇ ਵਕਫੇ ਮਗਰੋਂ ਪੜਨ ਲਈ ਕਿਤਾਬ ਚੁੱਕੀ ਤੇ ਇਸ ਬਲੌਗ ਨੂੰ ਲਿਖਣ ਜੋਗਾ ਵੀ ਹੋ ਗਿਆ। ਮੈਂ ਦੁਆ ਕਰਦਾ ਹਾਂ ਕਿ ਅਜਿਹੀ ਔਖੀ ਘੜੀ ਵੇਲੇ ਇਹੋ ਜਿਹਾ ਨਿੱਘਾ ਮੋਢ੍ਹਾ ਸਭ ਨੂੰ ਮਿਲੇ।

No comments:

Post a Comment