Saturday 24 April 2010

ਇਕ ਗੀਤਕਾਰ ਨੂੰ ਮਿਲਣ ਦੀ ਝਾਕ

ਮੈਨੂੰ ਪੰਜਾਬੀ ਦੇ ਗੀਤ ਕਦੇ ਵੀ ਚੰਗੇ ਨਹੀਂ ਲਗੇ। ਮੈਂ ਸਮਝਦਾ ਹਾਂ ਕਿ ਗੀਤ ਤੁਹਾਨੂੰ ਉਹੀ ਚੰਗੇ ਲਗਦੇ ਹਨ ਜਿਹੜੇ ਤੁਸੀਂ ਆਪਣੀ ਚੜਦੀ ਉਮਰੇ ਸੁਣੇ ਹੋਣ ਜਾਂ ਪਸੰਦ ਕੀਤੇ ਹੋਣ। ਮੇਰੀ ਚੜਦੀ ਉਮਰ ਵਿਚ ਹਿੰਦੀ ਦੇ ਫਿਲਮੀ ਗੀਤਾਂ ਦਾ ਜ਼ੋਰ ਸੀ। ਇਹ ਸੰਨ ਸੱਤਰ ਤੇ ਅੱਸੀ ਦਾ ਸਮਾਂ ਸੀ, ਫਿਲਮੀ ਸੰਗੀਤ ਦਾ ਸਿਖਰ। ਮੁਹੰਮਦ ਰਫੀ ਦਾ ਬੋਲਬਾਲਾ ਤਾਂ ਸੀ ਪਰ ਕਿਸ਼ੋਰ ਕੁਮਾਰ ਹਾਵੀ ਹੋ ਰਿਹਾ ਸੀ। ਸਮੁੱਚਾ ਸੰਗੀਤ ਬਹੁਤ ਸੁਰੀਲਾ ਸੀ। ਉਹਨਾਂ ਦਿਨਾਂ ਵਿਚ ਰੇਡੀਓ ਤੋਂ ਲੱਚਰ ਗੀਤ ਚਲਾਉਣ ਦੀ ਇਜਾਜ਼ਤ ਨਹੀਂ ਸੀ। ਸੁਰਿੰਦਰ ਕੋਰ, ਪਰਕਾਸ਼ ਕੋਰ ਤੇ ਮਸਤਾਨੇ ਆਦਿ ਦੇ ਗੀਤ ਹੀ ਰੇਡੀਓ ਤੋਂ ਚਲਦੇ ਸਨ। ਟੈਲੀ ਹਾਲੇ ਬਹੁਤ ਨਵਾਂ ਸੀ। 'ਮੇਰੀ ਡਿਗ ਪਈ ਚਰੀ ਵਿਚ ਗਾਨੀ', 'ਦੋ ਛੜਿਆਂ ਦੀ ਇਕ ਢੋਲਕੀ', 'ਰੰਗ 'ਚੋ ਕੇ ਪ੍ਰਾਤ ਵਿਚ ਪੈ ਗਿਆ' ਵਰਗੇ ਗੀਤ ਵਿਆਹਾਂ ਦੇ ਲਾਊਡ ਸਪੀਕਰਾਂ 'ਤੇ ਹੀ ਵਜਦੇ ਸਨ। ਅਜਿਹੇ ਲੱਚਰ ਗੀਤ ਤਾਂ ਪੰਜਾਬੀ ਦੀਆਂ ਫਿਲਮਾਂ ਵਿਚ ਵੀ ਨਹੀਂ ਸੀ ਹੁੰਦੇ ਸੋ ਮੈਨੂੰ ਇਹ ਗੀਤ ਕਦੇ ਵੀ ਚੰਗੇ ਨਹੀਂ ਲਗੇ। ਸਮਾਂ ਬਦਲਿਆ, ਅਜਿਹੇ ਗੀਤਾਂ ਦੇ ਗੀਤਕਾਰ ਇੰਦਰਜੀਤ ਹਸਨਪੁਰੀ ਤੇ ਬਾਬੂ ਸਿੰਘ ਮਾਨ ਵਰਗੇ ਫਿਲਮ ਮੇਕਰ ਬਣ ਗਏ ਤੇ ਅਜਿਹੇ ਗੀਤ ਫਿਲਮੀ ਵੀ ਹੋ ਗਏ। ਫਿਰ ਜ਼ਮਾਨਾ ਬਦਲਦਾ ਗਿਆ। ਲੱਚਰ ਗੀਤਾਂ ਦਾ ਬੋਲਬਾਲਾ ਹੋ ਗਿਆ। ਲੋਕਾਂ ਨੂੰ ਇਹਨਾਂ ਵਿਚਲਾ ਲੱਚਰਪੁਣਾ ਹੁਣ ਪਹਿਲਾਂ ਵਾਂਗ ਕਾਟ ਨਹੀਂ ਸੀ ਕਰਦਾ ਬਲਿਕ ਲੋਕ ਤਾਂ ਅਨੰਦ ਮਾਨਣ ਲਗੇ ਸਨ। ਹੁਣ ਤਾਂ ਬਹੁਤ ਕੁਝ ਬਦਲ ਚੁੱਕਾ ਹੈ, ਪਿਛੜੇ ਤੋਂ ਪਿਛੜੇ ਪਿੰਡ ਵਿਚ ਵੀ ਪਿਓ ਧੀ ਇਕੱਠੇ ਬੈਠ ਕੇ ਟੈਲੀ 'ਤੇ ਰੇਪ ਸੀਨ ਦੇਖ ਸਕਦੇ ਹਨ। ਲਫਜ਼ਾਂ ਦੇ ਅਰਥ ਬਦਲ ਚੁੱਕੇ ਹਨ। ...ਖੈਰ ਮੇਰਾ ਮਕਸਦ ਕਿਸੇ ਦੁਖਦੀ ਰਗ ਉਪਰ ਹੱਥ ਰੱਖਣਾ ਨਹੀਂ ਹੈ, ਮੈਂ ਤਾਂ ਇਸੇ ਬਹਾਨੇ ਦਿਲ ਦੀ ਕੋਈ ਹੋਰ ਗੱਲ ਸਾਂਝੀ ਕਰਨੀ ਚਾਹੁੰਦਾ ਹਾਂ। ਮੈਂ ਪੰਜਾਬੀ ਦੇ ਲੋਕ ਗੀਤਾਂ ਵਲ ਮੁੜ ਕੇ ਉਸ ਵਕਤ ਧਿਆਨ ਦਿਤਾ ਜਦ ਗੁਰਦਾਸ ਮਾਨ ਪਿੜ ਵਿਚ ਆਇਆ ਪਰ ਫਿਰ ਵੀ ਸੁਣਨ ਲਈ ਕਦੇ ਵੀ ਪੰਜਾਬੀ ਗੀਤ ਮੇਰੀ ਚੋਣ ਨਹੀਂ ਰਹੇ। ਅਜਿਹੇ ਗੀਤ ਮੈਂ ਉਦੋਂ ਹੀ ਸੁਣੇ ਜਦੋਂ ਮੈਨੂੰ ਸੁਣਨੇ ਹੀ ਪੈਂਦੇ ਸਨ, ਜਦੋਂ ਮੈਂ ਕਿਸੇ ਮਜਬੂਰੀ ਵਿਚ ਫਸਿਆ ਬੈਠਾ ਹੁੰਦਾ ਸਾਂ। ਫਿਰ ਕੁਝ ਅਜਿਹਾ ਹੋਇਆ ਕਿ ਮੈਨੂੰ ਕਾਰੋਬਾਰ ਵਿਚ ਅਜਿਹੇ ਬੰਦੇ ਨਾਲ ਭਾਈਬਾਲੀ ਕਰਨੀ ਪਈ ਜੋ ਸੁਣਦਾ ਹੀ ਸਿਰਫ ਤੇ ਸਿਰਫ ਅਜਿਹੇ ਗੀਤ ਸੀ। ਪਿਛਲੇ ਪੰਦਰਾਂ ਸਾਲ ਤੋਂ ਮੈਂ ਉਸ ਨਾਲ ਸਟੱਕ ਹਾਂ ਭਾਵ ਕਿ ਫਸਿਆ ਬੈਠਾ ਹਾਂ। ਸਾਡੇ ਸੁਭਾਅ ਉੁਤਰ-ਦੱਖਣ ਹਨ। ਉਸ ਨੂੰ ਕਬੱਡੀ ਦੇਖਣ ਜਾਣਾ ਪਸੰਦ ਹੈ ਤੇ ਮੈਨੂੰ ਕਵੀ ਦਰਬਾਰ 'ਤੇ ਜਾਣਾ। ਉਸ ਨੂੰ ਵਿਹਲੇ ਸਮੇਂ ਸੌਣ ਦਾ ਸ਼ੌਂਕ ਹੈ ਤੇ ਮੈਨੂੰ ਕਿਤਾਬ-ਅਖਬਾਰ ਪੜ੍ਹਨ ਦਾ। ਮੈਂ ਰੇਡੀਓ ਸਿਰਫ ਖਬਰਾਂ ਲਈ ਲਾਉਂਦਾ ਹਾਂ ਤੇ ਉੁਸ ਦਾ ਖਬਰਾਂ ਨਾਲ ਦੂਰ ਦਾ ਰਿਸ਼ਤਾ ਵੀ ਨਹੀਂ। ਉਸ ਨੂੰ ਚਮਕੀਲਾ ਦੀਦਾਰ ਸੰਧੂ ਵਰਗੇ ਗਾਇਕ ਸੁਣਨ ਦਾ ਸ਼ੌਂਕ ਹੈ ਤੇ ਮੈਨੂੰ ਮੁਹੰਮਦ ਰਫੀ ਤੇ ਮੁਕੇਸ਼ ਵਰਗਿਆਂ ਦਾ। ਹੋਰ ਵੀ ਬਹੁਤ ਕੁਝ ਹੈ ਪਰ ਵੱਡੀ ਗੱਲ ਇਹ ਹੈ ਕਿ ਸਾਡਾ ਕਾਰੋਬਾਰ ਸਾਡੇ ਜੋੜ ਕਰਕੇ ਠੀਕ ਚੱਲ ਰਿਹਾ ਹੈ। ਇਸ ਕਰਕੇ ਅਸੀਂ ਕੁਝ ਸਮਝੌਤੇ ਕਰ ਲਏ ਹਨ ਜਿਵੇਂ ਕਿ ਮੈਂ ਕਬੱਡੀ ਦੇਖਣ ਚਲੇ ਜਾਂਦਾ ਹਾਂ ਤੇ ਉੁਹ ਕਵੀ ਦਰਬਾਰਾਂ ਵਿਚ ਸ਼ਾਮਲ ਹੋ ਜਾਂਦਾ ਹੈ। ਇਵੇਂ ਹੀ ਉਹ ਮੇਰੀਆਂ ਖਬਰਾਂ ਸੁਣ ਲੈਂਦਾ ਹੈ ਤੇ ਮੈਂ ਚਮਕੀਲੇ ਦਾ ਗੀਤ ਜਿਵੇਂ ਕਿ 'ਉਹ ਕਾਹਦਾ ਬੰਦਾ ਜਿਹਨੇ ਭੈਣ ਦੀ ਨਣਾਨ ਦਾ ਕਢਿਆ ਨਹੀਂ ਕੰਡਾ', ਸਹਿ ਜਾਂਦਾ ਹਾਂ। ਉਸ ਦੇ ਪਸੰਦੀਦਾ ਗੀਤਾਂ ਵਿਚ ਜੀਜੇ ਨੇ ਸਾਲ਼ੀ ਢਾਹੀ ਹੋਈ ਹੁੰਦੀ ਹੈ ਜਾਂ ਭਰਜਾਈ ਦੇਰ ਨੂੰ ਹਾਕਾਂ ਮਾਰ ਰਹੀ ਹੁੰਦੀ ਹੈ। ਲੱਚਰ ਗੀਤਾਂ ਦੇ ਗਾਇਕਾਂ ਕੋਲ ਰਾਗ ਵਿਦਿਆ ਤਾਂ ਨਹੀਂ ਹੁੰਦੀ, ਉਹ ਇਕੋ ਤਰਜ਼ 'ਤੇ ਗੀਤ ਗਾਈ ਜਾਂਦੇ ਹਨ, ਸਾਰਾ ਜਾਦੂ ਉੁਹਨਾਂ ਦੇ ਗੀਤਾਂ ਦੇ ਬੋਲਾਂ ਵਿਚ ਹੁੰਦਾ ਹੈ। ਜਦ ਮੈਂ ਆਪਣੇ ਪਾਰਟਨਰ ਨਾਲ ਸਫਰ ਵਿਚ ਹੋਵਾਂ ਤੇ ਮੇਰੀ ਵਾਰੀ ਉਸ ਦੇ ਗੀਤਾਂ ਦੀ ਵਧੀਕੀ ਸਹਿਣ ਦੀ ਹੋਵੇ ਤਾਂ ਮੈਂ ਇਹਨਾਂ ਗੀਤਾਂ ਦੇ ਬੋਲਾਂ ਪਿੱਛੇ ਖੜੇ ਸੱਚ ਬਾਰੇ ਸੋਚਣ ਲਗਦਾ ਹਾਂ, ਇਸ ਤਰ੍ਹਾਂ ਆਪਣੇ ਸਮਾਜ ਦਾ ਇਕ ਹੋਰ ਸੱਚ ਅੱਖਾਂ ਸਾਹਮਣੇ ਖੜਨ ਲਗਦਾ ਹੈ। ਹੋਇਆ ਇਹ ਕਿ ਹੌਲੀ ਹੌਲੀ ਮੇਰਾ ਪਾਰਟਨਰ ਮੈਨੂੰ ਮਾਣਕ ਦੇ ਗੀਤਾਂ ਦੀ ਸੈਰ ਨੂੰ ਲੈ ਨਿਕਲਿਆ। ਮਾਣਕ ਦੀਆਂ ਕਲੀਆਂ ਕੰਨਾਂ ਨੂੰ ਚੰਗੀਆਂ ਲਗਣ ਲਗੀਆਂ। ਮੈਂ ਕਲੀਆਂ ਦੇ ਲੇਖਕ ਬਾਰੇ ਸੋਚਣ ਲਗਿਆ ਤਾਂ ਉਸ ਦੇ ਲਿਖੇ ਕੁਝ ਹੋਰ ਗੀਤ ਵੀ ਸੁਣੇ। 'ਦੇਵ ਥਰੀਕੇ ਵਾਲਾ' ਕਲੀਆਂ ਨੂੰ ਲਿਖਣ ਵਾਲਾ ਮੈਨੂੰ ਹੋਰ ਗੀਤਕਾਰਾਂ ਤੋਂ ਅਲੱਗ ਲਗਿਆ। ਉਸ ਨੇ ਆਪਣੇ ਗੀਤ ਸਾਡੇ ਪ੍ਰਚਲਤ ਕਿੱਸਿਆਂ ਵਿਚੋਂ ਲਏ ਹਨ, ਭਾਵ ਕਿ ਕਿਸੇ ਕਿੱਸੇ ਦੀ ਕਹਾਣੀ ਵਿਚੋਂ ਉਹ ਪਲ ਫੜੇ ਹਨ ਜਿਸ ਨੂੰ ਕਿੱਸਾਕਾਰ ਚੰਗੀ ਤਰ੍ਹਾਂ ਬਿਆਨ ਨਹੀਂ ਸਕਿਆ। ਕਿਸੇ ਗੀਤ ਵਿਚ ਹੀਰ ਰਾਂਝੇ ਨੂੰ ਉਸ ਦੇ ਕਮਜ਼ੋਰ ਹੋਣ ਦੇ ਮੇਹਣੇ ਮਾਰ ਰਹੀ ਹੈ, ਕਿਸੇ ਗੀਤ ਵਿਚ ਉਹ ਮਿਰਜ਼ੇ ਸਾਹਿਬਾਂ ਵਿਚਲੀਆਂ ਚਿੱਠੀਆਂ ਦੀ ਗੱਲ ਕਰਦਾ ਉਹਨਾਂ ਦੀ ਕਹਾਣੀ ਨੂੰ ਨਵੇਂ ਅਰਥ ਦਿੰਦਾ ਹੈ। ਮੈਨੂੰ ਦੇਵ ਥਰੀਕੇ ਵਾਲਾ ਇਕ ਵੱਡਾ ਗੀਤਕਾਰ ਲਗਣ ਲਗ ਪਿਆ ਤੇ ਦਿਲ ਕਰਨ ਲਗਿਆ ਕਿ ਉਸ ਨੂੰ ਕਦੇ ਮਿਲਿਆ ਜਾਵੇ। ਪੰਜਾਬੀ ਦਾ ਕੋਈ ਲੇਖਕ ਲੰਡਨ ਵਿਚ ਆਵੇ ਤਾਂ ਉਹ ਆਪੇ ਹੀ ਮੈਨੂੰ ਲੱਭ ਲੈਂਦਾ ਹੈ ਜੇ ਕੋਈ ਆਕੜ ਦਿਖਾ ਰਿਹਾ ਹੋਵੇ ਤਾਂ ਮੈਂ ਆਪ ਉਹਦੇ ਤਕ ਪਹੁੰਚ ਕਰ ਲੈਂਦਾ ਹਾਂ। ਇਵੇਂ ਅਸੀਂ ਲੇਖਕ ਲੋਕ ਤਾਂ ਇਕ ਦੂਜੇ ਨੂੰ ਘੜੇ ਦੀਆਂ ਮੱਛੀਆਂ ਹੀ ਸਮਝਦੇ ਹਾਂ ਪਰ ਮੈਂ ਸੋਚਣ ਲਗਿਆ ਕਿ ਇਹ ਗੀਤਕਾਰ ਵੱਡੀ ਚੀਜ਼ ਹੋਣਗੇ ਕਿਉਂਕਿ ਸਾਡੇ ਤੋਂ ਇਕ ਦਮ ਉਲਟ ਇਹ ਕਲਮ ਨਾਲ ਰੋਟੀ ਕਮਾ ਰਹੇ ਹਨ। ਜੋ ਵੀ ਹੋਵੇ ਮੇਰਾ ਦਿਲ ਕਰਨ ਲਗਿਆ ਕਿ ਦੇਵ ਥਰੀਕੇ ਵਾਲੇ ਨੂੰ ਜ਼ਰੂਰ ਮਿਲਿਆ ਜਾਵੇ, ਇਥੇ ਆਏ ਨੂੰ ਜਾਂ ਫਿਰ ਇੰਡੀਆ ਗਿਆਂ। ਇਸ ਤੋਂ ਸਾਲ ਕੁ ਬਾਅਦ ਇਕ ਦਿਨ ਮੇਰੀ ਸੁਣੀ ਗਈ। ਮੈਨੂੰ ਪਤਾ ਚਲਿਆ ਕਿ ਉਹ ਲੰਡਨ ਆ ਰਿਹਾ ਹੈ। ਹੋਰ ਤੇ ਹੋਰ ਕਿਸੇ ਪ੍ਰਕਾਸ਼ਕ ਤੋਂ ਮੇਰੇ ਖਾਸ ਦੋਸਤ ਲਈ ਉਸ ਹੱਥ ਕੋਈ ਸੁਨੇਹਾ ਵੀ ਆ ਰਿਹਾ ਸੀ, ਭਾਵ ਕਿ ਮਿਲਣ ਦਾ ਰੱਬ ਨੇ ਸਬੱਬ ਬਣਾ ਦਿਤਾ ਸੀ। ਟੈਲੀਫੋਨ ਉਪਰ ਉਸ ਨਾਲ ਗੱਲ ਹੋਈ ਤਾਂ ਮੇਰੀ ਖੁਸ਼ੀ ਦਾ ਕੋਈ ਅੰਤ ਨਹੀਂ ਰਿਹਾ ਜਦ ਮੈਨੂੰ ਇਹ ਪਤਾ ਚਲਿਆ ਕਿ ਉਹ ਮੇਰੇ ਨਾਵਲਾਂ ਦਾ ਪਾਠਕ ਹੈ। ਉਸ ਨੇ ਮੇਰੇ ਨਾਵਲ 'ਸਾਊਥਾਲ' ਦੀ ਪ੍ਰਭੂਰ ਪ੍ਰਸੰਸਾ ਕੀਤੀ ਤੇ ਮੇਰੀ ਨਵੀਂ ਕਿਤਾਬ 'ਪੱਚਾਸੀ ਵਰ੍ਹਿਆਂ ਦਾ ਜਸ਼ਨ' ਦੀ ਵੀ। ਉਸ ਨੇ ਦੱਸਿਆ ਕਿ ਉਸ ਦਾ ਘਰ ਇਕ ਪ੍ਰਕਾਸ਼ਕ ਦੇ ਘਰ ਦੇ ਨਾਲ ਹੀ ਹੈ ਤੇ ਓਥੋਂ ਉੁਸ ਨੂੰ ਹਰ ਨਵੀਂ ਛਪੀ ਵਧੀਆ ਕਿਤਾਬ ਪੜ੍ਹਨ ਲਈ ਮਿਲ ਜਾਂਦੀ ਹੈ। ਉਹ ਵੀ ਮੈਨੂੰ ਮਿਲਣ ਲਈ ਉਤਾਵਲਾ ਸੀ। ਹੁਣ ਤੁਸੀਂ ਕਹੋਂਗੇ ਕਿ ਉਹ ਵੀ ਉਤਾਵਲਾ ਤੇ ਮੈਂ ਵੀ, ਫਿਰ ਬਾਕੀ ਕੀ ਰਹਿ ਗਿਆ। ਫਿਰ ਇਸ ਸਾਰੀ ਗੱਲਬਾਤ ਵਿਚ ਕਹਾਣੀ ਵਾਲੀ ਕੋਈ ਘੁੰਡੀ ਤਾਂ ਹੈ ਹੀ ਨਹੀਂ। ਨਹੀਂ ਸਾਹਿਬ, ਘੁੰਡੀ ਇਹ ਹੈ ਕਿ ਜਦ ਵੀ ਮੈਂ ਉਸ ਗੀਤਕਾਰ ਤਕ ਮਿਲਣ ਲਈ ਪਹੁੰਚ ਕਰਦਾ ਹਾਂ ਤਾਂ ਉਹ ਆਪਣੇ ਫੈਨਾਂ ਵਿਚ ਘਿਰਿਆ ਹੁੰਦਾ ਹੈ, ਕਦੇ ਕਿਸੇ ਫੈਨ ਦੇ ਘਰ ਤੇ ਕਦੇ ਕਿਸੇ ਪਾਰਟੀ ਵਿਚ। ਮੈਂ ਇਕ ਲੇਖਕ ਦੇ ਤੌਰ 'ਤੇ ਮਿਲਣਾ ਚਾਹੁੰਦਾ ਹਾਂ ਸ਼ਾਇਦ ਉਹ ਵੀ ਇਵੇਂ ਹੀ ਸੋਚਦਾ ਹੋਵੇ ਪਰ ਫੈਨਾਂ ਦੀ ਭੀੜ ਵਿਚ ਇਹ ਸੰਭਵ ਨਹੀਂ ਦਿਸਦਾ। ਕਈ ਦਿਨ ਲੰਘ ਗਏ ਹਨ ਮੁਲਾਕਾਤ ਦੀ ਹੁਣ ਉਮੀਦ ਘੱਟ ਦਿਸਦੀ ਹੈ। ਹੁਣ ਤਾਂ ਪਤਾ ਚਲਿਆ ਹੈ ਕਿ ਉਸ ਦੇ ਵਾਪਸ ਪਰਤਣ ਦੀ ਤਰੀਕ ਆ ਗਈ ਹੈ ਤੇ ਜਾਪਦਾ ਹੈ ਕਿ ਉਸ ਨੂੰ ਮਿਲਣ ਲਈ ਹਾਲੇ ਹੋਰ ਇੰਤਜ਼ਾਰ ਕਰਨਾ ਪਵੇਗਾ, ਕਿੰਨਾ? ਇਹ ਤਾਂ ਵਕਤ ਹੀ ਦੱਸੇਗਾ।

No comments:

Post a Comment