Sunday 18 April 2010

ਹੈਲੋ ਐਤਵਾਰ।

ਅਜ ਐਤਵਾਰ ਹੈ, ਛੁੱਟੀ ਦਾ ਦਿਨ, ਜਾਗਣ ਦੇ ਵਕਤ ਦੀ ਪ੍ਰਵਾਹ ਨਾ ਰੱਖਦਿਆਂ ਸਾਰੇ ਡਿਸਪਲਨ ਤੋੜਨ ਦਾ ਦਿਨ। ਹੋ ਸਕਦਾ ਹੈ ਕਿ ਅਚਾਨਕ ਕੋਈ ਮਹਿਮਾਨ ਆਕੇ ਤੁਹਾਡੀ ਇਸ ਮਸਤੀ ਵਿਚ ਖੱਲਲ ਪਾ ਦੇਵੇ, ਤੁਹਾਨੂੰ ਉਸ ਨਾਲ ਪੱਬ ਜਾਣਾ ਪਵੇ ਤੇ ਅੱਧਾ ਦਿਨ ਝੱਲਪੁਣੇ ਵਿਚ ਨਿਕਲ ਜਾਵੇ ਪਰ ਫਿਰ ਵੀ ਇਹ ਛੁੱਟੀ ਦਾ ਦਿਨ ਹੈ ਤੇ ਇਹਨਾਂ ਮੁਲਕਾਂ ਵਿਚ ਰਹਿੰਦਿਆਂ ਛੁੱਟੀ ਕਿਸੇ ਫੌਜੀ ਦੀ ਛੁੱਟੀ ਜਿੰਨੀ ਪਿਆਰੀ ਹੀ ਹੁੰਦੀ ਹੈ। ਇੰਗਲੈਂਡ ਦੀ ਫਿਜ਼ਾ ਵਿਚਲੀ ਠੰਡ ਕੁਝ ਘਟੀ ਹੈ ਪਰ ਅਸਮਾਨ ਵਿਚ ਛਾਈ ਆਈਸਲੈਂਡ ਦੇ ਲਾਵੇ ਦੀ ਧੂੜ ਨੇ ਜ਼ਿੰਦਗੀ ਨੂੰ ਹਾਲਟ ਕਰ ਰੱਖਿਆ ਹੈ। ਕਿੰਨੇ ਦਿਨ ਹੋ ਗਏ ਹਨ ਜਹਾਜ਼ਾਂ ਨੂੰ ਰੁਕਿਆਂ। ਏਧਰ ਦੀਆਂ ਸਵਾਰੀਆਂ ਏਧਰ ਤੇ ਓਧਰ ਦੀਆਂ ਸਵਾਰੀਆਂ ਓਧਰ। ਅਰਬਾਂ ਪੌਂਡਾਂ ਦਾ ਨੁਕਸਾਨ ਹਰ ਰੋਜ਼ ਹੋ ਰਿਹਾ ਹੈ। ਜਹਾਜ਼ ਉਡਾਉਣੇ ਖਤਰਨਾਕ ਹਨ। ਅਜਿਹੇ ਸਮੇਂ ਪਹਿਲਾਂ ਕਈ ਜਹਾਜ਼ਾਂ ਦੇ ਐਕਸੀਡੈਂਟ ਹੋ ਚੁੱਕੇ ਹਨ। ਹੋਰ ਰਿਸਕ ਨਹੀਂ ਲਿਆ ਜਾ ਸਕਦਾ। ਇਸ ਸਮੱਸਿਆ ਦਾ ਹੱਲ ਲੱਭਣ ਵਿਚ ਸਰਕਾਰ ਫੇ੍ਹਲ ਹੋ ਰਹੀ ਹੈ। ਵੈਸੇ ਸਰਕਾਰ ਬਹੁਤਾ ਕੁਝ ਕਰ ਵੀ ਨਹੀਂ ਸਕਦੀ। ਸਰਕਾਰ ਕੋਲ ਇਸ ਸਮੱਸਿਆ ਬਾਰੇ ਸੋਚਣ ਦਾ ਵਕਤ ਵੀ ਨਹੀਂ ਹੈ। ਦੇਸ਼ ਵਿਚ ਇਸ ਵੇਲੇ ਚੋਣਾਂ ਦਾ ਜ਼ੋਰ ਹੈ। ਦੋਵੇਂ ਹੀ ਨਹੀਂ ਤਿੰਨੋਂ ਪਾਰਟੀਆਂ ਨੇ ਆਪਣੀ ਪੂਰੀ ਸਮੱਰਥਾ ਚੋਣਾਂ ਵਿਚ ਝੋਕੀ ਹੋਈ ਹੈ। ਸੋ ਚੋਣਾਂ ਦੀ ਗਹਿਮੋ-ਗਹਿਮੀ ਵਿਚ ਜਹਾਜ਼ਾਂ ਦੇ ਨਾ ਉਡ ਸਕਣ ਵਾਲੀ ਮੁਸ਼ਕਲ ਕਿਤੇ ਦੂਰ ਹੇਠਾਂ ਦੱਬੀ ਜਾ ਰਹੀ ਹੈ। ਚੋਣਾਂ ਦੇ ਨਾਲ ਨਾਲ ਪੰਜਾਬੀ ਸਾਹਿਤਕ ਹਲਕਿਆਂ ਵਿਚ ਵੀ ਹਿਲ-ਜੁਲ ਹੋ ਰਹੀ ਹੈ। ਗਰਮੀਆਂ ਆਈਆਂ ਨਹੀਂ ਤੇ ਇੰਗਲੈਂਡ ਦੀਆਂ ਲੇਖਕ ਸਭਾਵਾਂ ਨੇ ਆਪਣੇ ਪਰ ਤੋਲਣੇ ਸ਼ੁਰੂ ਕੀਤੇ ਨਹੀਂ। ਕਈ ਸ਼ਹਿਰਾਂ ਵਿਚ ਅਜਿਹੀਆਂ ਸਾਹਿਤਕ ਸਭਾਵਾਂ ਹਨ ਬਲਕਿ ਦੋ ਜਾਂ ਇਸ ਤੋਂ ਵੱਧ ਵੀ ਹਨ, ਗਰਮੀਆਂ ਵਿਚ ਇਹ ਸਮਾਗਮ ਰਚਾਉਣ ਦੇ ਬਹਾਨੇ ਲੱਭਣ ਲਗਦੀਆਂ ਹਨ। ਪੰਜਾਬੀ ਲੇਖਕਾਂ ਦੇ ਇਕ ਦੂਜੇ ਨੂੰ ਫੋਨ ਖੜਕਣੇ ਸ਼ੁਰੂ ਹੋ ਚੁੱਕੇ ਹਨ। ਐਤਕੀਂ ਪਹਿਲਾ ਸਮਾਗਮ ਸਾਊਥਾਲ ਦੀ ਇਕ ਸਭਾ ਅੱਠ ਮਈ ਨੂੰ ਕਰਾ ਰਹੀ ਹੈ ਜਿਸ ਵਿਚ ਮੇਰੀ ਨਵੀਂ ਕਿਤਾਬ'ਪੱਚਾਸੀ ਵਰਿ੍ਆਂ ਦਾ ਜਸ਼ਨ' ਉੁਪਰ ਪਰਚਾ ਵੀ ਪੜਿਆ ਜਾ ਰਿਹਾ ਹੈ। ਮੈਨੂੰ ਇਹ ਗੱਲ ਖੁਸ਼ੀ ਦੇ ਰਹੀ ਹੈ ਕਿ ਮੇਰੀ ਇਸ ਕਿਤਾਬ ਦੀ ਗੱਲ ਵਾਹਵਾ ਤੁਰ ਪਈ ਹੈ। ਸਾਡੀ ਸਭਾ 'ਅਦਾਰਾ ਸ਼ਬਦ' ਵੀ ਜੁਲਾਈ ਵਿਚ ਇਕ ਫੰਕਸ਼ਨ ਕਰਾਵਾਵੇਗੀ। ਜੁਲਾਈ ਦੇ ਪਹਿਲੇ ਜਾਂ ਤੀਜੇ ਹਫਤੇ। ਤਰੀਕ ਬਾਰੇ ਫੈਸਲਾ ਹੋਣਾਂ ਹੈ। ਸਭਾ ਦੇ ਏਜੰਡੇ ਬਾਰੇ ਵੀ ਹਾਲੇ ਕੁਝ ਤੈਅ ਨਹੀਂ ਹੋਇਆ, ਹਾਂ ਸਮਾਗਮ ਹੋਣਾ ਤੈਅ ਹੈ। ਜੁਲਾਈ ਵਿਚ ਹੀ ਸਲੌਹ ਦੀ ਇਕ ਲਿਖਾਰੀ ਸਭਾ ਵੀ ਫੰਕਸ਼ਨ ਕਰਾ ਰਹੀ ਹੈ। ਇਵੇਂ ਹੀ ਜੂਨ ਵਿਚ ਇਕ ਪੁਰਾਣੇ ਕਾਮਰੇਡ ਕਿਸਮ ਦੇ ਲੇਖਕ ਵਲੋਂ ਪ੍ਰੋਗਰਾਮ ਕਰਵਾਉਣ ਦੀ ਖਬਰ ਮਿਲੀ ਹੈ। ਮੈਨੂੰ ਹੈਰਾਨੀ ਹੁੰਦੀ ਹੈ ਕਿ ਬਹੁਤ ਸਾਰੇ ਲੋਕ ਜਿਥੇ ਇਕ ਵਾਰੀ ਖੜ ਜਾਂਦੇ ਹਨ ਉਥੇ ਹੀ ਖੜੇ ਰਹਿੰਦੇ ਹਨ। ਉੁਹਨਾਂ ਨੂੰ ਬਾਕੀ ਦੀ ਸਾਰੀ ਦੁਨੀਆਂ ਵੀ ਖੜੀ ਨਜ਼ਰ ਆਉਂਦੀ ਹੈ। ਸਾਡੇ ਇਸ ਕਾਮਰੇਡ ਦੋਸਤ ਨੇ ਪਿੱਛੇ ਜਿਹੇ ਇਕ ਮੀਟਿੰਗ ਸੱਦ ਕੇ ਐਲਾਨ ਕੀਤਾ ਕਿ ਉਹ ਹਾਲੇ ਵੀ ਚਾਲੀ ਸਾਲ ਪਹਿਲਾਂ ਵਾਲੀ ਜਗਾਹ ਖੜਾ ਹੈ ਤੇ ਇਕੀਵੀਂ ਸਦੀ ਤੋਂ ਬਿਲਕੁਲ ਮੁਨਕਰ ਹੈ। ਉੁਸ ਦੀ ਖੜੋਤ ਉਸ ਨੂੰ ਮੁਬਾਰਕ। ਨਹੀਂ ਤਾਂ ਨਵੀਂ ਟੈਕਨੌਲੌਜੀ ਇਕ ਖੂਬਸੂਰਤ ਔਰਤ ਵਾਂਗ ਹੈ ਜੋ ਕਿ ਆਪਣੀਆਂ ਅਦਾਵਾਂ ਨਾਲ ਤੁਹਾਨੂੰ ਨਸ਼ਈ ਕਰਕੇ ਜਾਂ ਮੁਗਧ ਕਰਦੀ ਆਪਣੇ ਮਗਰ ਲਾਈ ਫਿਰਦੀ ਹੈ, ਨਹੀਂ ਤਾਂ ਪੁੱਛ ਕੇ ਦੇਖੋ ਫੇਸਬੁੱਕ ਤੇ ਜੁੜੀਆਂ ਅਨੇਕਾਂ ਅੱਖੀਆਂ ਤੋਂ।
ਜਦੋਂ ਦਾ ਇਹ ਫੇਸਬੁੱਕ ਵਾਲਾ ਡਰਾਮਾ ਸ਼ੁਰੂ ਹੋਇਆ ਹੈ ਤਾਂ ਮਹੌਲ ਵਿਚ ਸ਼ੋਰ ਬਹੁਤ ਵਧ ਗਿਆ ਹੈ। ਨਿਤ ਨਵੇਂ ਸ਼ੋਸ਼ੇ ਉੁੜ ਰਹੇ ਹਨ। ਹੁਣ ਆਹ ਸਰਤਾਜ ਵਾਲੀ ਗੱਲ ਨੇ ਅਜਿਹਾ ਤੂਲ ਫੜਿਆ ਕਿ ਲਕੜੀ ਗਲ਼ ਲਗ ਕੇ ਕਈ ਲੋਹੇ ਤੈਰਨ ਦੇ ਚੱਕਰ ਵਿਚ ਹਨ। ਕਿਸੇ ਨੇ ਸੱਚ ਕਿਹਾ ਹੈ ਕਿ ਅਸੀਂ ਪੰਜਾਬੀ ਲੋਕ ਕਿਸੇ ਨੂੰ ਉਪਰ ਚੜਦਾ ਦੇਖ ਕੇ ਪੌੜੀ ਖਿਚਣ ਬਾਰੇ ਸੋਚਣ ਲਗਦੇ ਹਾਂ। ਫੇਸਬੁੱਕ ਤੋਂ ਹੀ ਇਕ ਗੱਲ ਹੋਰ ਮਿਲੀ ਕਿ ਸਾਡਾ ਇਕ ਚੁਸਤ ਫਿਕਰੇਬਾਜ਼ੀ ਵਾਲਾ ਪਤਰਕਾਰ ਜੋ ਲੋਕਾਂ ਦੇ ਕੀੜੇ ਕੱਢਦਾ ਸਫਿਆਂ ਦੇ ਸਫੇ ਕਾਲ਼ੇ ਕਰ ਦਿੰਦਾ ਹੈ ਤੇ ਆਪਣੇ ਬਾਰੇ ਕਹੀ ਨਿੱਕੀ ਜਿਹੀ ਗੱਲ ਨਹੀਂ ਬਰਦਾਸ਼ਤ ਕਰ ਸਕਿਆ। ਜੋ ਵੀ ਹੈ ਮੈਨੂੰ ਤਾਂ ਇਹੋ ਗੱਲ ਹੀ ਬਹੁਤ ਵੱਡੀ ਲਗ ਰਹੀ ਹੈ ਕਿ ਅਸੀਂ ਪੰਜਾਬੀ ਨਵੇਂ ਗਲੋਬ ਦੇ ਹਾਣ ਦੇ ਹਾਂ।

2 comments:

  1. ਐਤਵਾਰ ਦੀ ਵਿਹਲ ਜਦੋਂ ਮੀਂਹਾਂ ਦੇ ਲੇਖੇ ਲੱਗ ਜਾਵੇ, ਤਾਂ ਕੁਦਰਤ ਨਾਲ ਗਿਲਾ ਰਹਿੰਦਾ ਹੈ | ਅੱਜ ਜਦੋਂ ਵਿਹਲ ਵੀ ਹੈ, ਬਾਹਰ ਧੁੱਪ ਵੀ ਕਰਾਰੀ ਹੈ..ਮਨ ਦਾ ਹਾਲ ਉਹੀ ਹੈ, ਆਲ਼ਸ ਤੇ ਸੁਸਤੀ ਵਾਲਾ | ਫੇਸਬੁੱਕ 'ਤੇ ਜੱਜ ਤੇ ਸਰਤਾਜ ਵਾਲਾ ਮਸਲਾ ''ਹੱਲ'' ਹੋਣ ਦੀ ਖ਼ਬਰ ਮਿਲੀ | ਸੋਚਿਆ ਕਿ ਜੇ ਹਿੰਦੁਸਤਾਨ-ਪਾਕਿਸਤਾਨ ਤੇ ਦੁਨੀਆ ਦੇ ਬਾਕੀ ਖਿੱਤਿਆਂ ਦੇ ਮਸਲੇ ਵੀ ਇਉਂ ਚੁਟਕੀ 'ਚ ਹੱਲ ਹੋ ਜਾਣ ਦੀ ਖ਼ਬਰ ਫੇਸਬੁੱਕ 'ਤੇ ਮਿਲ ਜਾਵੇ...ਫ਼ੇਸਬੁਕ ਦੇ ਵਰਕੇ ਉਲੱਦੇ, ਏਧਰੋਂ- ਓਧਰ | ਮਸਲਾ ਸਿਰਫ਼ ਮੁਆਫ਼ੀ ਮੰਗਣ ਦਾ ਈ ਹੈ..ਕਿਸਨੂੰ ਮੰਗਣੀ ਬਣਦੀ ਹੈ ਤੇ ਮੰਗੇ ਕੌਣ ?
    ਤੁਹਾਡੀ ਨਵੀਂ ਕਿਤਾਬ 'ਪਚਾਸੀ ਵਰਿਆਂ ਦਾ ਜਸ਼ਨ' ਦਾ 'ਈ' ਰੂਪ ਮੇਰੇ ਸਾਹਮਣੇ ਹੈ, ਅੱਜ ਸ਼ੁਰੂ ਕਰਨਾ ਹੈ.. ਡਾ. ਚੰਦਨ ਦੁਆਰਾ ਕੀਤੀ ਪੜਚੋਲ ਸਗੋਂ ਪਹਿਲਾਂ ਪੜ ਚੁੱਕਿਆ ਹਾਂ | ਅੱਠ ਮਈ ਨੂੰ ਹੋਰ ਕੁਝ ਟੀਕਾ-ਟਿੱਪਣੀਆਂ ਵੀ ਸਾਹਮਣੇ ਆਉਂਣ ਸ਼ਾਇਦ | ਜੇ ਕੋਈ ਆਲੋਚਨਾਤਮਿਕ ਗੱਲ ਸਾਹਮਣੇ ਨਾ ਵੀ ਆਈ ਤਾਂ ਕਿਤਾਬ ਛਪਣ ਦੀਆਂ ਵਧਾਈਆਂ ਦੇ ਤਾਂ ਢੇਰ ਲੱਗਣਗੇ ਹੀ | ਬਹਿਸ 'ਚ 'ਹਿੱਸਾ' ਲੈਣ ਵਾਲੇ ਮੇਰੇ ਵਰਗੇ ਸਭ ਏਹੋ ਕਹਿ ਕੇ ਆਪਣੀ ਕੁਰਸੀ 'ਤੇ ਆ ਬਹਿੰਦੇ ਹਨ ਕਿ ਕਿਤਾਬ ਪੜਨ ਦਾ ਤਾਂ ਹਾਲੇ ਸਮਾ ਨਹੀਂ ਲੱਗਾ, ਵਧਾਈ ਕਬੂਲ ਕਰੋ....| ਵੈਸੇ ਅਟਵਾਲ ਸਾਅਬ ਤੁਸੀਂ ਹਿੰਮਤੀ ਹੋ, ਸਗੋਂ ਬੇਹਦ ਹਿੰਮਤੀ...ਏਨਾ ਕੁਝ ਲਿਖਣਾ ਸੁਖਾਲ਼ਾ ਨਹੀਂ ਹੁੰਦਾ | ਮੈਂ ਸੋਚਦਾ ਰਹਿਣ ਦੇ ਬਾਵਜੂਦ ਆਪਣਾ ਇੱਕ ਅਦਦ ਬਲਾਗ ਵੀ ਨਹੀਂ ਬਣਾ ਸਕਿਆ | ਵੈਸੇ ਮੈਂ ਅੱਜ ਖ਼ੁਸ਼ ਹਾਂ ਕਿ ਅੱਜ ਮੈਂ ਦੋ ਪੈਰੇ ਲਿਖ ਦਿੱਤੇ |
    -ਰਾਜਿੰਦਰਜੀਤ

    ReplyDelete
  2. ਪਿਆਰੇ ਰਜਿੰਦਰਜੀਤ, ਚਲੋ ਕਿਸੇ ਨੇ ਤਾਂ ਮੇਰਾ ਬਲੌਗ ਪੜਿਆ ਤੇ ਕੁਝ ਲਿਖਿਆ। ਮੇਰਾ ਦਿਲ ਤਾਂ ਬਹੁਤ ਦੇਰ ਤੋਂ ਕਰਦਾ ਸੀ ਕਿ ਬਲੌਗ ਉਪਰ ਦਿਲ ਦੀਆਂ ਗੱਲਾਂ ਕੀਤੀਆਂ ਜਾਣ, ਕੋਈ ਪੜੇ ਜਾਂ ਨਾ ਪਰ ਮੇਰੀ ਤਸੱਲੀ ਤਾਂ ਰਹੇ। ਮੈਨੂੰ ਬਲੌਗ ਬਣਾਉਣ ਬਾਰੇ ਕੁਝ ਪਤਾ ਨਹੀਂ ਸੀ। ਵੈਸੇ ਅਸੀਂ 'ਸ਼ਬਦ' ਨੂੰ ਇੰਟਰਨੈੱਟ 'ਤੇ ਕਰਨ ਦੇ ਚੱਕਰ ਵਿਚ ਹਾਂ, ਇਸ ਵਾਸਤੇ ਮੈਂ ਖੁਰਮੀ ਦੀ ਮੱਦਦ ਮੰਗੀ ਸੀ ਪਰ ਉਸ ਨੇ ਬਲੌਗ ਦੀ ਗੱਲ ਤੋਰ ਲਈ। ਮੈਂ ਗੂਗਲ 'ਤੇ ਜਾ ਕੇ ਦੇਖਿਆ ਤਾਂ ਇਹ ਪੈਰ ਹੇਠ ਬਟੇਰਾ ਆਉਣ ਵਾਲੀ ਗੱਲ ਹੋ ਗਈ। ਬਲੌਗ ਬਣ ਗਿਆ। ਹੁਣ ਕਿਸੇ ਦਿਨ ਮੈਂ ਇਸ ਵਿਚ ਕੁਝ ਹੋਰ ਐਡ ਕਰਨ ਦੀ ਕੋਸ਼ਿਸ਼ ਕਰਾਂਗਾ। ਗੂਗਲ 'ਤੇ ਜਾ ਕੇ ਦੇਖ, ਇਹ ਸੌਖਾ ਕੰਮ ਹੀ ਹੈ।

    ReplyDelete