Thursday 19 August 2010

ਰੱਬ ਤੇ ਮਨੁੱਖ ਦਾ ਇਤਹਾਸ

ਜਿਹਨਾਂ ਦਿਨਾਂ ਵਿਚ ਲੰਡਨ ਦੀਆਂ ਬੱਸਾਂ ਉਪਰ ਲਿਖਿਆ ਹੁੰਦਾ ਸੀ ਕਿ ਰੱਬ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ ਇਸ ਲਈ ਜੀਵਨ ਨੂੰ ਚੰਗੀ ਤਰ੍ਹਾਂ ਮਾਣੋ, ਇਸ ਗੱਲ ਨੂੰ ਲੈ ਕੇ ਕਈ ਤਰ੍ਹਾਂ ਦੇ ਚਰਚੇ ਛਿੜ ਖੜੇ ਹੋਏ। ਚਰਚਾਂ ਵਾਲੇ ਤੇ ਹੋਰ ਧਾਰਮਿਕ ਅਦਾਰੇ ਇਸ ਬਾਰੇ ਇਤਰਾਜ਼ ਵੀ ਕਰਨ ਲਗ ਪਏ ਕਿ ਅਜਿਹੀ ਐਡ ਬੱਸਾਂ 'ਤੇ ਨਹੀਂ ਹੋਣੀ ਚਾਹੀਦੀ। ਨਾਸਿਤਕ ਕਹਿ ਰਹੇ ਸਨ ਕਿ ਜੇ ਤੁਸੀਂ ਆਪਣੀਆਂ ਐਡ ਕਿਤੇ ਵੀ ਲਵਾ ਸਕਦੇ ਹੋ ਤਾਂ ਅਸੀਂ ਕਿਉਂ ਨਹੀਂ। ਅਜ਼ਾਦ ਮੁਲਕ ਹੈ। ਨਾਸਿਤਕਾਂ ਦੀ ਨਵੀਂ ਬਣੀ ਸੰਸਥਾ ਲਈ ਕਰੋੜਾਂ ਰੁਪਏ ਵੀ ਇਕੱਠੇ ਹੋ ਗਏ ਜਿਸ ਤੋਂ ਪਤਾ ਚਲਦਾ ਹੈ ਕਿ ਨਾਸਤਿਕ ਲੋਕ ਕਿੱਡੀ ਵੱਡੀ ਗਿਣਤੀ ਵਿਚ ਹਨ। ਨਾਸਤਿਕ ਹੋਣ ਦੇ ਬਹੁਤ ਸਾਰੇ ਫਾਇਦੇ ਹਨ ਜਿਵੇਂ ਕਿ ਜੀਵਨ ਅਸਾਨ ਹੋ ਜਾਂਦਾ ਹੈ,
ਤੁਹਾਨੂੰ ਨੀਂਦ ਵਧੀਆ ਆਉਂਦੀ ਹੈ, ਬੁਰੇ ਸੁਫਨੇ ਤੰਗ ਨਹੀਂ ਕਰਦੇ। ਦੁਨੀਆਂ ਸਮਝਣੀ ਸੌਖੀ ਹੋ ਜਾਂਦੀ ਹੈ। ਮਸਲਿਆਂ ਦੇ ਹੱਲ ਸਹਿਜੇ ਲੱਭਣ ਲਗਦੇ ਹਨ ਤੇ ਹੋਰ ਵੀ ਬਹੁਤ ਸਾਰੇ ਅਣਗਿਣਤ ਫਾਇਦੇ। ਨਾਲ ਦੀ ਨਾਲ ਨਾਸਤਿਕ ਹੋਣ ਦੇ ਨੁਕਸਾਨ ਵੀ ਘੱਟ ਨਹੀਂ ਹਨ। ਜਿਹੜੇ ਨੁਕਸਾਨਾਂ ਦਾ ਮੈਨੂੰ ਸਾਹਮਣਾ ਕਰਨਾ ਪੈਂਦਾ ਹੈ ਮੈਨੂੰ ਕਈ ਵਾਰ ਅਜੀਬ ਜਿਹੀ ਸਥਿਤੀ ਵਿਚ ਪਾ ਜਾਂਦੇ ਹਨ ਜਿਵੇਂ ਕਿ ਧਾਰਮਿਕ ਸਥਾਨ 'ਤੇ ਜਾ ਕੇ ਮੱਥਾ ਨਾ ਟੇਕਣ ਕਰਕੇ ਕਈ ਸਿਆਣੇ ਮੈਨੂੰ ਬੁਰਾ ਭਲਾ ਵੀ ਕਹਿਣ ਲਗਦੇ ਹਨ। ਆਪਣੇ ਪਿਤਾ ਅਤੇ ਭਰਾ ਦੀਆਂ ਮੌਤਾਂ ਸਮੇਂ ਧਾਰਮਿਕ ਰਸਮਾਂ ਨੂੰ ਪੂਰੀ ਤਰਾਂ ਨਾ ਨਿਭਾਉਣ ਕਰਕੇ ਕਈ ਰਿਸ਼ਤੇਦਾਰਾਂ ਵਲੋਂ ਤਿਖੀ ਅਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ। ਹੋਰ ਵੀ ਸਮਾਜਕ ਰਸਮਾਂ ਵੇਲੇ ਮੇਰੇ ਰਿਸ਼ਤੇਦਾਰ ਮੇਰੇ ਵਿਰੋਧ ਵਿਚ ਖੜ ਜਾਂਦੇ ਹਨ ਤੇ ਕਈ ਵਾਰ ਮੈਂ ਇਕੱਲਾ ਰਹਿ ਜਾਂਦਾ ਹਾਂ। ਇਹ ਤਾਂ ਛੋਟੀਆਂ ਘਟਨਾਵਾਂ ਹਨ ਕੁਝ ਹੋਰ ਵੀ ਅਜਿਹਾ ਵਾਪਰਦਾ ਹੈ ਕਿ ਤੁਸੀਂ ਸੁਹਜ ਸਵਾਦ ਵਲੋਂ ਊਣੇ ਰਹਿ ਜਾਂਦੇ ਹੋ। ਹਾਲੇ ਕੱਲ ਹੀ ਮੇਰਾ ਇਕ ਪਾਕਿਸਤਾਨ ਦੋਸਤ ਅਲਾਮਾ ਇਕਬਾਲ ਦੀ ਬਾਬੇ ਨਾਨਕ ਬਾਰੇ ਲਿਖੀ ਨਜ਼ਮ ਪੜ੍ਹ ਕੇ ਸੁਣਾ ਰਿਹਾ ਸੀ। ਵੈਸੇ ਇਹ ਨਜ਼ਮ ਮੈਂ ਪਹਿਲਾ ਵੀ ਪੜ੍ਹੀ ਹੋਈ ਸੀ। ਉਹ ਨਜ਼ਮ ਪੜ੍ਹਦਾ ਹੋਇਆ ਆਪ ਹੀ ਦਾਦ ਵੀ ਦਿੰਦਾ ਜਾ ਰਿਹਾ ਸੀ। ਨਜ਼ਮ ਵਿਚ ਰੱਬ ਦਾ ਦਖਲ ਹੋਣ ਕਾਰਨ ਮੈਂ ਬੋਰ ਹੋ ਰਿਹਾ ਸਾਂ। ਨਜ਼ਮ ਪੜ੍ਹਨ ਤੋਂ ਬਾਅਦ ਪੁੱਛਣ ਲਗਿਆ ਕਿ ਕੀ ਮੈਨੂੰ ਅਲਾਮਾ ਇਕਬਾਲ ਦੀ ਸ਼ਾਇਰੀ ਚੰਗੀ ਨਹੀਂ ਲਗਦੀ। ਮੈਂ ਆਖਿਆ ਕਿ ਇਕਬਾਲ ਦੀ ਬਹੁਤੀ ਸ਼ਾਇਰੀ ਘੁੰਮ ਫਿਰ ਕੇ ਅੱਲਾ ਨਾਲ ਜਾ ਜੁੜਦੀ ਹੈ। ਮੇਰੇ ਦੋਸਤ ਨੂੰ ਮੇਰੀ ਇਹ ਗੱਲ ਸਮਝ ਨਾ ਪਈ ਪਰ ਦੋਸਤੀ ਵਿਗੜ ਜਾਣ ਡਰੋਂ ਮੈਂ ਸਮਝਾਉਣ ਦੀ ਕੋਸ਼ਿਸ਼ ਵੀ ਨਾ ਕੀਤੀ। ਇਹੋ ਗੱਲ ਧਾਰਮਿਕ ਗਰੰਥਾ ਬਾਰੇ ਹੁੰਦੀ ਹੈ। ਮੇਰੇ ਕੋਲ ਕੁਰਾਨ ਦਾ ਅੰਗਰੇਜ਼ੀ ਵਰਸ਼ਨ ਪਿਆ ਹੈ ਪਰ ਵਾਧੂ ਏਨਾ ਕੁਝ ਹੈ ਕਿ ਮੈਂ ਪੜ੍ਹ ਨਹੀਂ ਸਕਦਾ। ਇਹੋ ਗੱਲ ਗੁਰਬਾਣੀ ਬਾਰੇ ਹੈ। ਇਸੇ ਗੱਲ ਕਰਕੇ ਮੈਂ ਗੁਰਬਾਣੀ ਦੀ ਸਾਹਿਤਕਤਾ ਨਹੀਂ ਮਾਣ ਸਕਦਾ। ਹਰਿੰਦਰ ਸਿੰਘ ਮਹਿਬੂਬ ਦੀ ਕਵਿਤਾ ਨੂੰ ਸਾਹਿਤ ਅਕੈਡਮੀ ਵਾਲਿਆਂ ਇਨਾਮ ਦਿਤਾ ਸੀ ਪਰ ਮੈਨੂੰ ਇਹ ਬਹੁਤ ਹੀ ਫਜ਼ੂਲ ਕਵਿਤਾ ਜਾਪਦੀ ਰਹੀ ਹੈ। ਆਪਣੇ ਨਾਸਤਿਕ ਹੋਣ ਕਰਕੇ ਹੋਰ ਵੀ ਬਹੁਤ ਸਾਰੇ ਸਾਹਿਤ ਨੂੰ ਮਾਣ ਸਕਣ ਤੋਂ ਵਾਂਝਾ ਰਹਿ ਜਾਂਦਾ ਹਾਂ। ਕੁਝ ਦਿਨ ਹੋਏ ਇਕ ਧਾਰਮਿਕ ਜਥੇਬੰਦੀ ਨੇ ਮੇਰੇ ਤਕ ਸੀਰੀਅਲ ਲਿਖਣ ਲਈ ਪਹੁੰਚ ਕੀਤੀ। ਇਹ ਸੀਰੀਅਲ ਖਾਲਿਸਤਾਨ ਬਾਰੇ ਬਣਾਇਆ ਜਾਣ ਦਾ ਵਿਚਾਰ ਹੈ। ਉਹਨਾਂ ਨੇ ਮੈਨੂੰ ਪੈਸੇ ਦੀ ਪੇਸ਼ਕਸ਼ ਵੀ ਕੀਤੀ। ਜ਼ਿੰਦਗੀ ਵਿਚ ਪਹਿਲੀ ਵਾਰ ਮੇਰੀ ਲਿਖਤ ਨੂੰ ਪੈਸੇ ਮਿਲਣ ਦੀ ਗੱਲ ਹੋ ਰਹੀ ਸੀ ਪਰ ਮੈਂ ਇਨਕਾਰ ਕਰ ਦਿਤਾ। ਪਹਿਲਾਂ ਤਾਂ ਮੈਂ ਖਾਲਿਸਤਾਨ ਨਾਲ ਹੀ ਸਹਿਮਤ ਨਹੀਂ। ਜੋ ਕੁਝ ਹੋਇਆ ਉਸ ਦੇ ਬਹੁਤ ਖਿਲਾਫ ਖੜਾ ਹਾਂ। ਸੀਰੀਅਲ ਬਣਾਉਣ ਵਾਲੇ ਆਪਣੇ ਸੀਰੀਅਲ ਵਿਚ ਖਾਲਿਸਤਾਨ ਲਹਿਰ ਦੇ ਚੰਗੇ-ਮੰਦੇ ਸਾਰੇ ਪੱਖਾਂ ਬਾਰੇ ਗੱਲ ਕਰਨੀ ਚਾਹੁੰਦੇ ਹਨ। ਫਿਰ ਇਸ ਦੇ ਹੋਰ ਭੈੜੇ ਪੱਖਾਂ ਦੇ ਨਾਲ ਨਾਲ ਇਸ ਦਾ ਧਾਰਮਿਕ ਪੱਖ ਵੀ ਹੈ। ਖੈਰ ਮੈਂ ਉਹਨਾਂ ਨੂੰ ਆਪਣੇ ਦੋਸਤ ਅਮਰੀਕ ਗਿੱਲ ਦਾ ਫੋਨ ਨੰਬਰ ਦੇ ਦਿਤਾ ਸੀ ਕਿਉਂਕਿ ਉਹ ਫਿਲਮੀ ਬੰਦਾ ਹੈ ਤੇ 'ਉਚਾ ਦਰ ਬਾਬੇ ਨਾਨਕ ਦਾ' ਵਰਗੀਆਂ ਫਿਲਮਾਂ ਦਾ ਲੇਖਕ ਵੀ।
ਆਪਣੇ ਨਾਸਤਿਕ ਹੋਣ ਦਾ ਇਕ ਹੋਰ ਨੁਕਸਾਨ ਮੈਂ ਕਾਫੀ ਦੇਰ ਉਠਾਉਂਦਾ ਰਿਹਾ ਹਾਂ ਜਿਸ ਨੂੰ ਮੈਂ ਹੋਣ ਸੋਧ ਲਿਆ ਹੈ ਪਰ ਨੁਕਸਾਨ ਤਾਂ ਹੋਇਆ ਹੀ ਹੈ। ਉਹ ਇਹ ਕਿ ਮੈਂ ਰਾਗੀਆਂ ਢਾਡੀਆਂ ਤੋਂ ਮਹਾਂਰਾਜਾ ਦਲੀਪ ਸਿੰਘ ਤੇ ਮਹਾਂਰਾਣੀ ਜਿੰਦਾਂ ਦੀਆਂ ਵਾਰਾਂ ਸੁਣੀਆਂ ਹੋਈਆਂ ਹਨ, ਨੁਕਸਾਨ ਇਹ ਕਿ ਮੈਂ ਉਹਨਾਂ ਨੂੰ ਵੀ ਧਾਰਮਿਕ ਲੋਕ ਹੀ ਸਮਝਦਾ ਰਿਹਾ ਤੇ ਪੰਜਾਬ ਦੇ ਇਸ ਇਤਹਾਸ ਨੂੰ ਗੰਭੀਰਤਾ ਨਾਲ ਲਿਆ ਹੀ ਨਹੀਂ। ਮਹਾਂਰਾਜਾ ਦਲੀਪ ਸਿੰਘ ਦਾ ਇਸ ਮੁਲਕ ਨਾਲ ਡੂੰਘਾ ਵਾਹ ਰਿਹਾ ਹੈ, ਮੈਂ ਉਸ ਪ੍ਰਤੀ ਗੰਭੀਰ ਨਹੀਂ ਹੋ ਸਕਿਆ। ਹੁਣ ਜਾ ਕੇ ਮੈਂ ਵਕਤ ਦੇ ਇਸ ਟੋਟਕੇ ਦਾ ਅਧਿਅਨ ਕਰਨ ਲਗਿਆ ਹਾਂ। ਸਾਰੇ ਸਿਖ ਇਤਹਾਸ ਨੂੰ ਦੁਬਾਰਾ ਪੜ੍ਹਨ ਦਾ ਪ੍ਰੋਗਰਾਮ ਬਣ ਰਿਹਾ ਹਾਂ। ਇਥੋਂ ਮੈਂ ਇਹ ਸਿਖਿਆ ਕਿ ਰੱਬ ਤੇ ਮਨੁੱਖ ਦਾ ਇਤਹਾਸ ਦੋ ਅਲੱਗ ਅਲੱਗ ਚੀਜ਼ਾਂ ਹਨ।

Saturday 7 August 2010

ਫੇਸ ਬੁੱਕ ਤੇ ਮੈਂ

ਟੈਕਨਲੌਜੀ ਦੀ ਦੀ ਤਰੱਕੀ ਦਾ ਫਾਇਦਾ ਸਾਰੇ ਲੋਕ ਲੈ ਰਹੇ ਹਨ ਤੇ ਲੇਖਕ ਕਿਉਂ ਨਾ ਲੈਣ। ਅਸੀਂ ਵੀ ਇਸ ਤਰੱਕੀ ਦਾ ਭਰਪੂਰ ਫਾਇਦਾ ਉਠਾਉਣ ਦੇ ਆਹਰ ਵਿਚ ਹਾਂ। ਜਿਸ ਲੇਖਕ ਨੂੰ ਵੀ ਇਸ ਦੀ ਸੂਹ ਪੈਂਦੀ ਹੈ ਇਕ ਦਮ ਭੱਜਾ ਆਉਂਦਾ ਹੈ ਤੇ ਫਿਰ ਜਲਦੀ ਤੋਂ ਜਲਦੀ ਦੋਸਤਾਂ ਦੀ ਗਿਣਤੀ ਵਧਾਉਣ ਲਗ ਪੈਂਦਾ ਹੈ। ਲੇਖਕਾਂ ਨੂੰ ਆਪੋ ਵਿਚ ਜੁੜਨ ਦਾ ਇਸ ਤੋਂ ਵਧੀਆ ਜ਼ਰੀਆ ਹੋਰ ਨਹੀਂ ਹੋ ਸਕਦਾ। ਜਦ ਵੀ ਫੇਸ ਬੁੱਕ ਤੇ ਜਾਈਏ ਅੱਠ ਦਸ ਲੇਖਕ ਤਾਂ ਹੁੰਦੇ ਹੀ ਹਨ, ਜਿੰਨੀਆਂ ਚਾਹੋ ਗੱਲਾਂ ਕਰ ਲਵੋ। ਪਰ ਦੇਖਣ ਵਿਚ ਆ ਰਿਹਾ ਹੈ ਕਿ ਲੇਖਕ ਗੱਲਬਾਤ ਕਰ ਸਕਣ ਦੀ ਸਹੂਲਤ ਦਾ ਬਹੁਤਾ ਫਾਇਦਾ ਨਹੀਂ ਉਠਾ ਰਹੇ। ਸ਼ਾਇਦ ਇਕ ਦੂਜੇ ਵਲੋਂ ਗੱਲ ਸ਼ੁਰੂ ਕਰਨ ਦੀ ਉਡੀਕ ਕਰਦੇ ਰਹਿੰਦੇ ਹਨ। ਕਈਆਂ ਨੂੰ ਮੈਂ ਇਹ ਕਹਿੰਦੇ ਵੀ ਸੁਣਿਆਂ ਹੈ ਕਿ ਫੇਸ ਬੁੱਕ ਤੇ ਜਾਂਦਿਆਂ ਉਹ ਡਰਦੇ ਰਹਿੰਦੇ ਹਨ ਕਿ ਕੋਈ ਚੈਟ ਹੀ ਨਾ ਕਰਨ ਲਗ ਪਵੇ। ਵੈਸੇ ਇਹ ਡਰ ਤਾਂ ਮੈਨੂੰ ਵੀ ਕਈ ਵਾਰ ਹੁੰਦਾ ਹੈ ਖਾਸ ਤੌਰ ਤੇ ਉਸ ਵਕਤ ਜਦੋਂ ਮੁਹਰਿਓਂ ਬਹੁਤੀ ਵਾਕਫੀ ਵਾਲਾ ਨਾ ਹੋਵੇ। ਵੈਸੇ ਵੀ ਮੈਨੂੰ ਚੈਟ ਕਰਨ ਵਿਚ ਝਿਜਕ ਮਹਿਸੂਸ ਹੁੰਦੀ ਰਹਿੰਦੀ ਹੈ। ਮੇਰੇ ਕੋਲ ਫੇਸ ਬੁੱਕ ਦੇ ਦੋ ਸਿਰਨਾਵੇਂ ਹਨ, ਇਕ ਮੇਰਾ ਆਪਣਾ ਤੇ ਇਕ 'ਅਦਾਰਾ ਸ਼ਬਦ' ਦਾ। ਮੈਂ ਦੋਨੋਂ ਹੀ ਖੋਹਲਦਾ ਰਹਿੰਦਾ ਹਾਂ। ਮੇਰੇ ਜਾਣੂੰਆਂ ਨੂੰ ਪਤਾ ਹੈ ਕਿ ਇਹ ਦੋਨੋਂ ਮੇਰੇ ਸਿਰਨਾਵੇਂ ਹੀ ਹਨ ਪਰ ਓਪਰੇ ਸ਼ਾਇਦ ਨਾ ਜਾਣਦੇ ਹੋਣ। ਪਾਕਿਸਤਾਨ ਤੋਂ ਕਿਸੇ ਨੇ ਮੈਨੂੰ ਹੈਲੋ ਮੈਡਮ ਕਹਿ ਕੇ ਚੈਟ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ। ਬਹੁਤੇ ਮਰਦ ਮੈਡਮਾਂ ਨਾਲ ਹੀ ਗੱਲ ਕਰਕੇ ਖੁਸ਼ ਹੁੰਦੇ ਹਨ। ਫੇਸ ਬੁੱਕ ਦੀਆਂ ਔਰਤ ਮੈਂਬਰਾਨ ਨੂੰ ਦੋਸਤੀਆਂ ਦੇ ਸੱਦੇ ਆਉਂਦੇ ਵੀ ਬਹੁਤ ਹਨ। ਮੈਂ ਫੇਸ ਬੁੱਕ ਤੇ ਕਿਸੇ ਬਹਿਸ ਵਿਚ ਹਿੱਸਾ ਲੈਣੋਂ ਬਚਦਾ ਰਹਿੰਦਾ ਹਾਂ। ਕਾਰਨ ਹੈ ਕਿ ਇਥੇ ਗੰਭੀਰ ਬਹਿਸ ਹੋ ਹੀ ਨਹੀਂ ਸਕਦੀ। ਵਣ ਵਣ ਦੀ ਲਕੜੀ ਇਕੱਠੀ ਹੋਣ ਕਰਕੇ ਮਤਭੇਦ ਬਹੁਤੇ ਹਨ। ਬਹਿਸ ਬਰਾਬਰ ਦੇ ਲੈਵਲ ਦੇ ਲੋਕਾਂ ਵਿਚ ਹੋ ਸਕਦੀ ਹੈ। ਮੇਰੇ ਵਰਗਾ ਨਾਸਤਕ ਜੇ ਕਿਸੇ ਧਾਰਮਿਕ ਵਿਅਕਤੀ ਨਾਲ ਬਹਿਸਣ ਲਗ ਪਵੇ ਤਾਂ ਇਸ ਵਿਚੋਂ ਨਮੋਸ਼ੀ ਬਿਨਾਂ ਕੁਝ ਨਹੀਂ ਨਿਕਲ ਸਕਦਾ। ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਫੇਸ ਬੁੱਕ 'ਤੇ ਚਲ ਰਹੇ ਡਰਾਮੇ ਨੂੰ ਮਜ਼ੇ ਨਾਲ ਢੋਅ ਲਾ ਕੇ ਦੇਖਾਂ। ਕਈ ਗੱਲਾਂ ਮਜ਼ੇਦਾਰ ਵੀ ਹਨ ਤੇ ਕਈ ਹਾਸੋ ਹੀਣੀਆਂ ਵੀ। ਕਈ ਗੁੱਸਾ ਵੀ ਦਵਾਂਦੀਆਂ ਹਨ ਤੇ ਕਈ ਹਸਾਂਦੀਆਂ ਵੀ ਹਨ। ਇਕ ਬੀਬੀ ਖਾਲਿਸਤਾਨ ਦੇ ਹੱਕ ਵਿਚ ਆਪਣੀ ਅੰਨੀ ਸ਼ਰਧਾ ਲੈ ਕੇ ਭੁਗਤਦੀ ਹੈ। ਟਰੰਟੋ ਦਾ ਲੇਖਕ ਸੁਖਿੰਦਰ ਆਪਣਾ ਮਨ ਆਪਣੇ ਢੰਗ ਨਾਲ ਹਲਕਾ ਕਰਦਾ ਹੈ। ਵਿਅੰਗ ਕਰਦਾ ਕਰਦਾ ਉਹ ਬਿਨਾਂ ਕਿਸੇ ਕਾਰਨ ਹੀ ਦੂਰ ਜਾ ਨਿਕਲਦਾ ਹੈ। ਇਵੇਂ ਹੀ ਪ੍ਰੇਮ ਮਾਨ ਦਾ ਆਪਣਾ ਸਕੂਲ ਹੈ, ਚੇਲਿਆਂ ਦਾ ਇਕ ਹਜ਼ੂਮ ਹੈ ਜੋ ਜੀ ਹਜ਼ੂਰੀ ਵਿਚ ਸਿਰ ਹਿਲਾਉਂਦਾ ਹੈ। ਪ੍ਰੇਮ ਮਾਨ ਫੇਸ ਬੁੱਕ ਰਾਹੀਂ ਆਪਣੇ ਤਰੀਕੇ ਨਾਲ ਸਥਾਪਤ ਹੋ ਰਿਹਾ ਹੈ ਜੋ ਕਿ ਇਕ ਨਵੀਂ ਗੱਲ ਹੈ। ਇਸੇ ਤਰੀਕੇ ਨਾਲ ਹੀ ਬਾਬਾ ਬਖਸ਼ਿੰਦਰ ਵੀ ਪਹਿਲਾਂ ਨਾਲੋਂ ਜ਼ਰਾ ਖੁਲ੍ਹ ਕੇ ਲਾਈਮ ਲਾਈਟ ਵਿਚ ਆਇਆ ਹੈ। ਕੁਝ ਕਵੀਆਂ ਨੂੰ ਵੀ ਫੇਸ ਬੁੱਕ ਵਧਣ ਫੁੱਲਣ ਵਿਚ ਮੱਦਦ ਕਰ ਰਹੀ ਹੈ। ਕੁਝ ਨਵੇਂ ਕਵੀਆਂ ਦੀਆਂ ਬਹੁਤ ਹੀ ਖੂਬਸੂਰਤ ਨਜ਼ਮਾਂ ਪੜਨ ਨੂੰ ਮਿਲੀਆਂ ਹਨ। ਕੁਝ ਕਵੀ ਫੇਸ ਬੁੱਕ 'ਤੇ ਕਵਿਤਾ ਦੇ ਨਾਂ 'ਤੇ ਜ਼ਿਹਨੀ-ਅਯਾਸ਼ੀ ਵੀ ਕਰਦੇ ਰਹਿੰਦੇ ਹਨ। ਇਕ ਵਾਰ ਇਕ ਕਵੀ ਨੂੰ ਉਸ ਦੀ ਕਵਿਤਾ ਬਾਰੇ ਟਿੱਪਣੀ ਦਿੰਦਿਆਂ ਮੈਂ 'ਜ਼ਿਹਨੀ ਅਯਾਸ਼ੀ' ਦੇ ਅਰਥਾਂ ਵਾਲਾ ਅੰਗਰੇਜ਼ੀ ਦਾ ਸ਼ਬਦ ਵਰਤ ਦਿਤਾ ਤਾਂ ਉਹ ਮੇਰੇ ਨਾਲ ਔਖਾ ਹੋ ਗਿਆ। ਅਜਿਹੀ ਕਵਿਤਾ ਵਾਚਦਿਆਂ ਦੇਖਣ ਆਇਆ ਹੈ ਕਿ ਕੁਝ ਕੁ ਨਾਂ ਹਨ ਜੋ ਇਕ ਦੂਜੇ ਦੀ ਪਿੱਠ ਖੁਰਕਦੇ ਰਹਿੰਦੇ ਹਨ। ਪੰਜਾਬੀ ਵਿਚ ਹੀ ਨਹੀਂ ਹਿੰਦੀ ਦੇ ਕਵੀ ਵੀ ਇਸ ਬਿਮਾਰੀ ਦਾ ਸ਼ਿਕਾਰ ਹਨ। ਹਿੰਦੀ ਦੇ ਬਹੁਤ ਸਾਰੇ ਕਵੀ ਤਾਂ ਆਪਣੀਆਂ ਕਵਿਤਾਵਾਂ ਲੋਕਾਂ ਨੂੰ ਈਮੇਲ ਹੀ ਕਰ ਦਿੰਦੇ ਹਨ ਤੇ ਫਿਰ ਰਾਏ ਪੁੱਛਣ ਲਈ ਈਮੇਲ ਤੇ ਈਮੇਲ ਛੱਡੀ ਜਾਂਦੇ ਹਨ। ਮੈਂ ਤਾਂ ਅਜਿਹੀਆਂ ਈਮੇਲਾਂ ਨੂੰ ਚੁੱਕ ਕੇ ਸਪੈਮ ਦਾ ਰਾਹ ਦਿਖਾ ਦਿੰਦਾ ਹਾਂ। ਫੇਸ ਬੁੱਕ ਤੇ ਵੀ ਆਪਣੀ ਕੀਤੀ ਗੱਲ ਦਾ ਪੇਸ਼ ਕੀਤੇ ਵਿਚਾਰ ਜਾਂ ਕਵਿਤਾ ਬਾਰੇ ਕਈ ਲੋਕ ਬਹੁਤ ਰੋਅਬ ਨਾਲ ਹੁੰਘਾਰਾ ਮੰਗਦੇ ਹਨ ਨਹੀਂ ਤਾਂ ਅਗਲੇ ਨੂੰ ਦੋਸਤਾਂ ਵਿਚੋਂ ਡਿਲੀਟ ਕਰ ਦੇਣ ਦੀਆਂ ਧਮਕੀਆਂ ਦਿੰਦੇ ਹਨ। ਕੀ ਲੋਕਾਂ ਨੇ ਕਈ ਕਈ ਸੌ ਦੋਸਤ ਬਣਾਏ ਹੋਏ ਹਨ ਭਾਵੇਂ ਉਹਨਾਂ ਵਿਚੋਂ ਪੰਜਾਹਾਂ ਨੂੰ ਵੀ ਨਾ ਜਾਣਦੇ ਹੋਣ। ਪਹਿਲੇ ਦਿਨ ਤੋਂ ਹੀ ਮੇਰੀ ਕੋਸ਼ਿਸ਼ ਰਹੀ ਹੈ ਕਿ ਉਸ ਵਿਅਕਤੀ ਨੂੰ ਹੀ ਦੋਸਤ ਦੇ ਤੌਰ ਤੇ ਸ਼ਾਮਲ ਕਰਾਂ ਜਿਸ ਨੂੰ ਮੈਂ ਜਾਣਦਾ ਹੋਵਾਂ ਜਾਂ ਜਿਸ ਦੀ ਸਖਸ਼ੀਅਤ ਮੇਰੇ ਲਈ ਦਿਲਚਸਪੀ ਵਾਲੀ ਹੋਵੇ। ਕਈ ਲੋਕ ਫੇਸ ਬੁੱਕ ਨੂੰ ਫਜ਼ੂਲ ਵੀ ਕਹਿੰਦੇ ਹਨ। ਟੈਲੀ 'ਤੇ ਇਸ ਦੇ ਖਿਲਾਫ ਵੀ ਕਈ ਪ੍ਰੋਗਰਾਮ ਦਿਖਾਏ ਗਏ ਹਨ। ਹੋਰ ਵੀ ਕਈ ਲੋਕ ਇਸ ਦਾ ਵਿਰੋਧ ਕਰ ਰਹੇ ਹਨ। ਕੁਝ ਵੀ ਹੋਵੇ ਮੈਨੂੰ ਫੇਸ ਬੁੱਕ ਬੁਰੀ ਜਗਾਹ ਨਹੀਂ ਲਗਦੀ। ਮੈਂ ਅਕਸਰ ਫੇਰਾ ਪਾਉਂਦਾ ਰਹਿੰਦਾ ਹਾਂ। ਦੋਸਤਾਂ ਬਾਰੇ ਇਥੋਂ ਮਿਲੀ ਜਾਣਕਾਰੀ ਹਾਸਲ ਕਰਦਾ ਰਹਿੰਦਾ ਹਾਂ, ਹਾਂ ਇਹ ਗੱਲ ਵਖਰੀ ਹੈ ਕਿ ਕੁਮਿੰਟ ਬਹੁਤ ਘੱਟ ਦਿੰਦਾ ਹਾਂ। ਜਦ ਕੋਈ ਕੁਮਿੰਟ ਦੇਣ ਵਾਲੀ ਗੱਲ ਹੀ ਨਾ ਹੋਵੇ ਤਾਂ ਬੰਦਾ ਕੀ ਬੋਲੇ। ਜਿਹੜੇ ਜਬਰਦਸਤੀ ਤੁਹਾਨੂੰ ਕੁਮਿੰਟ ਦੇਣ ਲਈ ਕਹਿੰਦੇ ਹਨ ਉਹਨਾਂ ਲਈ ਹੀ ਤਾਂ ਮੈਂ ਇਕ ਵਾਰ ਲਿਖਿਆ ਸੀ ਕਿ ਰਾਏ ਨਾ ਦੇਣਾ ਵੀ ਇਕ ਰਾਏ ਹੀ ਹੁੰਦੀ ਹੈ। ਜਿਹੜੇ ਦੋਸਤ ਸੋਚ ਰਹੇ ਹਨ ਕਿ ਮੈਂ ਫੇਸ ਬੁੱਕ ਤੇ ਨਹੀਂ ਜਾਂਦਾ ਉਹਨਾਂ ਨੂੰ ਦਸ ਦੇਵਾਂ ਕਿ ਮੈਂ ਇਧਰ ਓਧਰ ਹੀ ਹੁੰਦਾ ਹਾਂ ਤੁਹਾਨੂੰ ਵੌਚ ਕਰਦਾ।