Thursday 20 May 2010

ਪਿਛੇ ਜਿਹੇ ਮੈਂ ਐਮ. ਏ. ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਮੁਖਾਤਿਬ ਸਾਂ ਜਿਹਨਾਂ ਦੇ ਕੋਰਸ ਵਿਚ ਮੇਰਾ ਨਾਵਲ 'ਰੇਤ' ਲਗਿਆ ਹੋਇਆ ਸੀ। ਨਾਵਲ ਬਾਰੇ ਸਵਾਲ ਕਰਦਿਆਂ ਅਚਾਨਕ ਇਕ ਵਿਦਿਆਰਥੀ ਨੇ ਪੁੱਛਿਆ ਕਿ ਮੈਨੂੰ ਅਗਲਾ ਇਨਾਮ ਕਦੋਂ ਮਿਲੇਗਾ। ਉਸ ਦਾ ਸਵਾਲ ਸੁਣ ਕੇ ਮੈਂ ਸੋਚਣ ਲਗਿਆ ਕਿ ਮੈਨੂੰ ਤਾਂ ਕੋਈ ਵੀ ਇਨਾਮ ਨਹੀਂ ਮਿਲਿਆ ਤੇ ਇਹ ਨੌਜਵਾਨ ਅਗਲੇ ਇਨਾਮ ਦੀ ਗੱਲ ਕਰ ਰਿਹਾ ਹੈ। ਮੈਨੂੰ ਜੋ ਜਵਾਬ ਕਾਹਲੀ ਵਿਚ ਸੁਝਿਆ ਉਸ ਅਨੁਸਾਰ ਮੈਂ ਕਿਹਾ ਕਿ ਪੰਜਾਬੀ ਸਾਹਿਤ ਵਿਚ ਇਨਾਮਾਂ ਦੀ ਇਕ ਖਾਸ ਭਾਸ਼ਾ ਹੁੰਦੀ ਹੈ ਜੋ ਮੈਨੂੰ ਨਹੀਂ ਆਉਂਦੀ। ਜਵਾਬ ਸੁਣ ਕੇ ਉਹ ਵਿਦਿਆਰਥੀ ਖੁਸ਼ ਹੋਇਆ ਜਾਂ ਨਹੀਂ ਪਰ ਮੈਨੂੰ ਇਸ ਜਵਾਬ ਨਾਲ ਬਹੁਤ ਤਸੱਲੀ ਹੋਈ। ਇਸ ਸਵਾਲ ਦਾ ਮੇਰੇ ਕੋਲ ਇਸ ਤੋਂ ਵਧੀਆ ਉੱਤਰ ਹੈ ਹੀ ਨਹੀਂ ਸੀ। ਪੰਜਾਬੀ ਸਾਹਿਤ ਵਿਚ ਇਨਾਮ ਕਿਵੇਂ ਮਿਲਦੇ ਹਨ ਜਾਂ ਕਿਵੇਂ ਬੋਚੇ ਜਾਂਦੇ ਹਨ ਇਹ ਤਾਂ ਬਹੁਤ ਸਾਰੇ ਲੋਕ ਜਾਣਦੇ ਹੋਣਗੇ, ਸੁਖਪਾਲਵੀਰ ਹਸਰਤ ਤੇ ਵਿਸ਼ਵਾ ਨਾਥ ਤਿਵਾੜੀ ਦੀ ਕਹਾਣੀ ਪੁਰਾਣੀ ਹੋ ਕੇ ਵੀ ਨਵੀਂ ਹੈ। ਇਨਾਮ ਦੇਣ ਵਾਲਿਆਂ ਨਾਲ ਕਿਹੜੀ ਭਾਸ਼ਾ ਵਿਚ ਗੱਲ ਕੀਤੀ ਜਾਂਦੀ ਹੈ ਇਹ ਕਿਸੇ ਕਿਸੇ ਨੂੰ ਹੀ ਆਉਂਦੀ ਹੈ, ਘੱਟੋ ਘੱਟ ਮੈਨੂੰ ਤਾਂ ਬਿਲਕੁਲ ਨਹੀਂ ਆਉਂਦੀ। ਪੰਜਾਬੀ ਸਾਹਿਤ ਦੀ ਇਨਾਮਾਂ ਦੀ ਭਾਸ਼ਾ ਨਾ ਸਮਝ ਸਕਣ ਦੀ ਇਹ ਸਥਿਤੀ ਬਹੁਤ ਪੁਰਾਣੀ ਹੈ ਅੰਮ੍ਰਿਤਾ ਵੇਲੇ ਦੀ ਜਦੋਂ ਉਸ ਨੇ ਆਪਣੇ ਹੱਕ ਵਿਚ ਵੋਟ ਪਾ ਲਈ ਸੀ ਤੇ ਕਈ ਹੋਰ ਦੇਖਦੇ ਰਹਿ ਗਏ ਸਨ। ਇਹ ਹਾਲੇ ਕੱਲ ਦੀ ਗੱਲ ਹੈ ਕਿ ਦਲੀਪ ਕੋਰ ਟਿਵਾਣਾ ਤੇ ਕੰਵਲ ਨੇ ਆਪਣੇ ਆਪ ਨੂੰ ਇਨਾਮ ਦੇ ਲਿਆ ਤੇ ਨਾਲ ਹੀ ਹੋਰਨਾਂ ਨੇ ਆਪਣੇ ਪਤੀਆਂ ਨੂੰ, ਆਪਣੀਆਂ ਮਹਿਬੂਬਵਾਂ ਨੂੰ ਜਾਂ ਆਪਣੇ ਚਹੇਤਿਆਂ ਨੂੰ ਜਾਂ ਆਪਣੇ ਅਮਰੀਕਾ-ਇੰਗਲੈਂਡ ਦੇ ਟਿਕਟ-ਦੇਵਤਾਵਾਂ ਨੂੰ ਇਨਾਮ ਦਵਾਏ ਤੇ ਇਨਾਮ ਦਵਾਉਣ ਲਈ ਮੀਟਿੰਗਾਂ ਵਿਚ ਚੀਕ-ਚਹਾੜਾ ਪਾਇਆ-ਪੁਆਇਆ। ਇਹਨਾਂ ਇਨਾਮਾਂ ਦੀਆਂ ਕੁਝ ਕੁ ਪੈੜਾਂ ਨੂੰ ਨੱਪਣ ਦੀ ਕੋਸ਼ਿਸ਼ ਕਰੀਏ ਤਾਂ ਕੁਝ ਨੁਕਤੇ ਹੱਥ ਲਗਦੇ ਹਨ, ਜਿਵੇਂ ਕਿ ਕਿਸੇ ਉੁਮਰ ਪੁਗਾ ਚੁੱਕੀ ਲੇਖਕਾ ਨੂੰ ਇਹ ਇਨਾਮ ਨਹੀਂ ਮਿਲਦਾ। ਮਨਜੀਤ ਟਿਵਾਣਾ, ਅਜੀਤ ਕੋਰ ਵਰਗੀਆਂ ਖੁਸ਼ਕਿਸਮਤ ਸਨ ਕਿ ਸਮੇਂ ਸਿਰ ਖੱਟ ਗਈਆਂ। ਹੁਣ ਵੀ ਜੋ ਇਨਾਮ ਲੈਣ ਦੀ ਪੰਕਤੀ ਵਿਚ ਜਿਹੜੀਆਂ ਔਰਤਾਂ ਹਾਜ਼ਰ ਹਨ ਹਾਲੇ ਜਵਾਨੀ ਦੀ ਸਰਦਲ ਦੇ ਅੰਦਰ ਹਨ, ਮਿਲ ਗਿਆ ਤਾਂ ਮਿਲ ਗਿਆ ਨਹੀਂ ਤਾਂ ਅੱਲਾ ਬੇਲੀ। ਚੜੀ ਉਮਰ ਦੀ ਲੇਖਕਾ ਬਾਰੇ ਕੋਈ ਸੁਫਨਾ ਵੀ ਨਹੀਂ ਲੈ ਸਕਦਾ। ਇਕ ਹੋਰ ਨੁਕਤਾ ਹੱਥ ਆ ਰਿਹਾ ਹੈ ਕਿ ਲੁਧਿਆਣੇ ਦਾ ਇਕ ਸਰਕਾਰੀ ਅਫਸਰ ਜਿਸ ਦਾ ਕੰਮ ਇਨਾਮ ਤੋਂ ਬਹੁਤ ਉੁਰੇ ਦਾ ਹੈ, ਵੀ ਇਨਾਮ ਦੀ ਭਾਸ਼ਾ ਸਮਝ ਗਿਆ ਤੇ ਲੈ ਗਿਆ। ਸਰਕਾਰੀ ਅਫਸਰ ਹੋਣਾ ਹੀ ਇਸ ਭਾਸ਼ਾ ਦਾ ਮਾਹਰ ਬਣਾ ਦਿੰਦਾ ਹੈ ਪਰ ਉਸ ਨੇ ਇਸ ਇਨਾਮ ਦੇ ਖਿਲਾਫ ਕੁਝ ਕੁ ਲਿਖੀਆ ਸੀ ਹੋ ਸਕਦਾ ਹੈ ਕਿ ਇਨਾਮਾਂ ਦੇ ਦਾਊਦਾਂ ਨੂੰ ਕੋਈ ਫਿਕਰ ਪੈ ਗਿਆ ਹੋਵੇ ਕਿਉਂਕਿ ਸਰਕਾਰ ਦੀ ਵਕਾਲਤ ਕਰਨ ਵਾਲੇ ਬੋਲਾਂ ਨੂੰ ਅਣਸੁਣੇ ਕਰਨਾ ਮੁਸ਼ਕਲ ਹੁੰਦਾ ਹੈ। ਇਨਾਮ ਦੀ ਇਸ ਮੰਜ਼ਿਲ ਤਕ ਪੁੱਜਣ ਦਾ ਕੋਈ ਹੋਰ ਵੀ ਰਾਹ ਹੋ ਸਕਦਾ ਹੈ ਜਾਂ ਕੋਈ ਹੋਰ ਲੈਣ ਦੇਣ। ਕਵੀ ਦੇਵ ਵੀ ਇਹ ਭਾਸ਼ਾ ਖੂਬ ਜਾਣਦਾ ਹੈ ਨਹੀਂ ਤਾਂ ਪੈਤੀਂ ਚਾਲੀ ਸਾਲ ਤੋਂ ਵਿਦੇਸ਼ ਰਹਿੰਦੇ ਕਵੀ ਨੂੰ ਚੁੱਪ ਕਰਾਉਣ ਲਈ ਦੁਜੈਲੇ ਦਰਜੇ ਦਾ ਇਨਾਮ ਹੈ ਹੀ। ਇਥੇ ਇਕ ਕਹਾਣੀ ਸੁਣਾਉਣੀ ਢੁਕਵੀਂ ਰਹੇਗੀ ਕਿ ਇਕ ਵਾਰ ਦੀ ਗੱਲ ਹੈ ਕਿ ਸਵਰਨ ਚੰਦਨ ਨੇ ਇਹ ਇਨਾਮ ਲੁੱਟਣ ਲਈ ਦਿੱਲੀ 'ਤੇ ਚੜ੍ਹਾਈ ਕਰ ਲਈ, ਵੱਡ ਅਕਾਰੀ ਨਾਵਲ 'ਕੰਜਕਾਂ' ਵੀ ਲਿਖ ਲਿਆ, ਹੋਰ ਵੀ ਇਨਾਮਾਂ ਦੀ ਸਾਰੀ ਭਾਸ਼ਾ ਸਿਖ ਲਈ ਪਰ ਗੱਲ ਨਾ ਬਣੀ। ਕਾਰਨ ਇਹ ਕਿ ਪੇਂਡੂੰ ਬੰਦਾ ਸੀ ਗਾਲ਼ ਕੱਢਣੀ ਨਹੀਂ ਛੱਡ ਸਕਿਆ ਤੇ ਦੂਜੀ ਖੁਣਸ ਤੋਂ ਛੁਟਕਾਰਾ ਨਾ ਪਾ ਸਕਿਆ। ਖੁਣਸ ਤੇ ਗਾਲ਼ ਇਨਾਮਾਂ ਦੀ ਭਾਸ਼ਾ ਦਾ ਹਿੱਸਾ ਨਹੀਂ ਹਨ, ਜੀ-ਹਜ਼ੂਰੀ ਇਸ ਭਾਸ਼ਾ ਦੀ ਪਹਿਲੀ ਪੌੜੀ ਹੈ। ਕਾਸ਼ ਮੈਂ ਇਹ ਭਾਸ਼ਾ ਸਿਖ ਸਕਦਾ ਤੇ ਉਸ ਵਿਦਿਆਰਥੀ ਦੇ ਸਵਾਲ ਦਾ ਕੋਈ ਢੁਕਵਾਂ ਉੱਤਰ ਦੇ ਸਕਦਾ। ਪਰ, ਪਰ ਇਥੇ ਮੈਂ ਸੋਚਦਾ ਹਾਂ ਕਿ ਇਸ ਇਨਾਮ ਤੋਂ ਬਾਅਦ ਕੀ ਹੁੰਦਾ ਹੈ। ਸਵਾਲ ਹੈ ਕਿ ਕੀ ਭਾਊ ਵਰਿਆਮ ਸੰਧੂੰ ਇਨਾਮ ਤੋਂ ਬਾਅਦ ਕੋਈ ਵਧੀਆ ਕਹਾਣੀ ਲਿਖ ਸਕਿਆ, ਪ੍ਰੇਮ ਪ੍ਰਕਾਸ਼, ਮੋਹਨ ਭੰਡਾਰੀ, ਵਿਰਕ ਬਗੈਰਾ ਕੀ ਹੋਰ ਵੀ ਬਹੁਤ ਸਾਰੇ ਲੇਖਕ ਇਸ ਕੈਟਾਗਰੀ ਵਿਚ ਆਉਂਦੇ ਹਨ। ਦੋਸਤੋ, ਇਹ ਇਨਾਮ ਕੁਝ ਵੀ ਨਹੀਂ, ਵੱਡੀ ਗੱਲ ਹੈ ਲਿਖਦੇ ਰਹਿਣਾ, ਦਿਲ ਦੀ ਧੜਕਣ ਦਾ ਕਾਇਮ ਰਹਿਣਾ।

Tuesday 18 May 2010

ਲੇਖਕ ਦਾ ਸੇਵਾ ਫਲ

ਮੇਰੇ ਵਾਕਫ ਅੰਗਰੇਜ਼ ਲੋਕਾਂ ਨੂੰ ਜਦੋਂ ਪਤਾ ਚਲਦਾ ਹੈ ਕਿ ਮੈਂ ਲੇਖਕ ਹਾਂ ਤਾਂ ਉਹ ਸਮਝਦੇ ਹਨ ਕਿ ਮੈਂ ਬਹੁਤ ਅਮੀਰ ਹਾਂ। ਅੰਗਰੇਜ਼ੀ ਦੇ ਬਹੁਤੇ ਲੇਖਕ ਲਿਖਣ ਕਾਰਨ ਅਮੀਰ ਹੁੰਦੇ ਹਨ। ਪੰਜਾਬੀ ਦੇ ਵੀ ਬਹੁਤ ਸਾਰੇ ਲੇਖਕ ਅਮੀਰ ਤਾਂ ਹੋਣਗੇ ਪਰ ਉਹ ਕਿਸੇ ਹੋਰ ਕਾਰਨ ਅਮੀਰ ਹੋਣਗੇ, ਲੇਖਕ ਹੋਣ ਕਾਰਨ ਨਹੀਂ। ਪੰਜਾਬੀ ਵਿਚ ਲਿਖਣ ਵਿਚੋਂ ਕਮਾਈ ਬਹੁਤ ਹੀ ਘੱਟ ਲੇਖਕਾਂ ਦੇ ਹਿੱਸੇ ਆਈ ਹੈ। ਦਿੱਲੀ ਵਸਦੇ ਲੇਖਕ ਕਮਾ ਗਏ ਹੋ ਸਕਦੇ ਹਨ ਪਰ ਬਹੁਤਾ ਕੁਝ ਨਹੀਂ। ਹਾਂ ਕੁਝ ਲੇਖਕਾਂ ਨੂੰ ਲੇਖਕ ਹੋਣ ਕਰਕੇ ਕਿਸੇ ਹੋਰ ਢੰਗ ਨਾਲ ਕਮਾਈ ਕਰਨ ਦੇ ਮੌਕੇ ਮਿਲੇ ਹੋ ਸਕਦੇ ਹਨ। ਅਣਖੀ, ਗੁਰਦਿਆਲ ਸਿੰਘ, ਬਲਦੇਵ, ਕੰਵਲ ਵਰਗੇ ਲੇਖਕਾਂ ਨੂੰ ਕੁਝ ਕੁ ਸੇਵਾ ਫਲ ਮਿਲਿਆ ਹੋ ਸਕਦੇ ਹੈ ਪਰ ਜਿੰਨਾ ਕੁ ਮਿਲਦਾ ਹੈ ਮੇਰੇ ਪਬਲਿਸ਼ਰ ਦੋਸਤ ਦਸ ਦਿੰਦੇ ਹਨ, ਜਾਂ ਅੱਗੇ ਤੋਂ ਅੱਗੇ ਖਬਰ ਮਿਲ ਜਾਂਦੀ ਹੈ। ਇਹ ਆਟੇ ਵਿਚ ਲੂਣ ਬਰਾਬਰ ਹੀ ਹੁੰਦਾ ਹੈ। ਕਿਸੇ ਨੇ ਕਮੀਜ਼ ਸਮਾ ਲਈ, ਕਿਸੇ ਨੇ ਪਤਲੂਨ ਲੈ ਲਈ। ਹਾਂ, ਅਜਕਲ ਪੰਜਾਬ ਸਰਕਾਰ ਕੁਝ ਕੁ ਨੂੰ ਢਾਈ ਲੱਖੀਏ ਜਾਂ ਪੰਜ ਲੱਖੀਏ ਬਣਾ ਰਹੀ ਹੈ ਪਰ ਇਹ ਲੂੰਬੜ ਚਾਲਾਂ ਵਾਲੇ ਉਪਰੋ ਉਪਰ ਬੋਚ ਲੈਂਦੇ ਹਨ। ਬਹੁਤ ਸਾਰੇ ਵਧੀਆ ਲਿਖਣ ਵਾਲਿਆਂ ਨੂੰ ਬਾਈਪਾਸ ਕਰ ਦਿਤਾ ਜਾਂਦਾ ਹੈ। ਖੈਰ ਮੈਂ ਇਸ ਪਾਸੇ ਨਹੀਂ ਜਾਣਾ ਚਾਹੁੰਦਾ ਮੈਂ ਤਾਂ ਸੇਵਾ ਫਲ ਨੂੰ ਲੈ ਕੇ ਮੇਰੇ ਸਾਹਮਣੇ ਖੜਦੇ ਸਵਾਲਾਂ ਬਾਰੇ ਹੀ ਗੱਲ ਕਰਨੀ ਚਾਹੁੰਦਾ ਹਾਂ। ਮੇਰੇ ਪਿਤਾ ਨੂੰ ਮੇਰਾ ਲੇਖਕ ਹੋਣਾ ਚੰਗਾ ਲਗਦਾ ਸੀ ਪਰ ਉਹ ਅਕਸਰ ਕਹਿੰਦੇ ਕਿ ਜੇ ਮੈਂ ਏਨੀ ਮਿਹਨਤ ਆਪਣੀ ਪੜ੍ਹਾਈ ਲਈ ਭਾਵ ਵਕਾਲਤ ਦੀ ਪੜ੍ਹਾਈ ਕਰਦਾ ਤਾਂ ਹੁਣ ਤਕ ਕਿਤੇ ਦਾ ਕਿਤੇ ਪੁੱਜ ਗਿਆ ਹੁੰਦਾ। ਮੈਂ ਉਹਨਾਂ ਦੀ ਗੱਲ ਸੁਣ ਹੀ ਨਾ ਸਕਿਆ ਤੇ ਸਾਹਿਤ ਨਾਲ ਮੱਥਾ ਮਾਰਦਿਆਂ ਉਮਰ ਕੱਢ ਲਈ। ਮੇਰੇ ਕਰੀਬੀ ਲੋਕ ਜਾਣਦੇ ਹਨ ਕਿ ਸਾਹਿਤ ਨੇ ਮੇਰਾ ਬਹੁਤ ਨੁਕਸਾਨ ਕੀਤਾ ਹੈ। ਸਾਹਿਤ ਕਾਰਨ ਮੈਂ ਵਿਓਪਾਰੀ ਨਾ ਬਣ ਸਕਿਆ। ਮੇਰੇ ਨਾਲ ਦੇ ਲੋਕ ਬਹੁਤ ਤਰੱਕੀ ਕਰ ਗਏ ਹਨ ਪਰ ਮੈਂ ਹਾਲੇ ਓਥੇ ਕੁ ਹੀ ਖੜਾ ਹਾਂ ਜਿਥੋਂ ਇਸ ਮੁਲਕ ਵਿਚ ਆ ਕੇ ਜ਼ਿੰਦਗੀ ਸ਼ੁਰੂ ਕੀਤੀ ਸੀ। ਮੇਰੀ ਇਕ ਲੇਖਕਾ ਦੋਸਤ ਨੇ ਇਕ ਵਾਰ ਮੈਨੂੰ ਚਿਤਾਰਿਆ ਵੀ ਕਿ ਜਿਸ ਉਮਰ ਵਿਚ ਲੋਕ ਘਰਾਂ ਦੇ ਕਰਜ਼ੇ ਉਤਾਰੀ ਬੈਠੇ ਹਨ ਉਸ ਉਮਰ ਵਿਚ ਮੈਂ ਕਰਜ਼ਾ ਚੁੱਕਿਆ ਹੈ। ਮੈਂ ਕਦੇ ਵੀ ਆਪਣੇ ਵਿਓਪਾਰ ਵਲ ਪੂਰਾ ਧਿਆਨ ਨਹੀਂ ਸਾਂ ਦੇ ਸਕਿਆ, ਮੇਰਾ ਧਿਆਨ ਥਾਂ ਹਰ ਵੇਲੇ ਲਿਖਣ ਪੜ੍ਹਨ ਵਲ ਰਹਿੰਦਾ ਸੀ। ਦੁਕਾਨਦਾਰ ਲੋਕ ਗੱਲੇ 'ਤੇ ਬੈਠ ਕੇ ਹਿਸਾਬ ਕਰਿਆ ਕਰਦੇ ਹਨ ਪਰ ਮੈਂ ਕਿਤਾਬ ਪੜ੍ਹਦਾ ਹੁੰਦਾ ਜਾਂ ਲਿਖਦਾ ਹੁੰਦਾ। ਮੈਨੂੰ ਇਸ ਗੱਲ ਦਾ ਅਹਿਸਾਸ ਹੈ ਵੀ ਸੀ ਪਰ ਮੇਰੇ ਵੱਸ ਵਿਚ ਕੁਝ ਨਹੀਂ ਸੀ। ਇਕ ਵਾਰ ਅਜਿਹਾ ਹੋਇਆ ਕਿ ਮੈਂ ਚੇਤੰਨ ਤੌਰ ਤੇ ਸਾਹਿਤ ਦਾ ਖਹਿੜਾ ਛੱਡ ਦਿਤਾ। ਕੁਝ ਹਫਤੇ ਹੀ ਲੰਘੇ ਹੋਣਗੇ ਕਿ 'ਦੇਸ ਪਰਦੇਸ' ਦੇ ਸੰਪਾਦਕ ਤਰਸੇਮ ਪੁਰੇਵਾਲ ਦਾ ਫੋਨ ਆ ਗਿਆ ਕਿ ਉਸ ਨੂੰ ਕੋਈ ਕਹਾਣੀ ਲਿਖ ਕੇ ਦੇਵਾਂ। ਉਹ ਮੇਰਾ ਬਹੁਤ ਮਦਾਹ ਹੋਇਆ ਕਰਦਾ ਸੀ ਤੇ ਕਹਾਣੀ ਦਾ ਸਵਾਲ ਵੀ ਬਹੁਤ ਮੋਹ ਨਾਲ ਕਰਦਾ ਸੀ। ਮੈਂ ਲਿਖਣ ਤੋਂ ਹਊ-ਪਰੇ ਕਰਦਾ ਗਿਆ। ਪੁਰੇਵਾਲ ਨੇ ਮੈਨੂੰ ਘੱਟੋ ਘੱਟ ਇਕ ਦਰਜਨ ਫੋਨ ਕੀਤੇ ਹੋਣਗੇ। ਇਕ ਦਿਨ ਉਹ ਮੇਰੇ ਸਟੋਰ 'ਤੇ ਹੀ ਆ ਗਿਆ। ਤਰਸੇਮ ਪੁਰੇਵਾਲ ਦਾ ਵੱਡਾ ਨਾਂ ਸੀ। ਮੇਰੇ ਅੰਦਰਲਾ ਲੇਖਕ ਮੈਨੂੰ ਲਾਹਣਤਾਂ ਪਾਉਣ ਲਗਿਆ ਤੇ ਮੈਂ ਮੁੜ ਆਪਣਾ ਰਾਈਟਿੰਗ ਬੋਰਡ ਚੁੱਕ ਲਿਆ। ਪੁਰੇਵਾਲ ਦਾ ਇਹ ਖਾਸ ਤਰੀਕਾ ਸੀ ਕਿ ਜਿਹੜਾ ਲੇਖਕ ਉਸ ਨੂੰ ਜੱਚ ਜਾਵੇ ਉਸ ਤੋਂ ਉਹ ਜ਼ੋਰ ਨਾਲ ਲਿਖਵਾ ਲੈਂਦਾ ਸੀ। ਲਿਖਣਾ ਮੈਨੂੰ ਨਸ਼ਾ ਦਿੰਦਾ ਹੈ ਸੋ ਇਹ ਨਸ਼ਾ ਮੈਨੂੰ ਮੇਰੇ ਕਾਰੋਬਾਰ ਤੋਂ ਦੂਰ ਕਰਦਾ ਗਿਆ। ਨਤੀਜਾ ਕੀ ਹੋਇਆ ਦੋਸਤ ਜਾਣਦੇ ਹਨ। ਮੇਰੇ ਕਹਿਣ ਦਾ ਭਾਵ ਕਿ ਇਹ ਹੈ ਪੰਜਾਬੀ ਵਿਚ ਲਿਖਣ ਦਾ ਆਰਥਿਕ ਲਾਭ। ਖੈਰ ਇੰਨਾ ਗੁਆ ਕੇ ਵੀ ਮੈਂ ਬਹੁਤ ਕੁਝ ਪਾਇਆ ਹੈ। ਪੰਜਾਬ ਦੇ ਹਰ ਸ਼ਹਿਰ ਵਿਚ ਦੋਸਤ ਹਨ। ਪਾਠਕਾਂ ਵਲੋਂ ਅਜਿਹਾ ਹੁੰਘਾਰਾ ਮਿਲਦਾ ਹੈ ਕਿ ਰੂਹ ਸ਼ਰਾਸ਼ਰ ਹੋ ਜਾਂਦੀ ਹੈ। ਕਿਤਾਬ ਆਉਂਦੀ ਹੈ ਤਾਂ ਲੋਕਾਂ ਵਲੋਂ ਮਿਲਦੀਆਂ ਟਿੱਪਣੀਆਂ ਸੇਰ ਖੂਨ ਵਧਾ ਜਾਂਦੀਆਂ ਹਨ, ਲਗਦਾ ਹੈ ਕਿ ਵਾਕਿਆ ਹੀ ਕੋਈ ਸਾਰਥਕ ਕੰਮ ਕੀਤਾ ਹੈ। ਲੇਖਕ ਦੋਸਤਾਂ ਵਲੋਂ ਏਨਾ ਮੋਹ ਮਿਲਦਾ ਹੈ ਕਿ ਰਹੇ ਰੱਬ ਦਾ ਨਾਂ। ਕੰਵੈਂਟਰੀ, ਵਲਵੁਰਹੈਂਪਟਨ, ਵੈਨਕੋਵਰ, ਟਰੰਟੋ, ਵਰਗੇ ਸ਼ਹਿਰ ਮਿੱਤਰਾਂ ਦੇ ਹਨ ਤੇ ਇਹ ਮੈਨੂੰ ਲੰਡਨ ਵਾਂਗ ਆਪਣੇ ਹੀ ਜਾਪਦੇ ਹਨ, ਇਹ ਸਾਹਿਤ ਕਰਕੇ ਹੀ ਹਨ। ਬਹੁਤ ਸਾਰੀਆਂ ਘਟਨਾਵਾਂ ਵਿਚੋਂ ਇਕ ਘਟਨਾ ਸੇਵਾ ਫਲ ਵਜੋਂ ਸਾਂਝੀ ਕਰਨੀ ਚਾਹਾਂਗਾ ਕਿ ਮੇਰਾ ਦੋਸਤ ਜਿੰਦਰ ਜਦ ਲੰਡਨ ਦੇ ਹੀਥਰੋ ਏਅਰ ਪੋਰਟ 'ਤੇ ਉਤਰਿਆ ਤਾਂ ਇੰਮੀਗਰੇਸ਼ਨ ਵਾਲਿਆਂ ਨੇ ਕਿਸੇ ਗੱਲੋਂ ਰੋਕ ਲਿਆ। ਇਕ ਇੰਮੀਗਰੇਸ਼ਨ ਅਫਸਰ ਪੰਜਾਬੀ ਸੀ। ਉਸ ਨੇ ਪੁੱਛਿਆ ਕਿ ਕਿਸ ਕੋਲ ਠਹਿਰਨਾ ਹੈ ਤਾਂ ਜਿੰਦਰ ਨੇ ਮੇਰਾ ਨਾਂ ਲੈ ਦਿਤਾ। ਅਫਸਰ ਨੇ ਕਿਹਾ ਕਿ 'ਸਾਊਥਾਲ' {ਨਾਵਲ} ਵਾਲੇ ਹਰਜੀਤ ਅਟਵਾਲ ਕੋਲ। ਜਿੰਦਰ ਨੇ ਹਾਂ ਕਿਹਾ ਤਾਂ ਉਸ ਨੇ ਹੋਰ ਸਵਾਲ ਕੀਤੇ ਬਿਨਾਂ ਪਾਸ ਪੋਰਟ 'ਤੇ ਮੋਹਰ ਲਾ ਕੇ ਅੱਗੇ ਤੋਰ ਦਿਤਾ।
ਮੇਰੀ ਬੇਟੀ ਨੇ ਆਪਣੇ ਦੋਸਤਾਂ ਨੂੰ ਦਸ ਦਿਤਾ ਕਿ ਮੇਰੇ ਨਵੇਂ ਨਾਵਲ ਦਾ ਨਾਂ 'ਬੀ.ਬੀ.{ਸੀ.} ਡੀ.' ਹੈ ਤਾਂ ਉਸ ਦੀ ਯੂਨੀਵਰਸਟੀ ਦੇ ਬਹੁਤ ਸਾਰੇ ਦੋਸਤ ਇਕੱਠੇ ਹੋ ਕੇ ਮੈਨੂੰ ਮਿਲਣ ਆ ਗਏ। ਉਹ ਪੰਜਾਬੀ ਤਾਂ ਪੜ੍ਹ ਨਹੀਂ ਸਕਦੇ ਤੇ ਮੰਗ ਕਰਨ ਲਗੇ ਕਿ ਇਸ ਨੂੰ ਅੰਗਰੇਜ਼ੀ ਵਿਚ ਵੀ ਲਿਖਿਆ ਜਾਵੇ। ਅੰਗਰੇਜ਼ੀ ਵਿਚ ਲਿਖਣ ਦਾ ਕੰਮ ਤਾਂ ਮੈਂ ਸ਼ਇਦ ਹੀ ਕਰ ਸਕਾਂ ਪਰ ਏਨੇ ਕੁ ਸੇਵਾ ਫਲ ਨਾਲ ਮੈਂ ਖੁਸ਼ ਜ਼ਰੂਰ ਹਾਂ।

Saturday 15 May 2010

ਨਵੇਂ ਨਾਵਲ ਦੇ ਬਹਾਨੇ

ਪਿਛਲੇ ਕੁਝ ਸਾਲਾਂ ਤੋਂ ਮੇਰੇ ਬ੍ਰਤਾਨਵੀ ਯੂਨੀਵਰਸਟੀਆਂ ਦੇ ਨਿਰੰਤਰ ਚਕਰ ਲਗਦੇ ਆ ਰਹੇ ਹਨ, ਕਾਰਨ ਹੈ ਕਿ ਮੇਰੇ ਬੱਚੇ ਪੜ੍ਹਦੇ ਹਨ ਤੇ ਉੁਹਨਾਂ ਨੂੰ ਛੱਡਣ-ਲੈਣ ਜਾਂਦਾ ਰਹਿੰਦਾ ਹਾਂ। ਇਵੇਂ ਇਹਨਾਂ ਯੂਨੀਆਂ ਵਿਚ ਮੇਰੇ ਕੁਝ ਦੋਸਤ ਵੀ ਬਣ ਗਏ ਹਨ, ਕੁਝ ਕੁ ਅਧਿਆਪਕ, ਕੁਝ ਕੁ ਵਿਦਿਆਰਥੀ। ਇਹਨਾਂ ਤੋਂ ਮੈਨੂੰ ਇਥੋਂ ਯੂਨੀਆਂ ਬਾਰੇ ਬਹੁਤ ਸਾਰੀ ਜਾਣਕਾਰੀ ਵੀ ਮਿਲਦੀ ਰਹਿੰਦੀ ਹੈ ਜੋ ਕਿ ਮੈਨੂੰ ਆਪਣੇ ਨਵੇਂ ਨਾਵਲ ਲਈ ਬਹੁਤ ਲਾਹੇਵੰਦ ਸਾਬਤ ਹੋਈ ਹੈ। ਮੇਰਾ ਨਵਾਂ ਨਾਵਲ 'ਬੀ.ਬੀ.{ਸੀ.}ਡੀ.' ਤਿਆਰ ਹੈ ਤੇ ਇਹ ਅਜਕਲ ਇਥੋਂ ਦੇ ਪਰਚੇ ਦੇਸ ਪਰਦੇਸ ਵਿਚ ਸੀਰੀਅਲਾਈਜ਼ ਹੋ ਰਿਹਾ ਹੈ। ਬੀ.ਬੀ.{ਸੀ.}ਡੀ.ਤੋਂ ਭਾਵ ਬ੍ਰਿਟਿਸ਼ ਬੌਰਨ {ਕਨਫਿਊਜ਼ਡ} ਦੇਸੀ। ਇਸ ਦੇ ਅਰਥ ਹਨ ਕਿ ਬਰਤਾਨੀਆਂ ਵਿਚ ਜੰਮੇ ਬੱਚੇ ਕਨਫਿਊਜ਼ਡ ਹਨ। ਮੇਰੇ ਨਾਵਲ ਦੇ ਨਾਂ ਵਿਚੋਂ ਕਨਫਿਊਜ਼ਡ ਸ਼ਬਦ ਕੈਂਸਲ ਹੈ। ਇਹ ਇਕ ਟਰਮ ਹੈ ਜੋ ਇਥੋਂ ਦੀਆਂ ਯੂਨੀਆਂ ਵਿਚ ਭਾਰਤ ਤੋਂ ਆਏ ਲੋਕ ਵਰਤਦੇ ਹਨ। ਇਹੋ ਟਰਮ ਅਮਰੀਕਾ ਦੀਆਂ ਯੂਨੀਆਂ ਵਿਚ ਵੀ ਵਰਤੀ ਜਾਂਦੀ ਹੈ ਓਥੇ ਇਸ ਨੂੰ ਏ.ਬੀ.ਸੀ.ਡੀ. ਆਖਦੇ ਹਨ। ਇਸ ਬਾਰੇ ਡਾ. ਪ੍ਰੇਮ ਮਾਨ ਵਰਗੇ ਦੋਸਤ ਵਧੇਰੇ ਦਸ ਸਕਦੇ ਹਨ। ਖੈਰ ਗੱਲ ਇਹ ਹੈ ਕਿ ਭਾਰਤ ਦੇ ਲੋਕ ਸਾਡੇ ਬੱਚਿਆਂ ਨੂੰ ਕਨਫਿਊਜ਼ਡ ਹੀ ਸਮਝਦੇ ਹਨ। ਇਹਨਾਂ ਕੋਲ ਓਹਨਾਂ ਵਰਗੀ ਚਲਾਕੀ ਨਹੀਂ ਹੈ। ਇਹਨਾਂ ਨੂੰ ਓਹਨਾਂ ਦੇ ਲਤੀਫੇ ਸਮਝ ਨਹੀਂ ਆਉਂਦੇ। ਭਾਰਤ ਦੇ ਜੰਮੇ ਬੱਚਿਆਂ ਵਿਚ ਜਿਹੜੀ ਚੀਟ-ਗੁੜ੍ਹਤੀ ਹੁੰਦੀ ਹੈ ਇਹਨਾਂ ਵਿਚੋਂ ਓਹ ਗਾਇਬ ਹੈ। ਮੈਂ ਕਈ ਵਾਰ ਆਪਣੇ ਬੱਚਿਆਂ ਨੂੰ ਭਾਰਤ ਲੈ ਕੇ ਗਿਆ ਹਾਂ ਤੇ ਇਹ ਫਰਕ ਮੈਂ ਖੁਦ ਦੇਖਿਆ ਹੈ। ਮੇਰੇ ਵਰਗੇ ਹੋਰ ਬਹੁਤ ਸਾਰੇ ਮਾਂਪੇ ਵੀ ਇਸ ਫਰਕ ਨੂੰ ਮਹਿਸੂਸ ਕਰਦੇ ਹੋਣਗੇ। ਮੈਂ ਇਥੇ ਇਕ ਹੋਰ ਗੱਲ ਆਪਣੇ ਮੁੱਦੇ ਤੋਂ ਬਾਹਰ ਦੀ ਕਹਿਣ ਦੀ ਗੁਸਤਾਖੀ ਕਰਨ ਲਗਾ ਹਾਂ ਕਿ ਇਧਰਲੇ ਜੰਮੇ ਮੁੰਡੇ ਕੁੜੀਆਂ ਭਾਵੁਕ ਤੌਰ ਤੇ ਵੀ ਬਹੁਤ ਸਿੱਧੇ ਹਨ ਤੇ ਭਾਰਤ ਦੇ ਜੰਮੇ ਮੁੰਡੇ ਕੁੜੀਆਂ ਇਸ ਦਾ ਫਾਇਦਾ ਉਠਾਉਣ ਦੇ ਯਤਨ ਵਿਚ ਰਹਿੰਦੇ ਹਨ। ਅਜਕਲ ਜਿਹੜੇ ਪਾੜ੍ਹੇ ਇਧਰ ਆਏ ਹੋਏ ਉਹ ਜੋ ਕੁਝ ਕਰ ਰਹੇ ਹਨ ਉਸ ਦੇ ਅਧਾਰ 'ਤੇ ਹੀ ਗੱਲ ਕਰ ਰਿਹਾ ਹਾਂ। ਪੱਕੇ ਹੋਣ ਲਈ ਵਿਆਹ ਦੇ ਚੱਕਰ ਵਿਚ ਇਥੋਂ ਦੀਆਂ ਜੰਮੀਆਂ ਕੁੜੀਆਂ ਫਸਾਉਣ ਦੀਆਂ ਕਈ ਕਿਸਮ ਦੀਆਂ ਵਿਓਂਤਬੰਦੀਆਂ ਕਰਦੇ ਹਨ ਭਾਰਤ ਤੋਂ ਆਏ ਇਹ ਨਕਲੀ ਪਾੜ੍ਹੇ। ਖਾਸ ਤੌਰ 'ਤੇ ਸਾਊਥਾਲ ਦੇ ਕਈ ਲੋਕਾਂ ਤੋਂ ਇਹ ਸ਼ਿਕਾਇਤ ਸੁਣਨ ਨੂੰ ਮਿਲੀ ਹੈ। ਖੈਰ, ਮੈਂ ਗੱਲ ਕੋਈ ਹੋਰ ਕਰ ਰਿਹਾ ਸਾਂ ਕਿ ਇਹਨਾਂ ਮੁਲਕਾਂ ਵਿਚ ਜੰਮੇ ਮੁੰਡਿਆਂ ਕੁੜੀਆਂ ਨੂੰ ਕਨਫਿਊਜ਼ਡ ਕਿਉਂ ਕਿਹਾ ਜਾਂਦਾ ਹੈ। ਆਪਣੇ ਨਾਵਲ ਵਿਚ ਮੈਂ ਆਪਣੀ ਗੱਲ ਕਹਿਣ ਲਈ ਆਪਣੇ ਇਕ ਦੋਸਤ ਦੇ ਬੇਟੇ ਨਾਲ ਸਬੰਧਤ ਕਹਾਣੀ ਪਾਈ ਹੈ। ਮੇਰਾ ਦੋਸਤ ਅਮਰੀਕ ਕਿਸੇ ਵੇਲੇ ਕਬੱਡੀ ਦਾ ਖਿਡਾਰੀ ਰਿਹਾ ਹੈ ਅਗੇ ਉਸ ਨੇ ਆਪਣੇ ਬੇਟੇ ਲਵਲੀਨ ਨੂੰ ਵੀ ਕਬੱਡੀ ਵਲ ਪਾ ਦਿਤਾ। ਅਜਕਲ ਲਵਲੀਨ ਯੂਨੀਵਰਸਟੀ ਵਿਚ ਡਿਗਰੀ ਕਰ ਰਿਹਾ ਹੈ। ਭਾਰਤ ਤੋਂ ਆਏ ਦੋਸਤ ਉਸ ਨੂੰ ਆਖਣ ਲਗਦੇ ਹਨ ਕਿ ਓਹ ਇੰਡੀਅਨ ਹੈ ਪਰ ਓਹ ਜ਼ਿਦ ਕਰਦਾ ਹੈ ਕਿ ਓਹ ਬ੍ਰਿਟਿਸ਼ ਹੈ। ਭਾਰਤੀ ਦੋਸਤ ਆਖਦੇ ਹਨ ਕਿ ਓਹ ਪੰਜਾਬੀ ਬੋਲਦਾ ਹੈ, ਕਬੱਡੀ ਖੇਡਦਾ ਹੈ, ਗੁਰਦਵਾਰੇ ਵੀ ਜਾਂਦਾ ਹੈ ਤੇ ਉਸ ਦਾ ਰੰਗ ਕਾਲਾ ਹੈ ਇਸ ਲਈ ਓਹ ਭਾਰਤੀ ਹੈ, ਬ੍ਰਿਟਿਸ਼ ਹੋਣ ਦਾ ਢੋਂਗ ਕਰਦਾ ਹੈ। ਆਪਣੇ ਆਪ ਨੂੰ ਮੁਫਤ ਵਿਚ ਹੀ ਗੋਰਾ ਸਮਝ ਰਿਹਾ ਹੈ। ਲਵਲੀਨ ਓਹਨਾਂ ਨੂੰ ਸਮਝਾਉਂਦਾ ਰੋਣ ਹਾਕਾ ਹੋ ਜਾਂਦਾ ਹੈ ਤੇ ਆਖਦਾ ਹੈ ਕਿ ਉਹ ਬ੍ਰਿਟਿਸ਼-ਇੰਡੀਅਨ ਤਾਂ ਹੋ ਸਕਦਾ ਹੈ ਪਰ ਇੰਡਿਅਨ ਨਹੀਂ ਤੇ ਇਹ ਲੋਕ ਉਸ ਨੂੰ ਕਨਫਿਊਜ਼ਡ ਹੋਣਾ ਆਖਦੇ ਹਸਦੇ ਹਨ। ਭਾਵੇਂ ਨਾਵਲ ਵਿਚ ਮੈਂ ਇਸ ਕਹਾਣੀ ਨੂੰ ਕਿਸੇ ਹੋਰ ਤਰ੍ਹਾਂ ਬਿਆਨਿਆਂ ਹੈ। ਜਿਵੇਂ ਮੈਂ ਦੱਸਿਆ ਕਿ ਇਹ ਨਾਵਲ ਅਜਕਲ ਦੇਸ ਪਰਦੇਸ ਵਿਚ ਸੀਰੀਅਲਾਈਜ਼ ਹੋ ਰਿਹਾ ਹੈ, ਇਥੇ ਮੈਂ ਇਸ ਨਾਵਲ ਦਾ ਨਾਂ 'ਸਾਊਥਾਲ ਭਾਗ ਦੂਜਾ' ਵਰਤ ਰਿਹਾ ਹਾਂ ਕਿਉਂਕਿ ਇਹ ਮੇਰੇ ਨਾਵਲ 'ਸਾਊਥਾਲ' ਦਾ ਸੀਕਿਉਲ ਹੀ ਹੈ। ਇਹ ਅਗਲੇ ਸਾਲ 'ਬੀ.ਬੀ.{ਸੀ.}ਡੀ.' ਦੇ ਨਾਂ ਹੇਠ ਅਗਲੇ ਸਾਲ ਛਪੇਗਾ।