Monday 26 April 2010

ਜਦੋਂ ਰੋਣ ਲਈ ਮੋਢ੍ਹਾ ਮਿਲਦਾ ਹੈ।

ਬਹੁਤ ਸਾਰੇ ਦੋਸਤ ਜਾਣਦੇ ਹਨ ਕਿ ਇਸ ਸਾਲ ਮਾਰਚ ਦਾ ਮਹੀਨਾ ਮੇਰੇ ਲਈ ਬਹੁਤ ਔਖਾ ਸੀ। ਪਹਾੜ ਚੁੱਕਣ ਜਿੰਨਾ ਔਖਾ। ਮੇਰਾ ਛੋਟਾ ਭਰਾ ਕੁਕੂ {ਨਰਿੰਦਰ} ਸਾਨੂੰ ਸਦਾ ਲਈ ਛੱਡ ਗਿਆ ਸੀ। ਮੇਰੇ ਤੋਂ ਦੱਸ ਸਾਲ ਛੋਟਾ ਤੇ ਸਾਡੇ ਭੈਣਾਂ-ਭਰਾਵਾਂ ਵਿਚੋਂ ਸਭ ਤੋਂ ਨਿੱਕਾ। ਇਹ ਸਦਮਾ ਸਹਿਣਾ ਬਹੁਤ ਮੁਸ਼ਕਲ ਸੀ। ਮੈਂ ਜੋ ਆਪਣੇ ਆਪ ਨੂੰ ਬਹੁਤ ਮਜ਼ਬੂਤ ਸਮਝਦਾ ਸਾਂ ਵੀ ਹਿੱਲ ਗਿਆ ਸਾਂ ਬਲਕਿ ਹਾਲੇ ਤਕ ਪੈਰੀਂ ਨਹੀਂ ਆਇਆ। ਹਾਲੇ ਵੀ ਵਕਤ ਲਗੇਗਾ। ਇਸ ਮੁਲਕ ਦੇ ਹਾਲਾਤ ਦੇਖ ਕੇ ਮੈਂ ਅਕਸਰ ਕਹਿ ਦਿਆ ਕਰਦਾ ਹਾਂ ਕਿ ਸਾਨੂੰ ਨਾ ਆਪਣੇ ਬੱਚਿਆਂ ਤੋਂ ਕੋਈ ਆਸ ਰੱਖਣੀ ਚਾਹੀਦੀ ਹੈ ਨਾ ਹੀ ਆਪਣੇ ਜੀਵਨ ਸਾਥੀ ਤੋਂ। ਜੇ ਕੋਈ ਅਜਿਹੀ ਉਨੀ ਇੱਕੀ ਹੋ ਜਾਵੇ ਤਾਂ ਮੇਰੇ ਵਰਗੇ ਬੰਦੇ ਦੀ ਜ਼ਿੰਦਗੀ ਬਹੁਤ ਹੀ ਸੌਖੀ ਰਹੇਗੀ। ਮੈਂ ਸੋਚਦਾ ਹਾਂ ਕਿ ਮੈਨੂੰ ਸਿਰਫ ਤਿੰਨ ਚੀਜ਼ਾਂ ਚਾਹੀਦੀਆਂ ਹਨਃ ਇਕ ਲੈਪਟੌਪ, ਦੂਜੇ ਨਵੀਆਂ ਛਪੀਆਂ ਕਿਤਾਬਾਂ ਤੇ ਤੀਜੀ ਚੰਗੀ ਸਿਹਤ। ਇਹਨਾਂ ਤਿੰਨਾਂ ਚੀਜ਼ਾਂ ਤੋਂ ਬਾਅਦ ਮੈਂ ਕਿਸੇ ਦੇ ਲੈਣ ਦਾ ਨਹੀਂ। ਇਸ ਮੁਲਕ ਵਿਚ ਸਰਕਾਰ ਖਾਣ ਪੀਣ ਜੋਗੇ ਪੈਸੇ ਵੀ ਦੇ ਦਿੰਦੀ ਹੈ ਤੇ ਰਹਿਣ ਲਈ ਛੋਟਾ ਮੋਟਾ ਫਲੈਟ ਵੀ ਫਿਰ ਕੀ ਰਹਿ ਗਿਆ। ਪੜੀ ਜਾਵਾਂਗਾ ਤੇ ਲਿਖੀ ਜਾਵਾਂਗਾ। ਮੈਨੂੰ ਲਗਦਾ ਹੈ ਕਿ ਮੇਰੇ ਕੋਲ ਲਿਖਣ ਲਈ ਏਨਾ ਕੁਝ ਹੈ ਕਿ ਆਹ ਜ਼ਿੰਦਗੀ ਵੀ ਥੋੜੀ ਹੈ। ਮੈਂ ਇਹ ਗੱਲ ਅਕਸਰ ਦੋਸਤਾਂ ਨੂੰ ਕਿਹਾ ਕਰਦਾ ਸੀ। ਕੁਕੂ ਦੇ ਤੁਰ ਜਾਣ ਤੋਂ ਬਾਅਦ ਮੇਰੀ ਇਹ ਧਾਰਣਾ ਖੇਰੂੰ ਖੇਰੂੰ ਹੋ ਗਈ। ਮੈਂ ਭੁੱਲ ਹੀ ਗਿਆ ਸਾਂ ਕਿ ਲਿਖਣ ਲਈ ਸਿਹਤਵੰਦ ਮਨ ਦੀ ਵੀ ਲੋੜ ਹੁੰਦੀ ਹੈ, ਜਜ਼ਬਿਆਂ ਦੇ ਵਹਾਅ ਉੁਪਰ ਨਿਯੰਤਰਣ ਵੀ ਹੋਣਾ ਚਾਹੀਦਾ ਹੈ। ਕੁਕੂ ਦੇ ਤੁਰ ਜਾਣ ਨੇ ਮੇਰੇ ਤੋਂ ਇਹ ਸਭ ਖੋਹ ਲਿਆ ਸੀ ਤੇ ਮੈਂ ਬਹੁਤ ਦਿਨਾਂ ਤਕ ਨਾ ਕੁਝ ਪੜ ਸਕਿਆ ਤੇ ਕੁਝ ਲਿਖ ਸਕਿਆ। ਹੋਰ ਤਾਂ ਹੋਰ ਮੈਂ ਲੈਪਟੌਪ ਨੂੰ ਖੋਹਲ ਕੇ ਵੀ ਨਾ ਦੇਖ ਸਕਿਆ। ਮੇਰੇ ਮੇਜ਼ 'ਤੇ ਪੜਨ ਵਾਲੀਆਂ ਕਿਤਾਬਾਂ ਦਾ ਢੇਰ ਵਧਣ ਲਗਿਆ। ਮਨ ਕਾਬੂ ਵਿਚ ਨਹੀਂ ਸੀ ਤੇ ਨਾ ਹੀ ਜਜ਼ਬਾਤ। ਜਿਸ ਕੁਕੂ ਦੇ ਮੈਂ ਪਹਿਲੀ ਵਾਰ ਪੱਗ ਬੰਨੀ ਸੀ ਉਸ ਦੇ ਆਖਰੀ ਵਾਰ ਵੀ ਬੰਨੀ। ਜਿਵੇਂ ਬਚਪਨ ਵਿਚ ਉਸ ਨੂੰ ਤਿਆਰ ਕਰਿਆ ਕਰਦਾ ਸਾਂ, ਨਲ੍ਹਾਇਆ ਕਰਦਾ ਸਾਂ ਆਖਰੀ ਵਾਰ ਵੀ ਕੀਤਾ। ਇਸ ਤੋਂ ਬਾਅਦ ਕੋਈ ਕਿਵੇਂ ਸਬੂਤਾ ਰਹਿ ਸਕਦਾ ਹੈ। ਕੋਈ ਕਿਵੇਂ ਲਿਖ-ਪੜ ਸਕਦਾ ਹੈ। ਇਹ ਕੰਮ ਸਬੂਤੇ ਬੰਦੇ ਦਾ ਹੈ। ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੇਰੇ ਦੋਸਤਾਂ ਨੇ ਮੈਨੂੰ ਰੋਣ ਲਈ ਮੋਢ੍ਹਾ ਦਿਤਾ, ਮੈਨੂੰ ਕੰਫ੍ਰਟ ਕੀਤਾ। ਮੈਂ ਪੈਰਾਂ 'ਤੇ ਮੁੜ ਖੜਨ ਲਗਿਆ। ਈਮੇਲ ਦੇਖਣ ਲਗਿਆ। ਫੇਸਬੁੱਕ 'ਤੇ ਵੀ ਫੇਰੀ ਪਾ ਲਿਆ ਕਰਦਾ ਪਰ ਕੁਝ ਪੜਨਾ ਤੇ ਫਿਰ ਲਿਖਣਾ ਬਿਲਕੁਲ ਠੱਪ ਪਿਆ ਸੀ। ਫਿਰ ਇਕ ਦਿਨ ਮੈਨੂੰ ਕੋਈ ਫੋਨ ਆਇਆ। ਕਿਸੇ ਔਰਤ ਦੀ ਅਵਾਜ਼ ਸੀ। ਅਵਾਜ਼ ਨੇ ਆਪਣੀ ਵਾਕਫੀ ਕਰਾਈ: ਦਲਬੀਰ ਕੋਰ।
ਦਲਬੀਰ ਕੋਰ ਪੰਜਾਬੀ ਦੀ ਕਵਿਤਰੀ ਹੈ ਜਿਸ ਦੀ ਪਿਛੇ ਜਿਹੇ ਹੀ 'ਅਹਿਦ' ਨਾਂ ਦੀ ਕਵਿਤਾ ਕਿਤਾਬ ਆਈ ਹੈ। ਕਿਤਾਬ ਮੈਂ ਪੜੀ ਹੈ। ਅਜਕਲ ਇੰਗਲੈਂਡ ਵਿਚ ਲਿਖੀ ਜਾ ਰਹੀ ਕਵਿਤਾ ਨਾਲੋਂ ਵਧੀਆ ਕਵਿਤਾ ਹੈ। ਦਲਬੀਰ ਕੋਰ ਕਵੀ ਦਰਬਾਰਾਂ 'ਤੇ ਜਾਂ ਹੋਰ ਸਾਹਿਤਕ ਸਮਾਗਮਾਂ 'ਤੇ ਮਿਲਦੀ ਹੀ ਰਹਿੰਦੀ ਹੈ। ਮੈਂ ਉਸ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ, ਆਮ ਔਰਤਾਂ ਵਰਗੀ ਇਕ ਔਰਤ ਵਾਂਗ ਹੀ ਸਮਝਿਆ। ਫੋਨ ਕੁਕੂ ਦੇ ਅਫਸੋਸ ਲਈ ਸੀ। ਉਸ ਨੇ ਗੱਲ ਕਰਦਿਆਂ ਕਿਹਾ ਕਿ ਪਿਛਲੇ ਸਾਲ ਉਸ ਦਾ ਵੀ ਜਵਾਨ ਭਰਾ ਇਵੇਂ ਹੀ ਅਚਾਨਕ ਤੁਰ ਗਿਆ ਸੀ ਇਸ ਲਈ ਉਹ ਮੇਰਾ ਦਰਦ ਸਮਝਦੀ ਹੈ। ਫਿਰ ਉਸ ਨੇ ਆਪਣੇ ਤਜਰਬੇ ਵਿਚੋਂ ਕੁਝ ਹੋਰ ਗੱਲਾਂ ਦੱਸੀਆਂ। ਅਜਿਹੀ ਮੌਤ ਸਮੇਂ ਆਪਣਿਆਂ ਵਲੋਂ ਹੀ ਅਣਜਾਣੇ ਵਿਚ ਪਾਏ ਜਾ ਰਹੇ ਦਬਾਅ ਬਾਰੇ ਦੱਸਿਆ ਜਾਂ ਆਪਣੇ ਵਲੋਂ ਹੀ ਆਪਣੇ ਉਤੇ ਪਾਏ ਜਾ ਰਹੇ ਮਾਨਸਿਕ-ਬੋਝ ਬਾਰੇ ਗੱਲ ਕੀਤੀ। ਇਹ ਵੀ ਕਿ ਅਸੀਂ ਖੁਦ ਨੂੰ ਬਹੁਤ ਮਜ਼ਬੂਤ ਸਮਝ ਰਹੇ ਹੁੰਦੇ ਹਾਂ ਅਜਿਹੇ ਸਮੇਂ ਡੋਲ ਜਾਂਦੇ ਹਾਂ ਤੇ ਅਚਾਨਕ ਆਪਣੇ ਆਪ ਨੂੰ ਕਮਜ਼ੋਰ ਸਮਝਦੇ ਆਪਣੇ ਬਾਰੇ ਗਲਤ ਸੋਚਣ ਲਗਦੇ ਹਾਂ। ਡੈਪਰੈਸ਼ਨ ਆਦਿ ਦੇ ਸ਼ਿਕਾਰ ਵੀ ਹੋ ਸਕਦੇ ਹਾਂ। ਉਸ ਨੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਕੀਤੀਆਂ ਜੋ ਮੈਂ ਮਹਿਸੂਸ ਹੀ ਕਰ ਸਕਦਾ ਹਾਂ ਜਾਂ ਫਿਰ ਕਹਿ ਲਓ ਕਿ ਸਿਰਫ ਮੈਂ ਹੀ ਮਹਿਸੂਸ ਕਰ ਸਕਦਾ ਹਾਂ ਕੋਈ ਹੋਰ ਨਹੀਂ ਪਰ ਇਹਨਾਂ ਨੂੰ ਬਿਆਨ ਨਹੀਂ ਕਰ ਸਕਦਾ। ਹਾਂ ਇਕ ਗੱਲ ਭਾਵੇਂ ਪੁਰਾਣੀ ਹੈ ਪਰ ਉਸ ਦੇ ਮੂੰਹੋਂ ਇਕ ਦਮ ਨਵੀਂ ਲਗੀ ਕਿ ਵਕਤ ਤੋਂ ਵੱਡਾ ਫੈਹਾ ਕੋਈ ਨਹੀਂ ਹੁੰਦਾ। ਇਸ ਬਾਰੇ ਸੋਚ ਕੇ ਮੈਂ ਹੈਰਾਨ ਵੀ ਹੋ ਰਿਹਾ ਹਾਂ ਕਿ ਦਲਬੀਰ ਕੋਰ ਏਨੀਆਂ ਗੱਲਾਂ ਏਨੀ ਸਹਿਜ ਨਾਲ ਕਿਵੇਂ ਕਰ ਗਈ। ਇਕ ਪਲ ਲਈ ਤਾਂ ਮੈਨੂੰ ਕੁਲਵੰਤ ਸਿੰਘ ਵਿਰਕ ਦੀ ਇਕ ਕਹਾਣੀ ਵੀ
ਯਾਦ ਆਈ ਜਿਸ ਵਿਚ ਕਿਸੇ ਦਾ ਕੋਈ ਜਵਾਨ ਰਿਸ਼ਤੇਦਾਰ ਗੁਜ਼ਰ ਜਾਂਦਾ ਹੈ ਤੇ ਉੁਹ ਓਨੀ ਦੇਰ ਨਹੀਂ ਰੋ ਸਕਦਾ ਜਿੰਨੀ ਦੇਰ ਉਹਦੇ ਵਰਗਾ ਹੀ ਕੋਈ ਹੋਰ ਆ ਕੇ ਢਾਰਸ ਨਹੀਂ ਦਿੰਦਾ ਜਿਸ ਦਾ ਵੀ ਜਵਾਨ ਜਵਾਈ ਕੁਝ ਦਿਨ ਪਹਿਲਾਂ ਇਵੇਂ ਹੀ ਮਰਿਆ ਹੈ। ਪਰ ਇਹ ਗੱਲ ਕੁਝ ਵੱਖਰੀ ਤੇ ਵੱਡੀ ਸੀ। ਇਥੇ ਤਾਂ ਦਲਬੀਰ ਕੋਰ ਬਹੁਤ ਵੱਡੇ ਦਾਰਸ਼ਨਿਕ ਵਾਂਗ ਬੋਲਦੀ ਜਾ ਰਹੀ ਸੀ। ਬੋਲਦੀ ਹੋਈ ਉਹ ਕਦੇ ਮੈਨੂੰ ਮਾਂ ਵਰਗੀ ਲਗਦੀ ਸੀ, ਕਦੇ ਭੈਣ ਵਰਗੀ ਤੇ ਕਦੇ ਦੋਸਤ ਵਰਗੀ। ਮੈਂ ਅੰਦਰੋਂ ਏਨਾ ਖੁਰ ਰਿਹਾ ਸਾਂ ਕਿ ਉਸ ਦਾ ਫੋਨ ਲਈ ਧੰਨਵਾਦ ਵੀ ਨਾ ਕਰ ਸਕਿਆ। ਉਸ ਦੇ ਫੋਨ ਤੋਂ ਕੁਝ ਘੰਟੇ ਬਾਅਦ ਮੈਨੂੰ ਲਗਿਆ ਜਿਵੇਂ ਉਹ ਮੈਨੂੰ ਨਵਾਂ ਨਿਕੋਰ ਕਰ ਗਈ ਹੋਵੇ। ਮੈਂ ਕਈ ਹਫਤਿਆਂ ਦੇ ਵਕਫੇ ਮਗਰੋਂ ਪੜਨ ਲਈ ਕਿਤਾਬ ਚੁੱਕੀ ਤੇ ਇਸ ਬਲੌਗ ਨੂੰ ਲਿਖਣ ਜੋਗਾ ਵੀ ਹੋ ਗਿਆ। ਮੈਂ ਦੁਆ ਕਰਦਾ ਹਾਂ ਕਿ ਅਜਿਹੀ ਔਖੀ ਘੜੀ ਵੇਲੇ ਇਹੋ ਜਿਹਾ ਨਿੱਘਾ ਮੋਢ੍ਹਾ ਸਭ ਨੂੰ ਮਿਲੇ।

Saturday 24 April 2010

ਇਕ ਗੀਤਕਾਰ ਨੂੰ ਮਿਲਣ ਦੀ ਝਾਕ

ਮੈਨੂੰ ਪੰਜਾਬੀ ਦੇ ਗੀਤ ਕਦੇ ਵੀ ਚੰਗੇ ਨਹੀਂ ਲਗੇ। ਮੈਂ ਸਮਝਦਾ ਹਾਂ ਕਿ ਗੀਤ ਤੁਹਾਨੂੰ ਉਹੀ ਚੰਗੇ ਲਗਦੇ ਹਨ ਜਿਹੜੇ ਤੁਸੀਂ ਆਪਣੀ ਚੜਦੀ ਉਮਰੇ ਸੁਣੇ ਹੋਣ ਜਾਂ ਪਸੰਦ ਕੀਤੇ ਹੋਣ। ਮੇਰੀ ਚੜਦੀ ਉਮਰ ਵਿਚ ਹਿੰਦੀ ਦੇ ਫਿਲਮੀ ਗੀਤਾਂ ਦਾ ਜ਼ੋਰ ਸੀ। ਇਹ ਸੰਨ ਸੱਤਰ ਤੇ ਅੱਸੀ ਦਾ ਸਮਾਂ ਸੀ, ਫਿਲਮੀ ਸੰਗੀਤ ਦਾ ਸਿਖਰ। ਮੁਹੰਮਦ ਰਫੀ ਦਾ ਬੋਲਬਾਲਾ ਤਾਂ ਸੀ ਪਰ ਕਿਸ਼ੋਰ ਕੁਮਾਰ ਹਾਵੀ ਹੋ ਰਿਹਾ ਸੀ। ਸਮੁੱਚਾ ਸੰਗੀਤ ਬਹੁਤ ਸੁਰੀਲਾ ਸੀ। ਉਹਨਾਂ ਦਿਨਾਂ ਵਿਚ ਰੇਡੀਓ ਤੋਂ ਲੱਚਰ ਗੀਤ ਚਲਾਉਣ ਦੀ ਇਜਾਜ਼ਤ ਨਹੀਂ ਸੀ। ਸੁਰਿੰਦਰ ਕੋਰ, ਪਰਕਾਸ਼ ਕੋਰ ਤੇ ਮਸਤਾਨੇ ਆਦਿ ਦੇ ਗੀਤ ਹੀ ਰੇਡੀਓ ਤੋਂ ਚਲਦੇ ਸਨ। ਟੈਲੀ ਹਾਲੇ ਬਹੁਤ ਨਵਾਂ ਸੀ। 'ਮੇਰੀ ਡਿਗ ਪਈ ਚਰੀ ਵਿਚ ਗਾਨੀ', 'ਦੋ ਛੜਿਆਂ ਦੀ ਇਕ ਢੋਲਕੀ', 'ਰੰਗ 'ਚੋ ਕੇ ਪ੍ਰਾਤ ਵਿਚ ਪੈ ਗਿਆ' ਵਰਗੇ ਗੀਤ ਵਿਆਹਾਂ ਦੇ ਲਾਊਡ ਸਪੀਕਰਾਂ 'ਤੇ ਹੀ ਵਜਦੇ ਸਨ। ਅਜਿਹੇ ਲੱਚਰ ਗੀਤ ਤਾਂ ਪੰਜਾਬੀ ਦੀਆਂ ਫਿਲਮਾਂ ਵਿਚ ਵੀ ਨਹੀਂ ਸੀ ਹੁੰਦੇ ਸੋ ਮੈਨੂੰ ਇਹ ਗੀਤ ਕਦੇ ਵੀ ਚੰਗੇ ਨਹੀਂ ਲਗੇ। ਸਮਾਂ ਬਦਲਿਆ, ਅਜਿਹੇ ਗੀਤਾਂ ਦੇ ਗੀਤਕਾਰ ਇੰਦਰਜੀਤ ਹਸਨਪੁਰੀ ਤੇ ਬਾਬੂ ਸਿੰਘ ਮਾਨ ਵਰਗੇ ਫਿਲਮ ਮੇਕਰ ਬਣ ਗਏ ਤੇ ਅਜਿਹੇ ਗੀਤ ਫਿਲਮੀ ਵੀ ਹੋ ਗਏ। ਫਿਰ ਜ਼ਮਾਨਾ ਬਦਲਦਾ ਗਿਆ। ਲੱਚਰ ਗੀਤਾਂ ਦਾ ਬੋਲਬਾਲਾ ਹੋ ਗਿਆ। ਲੋਕਾਂ ਨੂੰ ਇਹਨਾਂ ਵਿਚਲਾ ਲੱਚਰਪੁਣਾ ਹੁਣ ਪਹਿਲਾਂ ਵਾਂਗ ਕਾਟ ਨਹੀਂ ਸੀ ਕਰਦਾ ਬਲਿਕ ਲੋਕ ਤਾਂ ਅਨੰਦ ਮਾਨਣ ਲਗੇ ਸਨ। ਹੁਣ ਤਾਂ ਬਹੁਤ ਕੁਝ ਬਦਲ ਚੁੱਕਾ ਹੈ, ਪਿਛੜੇ ਤੋਂ ਪਿਛੜੇ ਪਿੰਡ ਵਿਚ ਵੀ ਪਿਓ ਧੀ ਇਕੱਠੇ ਬੈਠ ਕੇ ਟੈਲੀ 'ਤੇ ਰੇਪ ਸੀਨ ਦੇਖ ਸਕਦੇ ਹਨ। ਲਫਜ਼ਾਂ ਦੇ ਅਰਥ ਬਦਲ ਚੁੱਕੇ ਹਨ। ...ਖੈਰ ਮੇਰਾ ਮਕਸਦ ਕਿਸੇ ਦੁਖਦੀ ਰਗ ਉਪਰ ਹੱਥ ਰੱਖਣਾ ਨਹੀਂ ਹੈ, ਮੈਂ ਤਾਂ ਇਸੇ ਬਹਾਨੇ ਦਿਲ ਦੀ ਕੋਈ ਹੋਰ ਗੱਲ ਸਾਂਝੀ ਕਰਨੀ ਚਾਹੁੰਦਾ ਹਾਂ। ਮੈਂ ਪੰਜਾਬੀ ਦੇ ਲੋਕ ਗੀਤਾਂ ਵਲ ਮੁੜ ਕੇ ਉਸ ਵਕਤ ਧਿਆਨ ਦਿਤਾ ਜਦ ਗੁਰਦਾਸ ਮਾਨ ਪਿੜ ਵਿਚ ਆਇਆ ਪਰ ਫਿਰ ਵੀ ਸੁਣਨ ਲਈ ਕਦੇ ਵੀ ਪੰਜਾਬੀ ਗੀਤ ਮੇਰੀ ਚੋਣ ਨਹੀਂ ਰਹੇ। ਅਜਿਹੇ ਗੀਤ ਮੈਂ ਉਦੋਂ ਹੀ ਸੁਣੇ ਜਦੋਂ ਮੈਨੂੰ ਸੁਣਨੇ ਹੀ ਪੈਂਦੇ ਸਨ, ਜਦੋਂ ਮੈਂ ਕਿਸੇ ਮਜਬੂਰੀ ਵਿਚ ਫਸਿਆ ਬੈਠਾ ਹੁੰਦਾ ਸਾਂ। ਫਿਰ ਕੁਝ ਅਜਿਹਾ ਹੋਇਆ ਕਿ ਮੈਨੂੰ ਕਾਰੋਬਾਰ ਵਿਚ ਅਜਿਹੇ ਬੰਦੇ ਨਾਲ ਭਾਈਬਾਲੀ ਕਰਨੀ ਪਈ ਜੋ ਸੁਣਦਾ ਹੀ ਸਿਰਫ ਤੇ ਸਿਰਫ ਅਜਿਹੇ ਗੀਤ ਸੀ। ਪਿਛਲੇ ਪੰਦਰਾਂ ਸਾਲ ਤੋਂ ਮੈਂ ਉਸ ਨਾਲ ਸਟੱਕ ਹਾਂ ਭਾਵ ਕਿ ਫਸਿਆ ਬੈਠਾ ਹਾਂ। ਸਾਡੇ ਸੁਭਾਅ ਉੁਤਰ-ਦੱਖਣ ਹਨ। ਉਸ ਨੂੰ ਕਬੱਡੀ ਦੇਖਣ ਜਾਣਾ ਪਸੰਦ ਹੈ ਤੇ ਮੈਨੂੰ ਕਵੀ ਦਰਬਾਰ 'ਤੇ ਜਾਣਾ। ਉਸ ਨੂੰ ਵਿਹਲੇ ਸਮੇਂ ਸੌਣ ਦਾ ਸ਼ੌਂਕ ਹੈ ਤੇ ਮੈਨੂੰ ਕਿਤਾਬ-ਅਖਬਾਰ ਪੜ੍ਹਨ ਦਾ। ਮੈਂ ਰੇਡੀਓ ਸਿਰਫ ਖਬਰਾਂ ਲਈ ਲਾਉਂਦਾ ਹਾਂ ਤੇ ਉੁਸ ਦਾ ਖਬਰਾਂ ਨਾਲ ਦੂਰ ਦਾ ਰਿਸ਼ਤਾ ਵੀ ਨਹੀਂ। ਉਸ ਨੂੰ ਚਮਕੀਲਾ ਦੀਦਾਰ ਸੰਧੂ ਵਰਗੇ ਗਾਇਕ ਸੁਣਨ ਦਾ ਸ਼ੌਂਕ ਹੈ ਤੇ ਮੈਨੂੰ ਮੁਹੰਮਦ ਰਫੀ ਤੇ ਮੁਕੇਸ਼ ਵਰਗਿਆਂ ਦਾ। ਹੋਰ ਵੀ ਬਹੁਤ ਕੁਝ ਹੈ ਪਰ ਵੱਡੀ ਗੱਲ ਇਹ ਹੈ ਕਿ ਸਾਡਾ ਕਾਰੋਬਾਰ ਸਾਡੇ ਜੋੜ ਕਰਕੇ ਠੀਕ ਚੱਲ ਰਿਹਾ ਹੈ। ਇਸ ਕਰਕੇ ਅਸੀਂ ਕੁਝ ਸਮਝੌਤੇ ਕਰ ਲਏ ਹਨ ਜਿਵੇਂ ਕਿ ਮੈਂ ਕਬੱਡੀ ਦੇਖਣ ਚਲੇ ਜਾਂਦਾ ਹਾਂ ਤੇ ਉੁਹ ਕਵੀ ਦਰਬਾਰਾਂ ਵਿਚ ਸ਼ਾਮਲ ਹੋ ਜਾਂਦਾ ਹੈ। ਇਵੇਂ ਹੀ ਉਹ ਮੇਰੀਆਂ ਖਬਰਾਂ ਸੁਣ ਲੈਂਦਾ ਹੈ ਤੇ ਮੈਂ ਚਮਕੀਲੇ ਦਾ ਗੀਤ ਜਿਵੇਂ ਕਿ 'ਉਹ ਕਾਹਦਾ ਬੰਦਾ ਜਿਹਨੇ ਭੈਣ ਦੀ ਨਣਾਨ ਦਾ ਕਢਿਆ ਨਹੀਂ ਕੰਡਾ', ਸਹਿ ਜਾਂਦਾ ਹਾਂ। ਉਸ ਦੇ ਪਸੰਦੀਦਾ ਗੀਤਾਂ ਵਿਚ ਜੀਜੇ ਨੇ ਸਾਲ਼ੀ ਢਾਹੀ ਹੋਈ ਹੁੰਦੀ ਹੈ ਜਾਂ ਭਰਜਾਈ ਦੇਰ ਨੂੰ ਹਾਕਾਂ ਮਾਰ ਰਹੀ ਹੁੰਦੀ ਹੈ। ਲੱਚਰ ਗੀਤਾਂ ਦੇ ਗਾਇਕਾਂ ਕੋਲ ਰਾਗ ਵਿਦਿਆ ਤਾਂ ਨਹੀਂ ਹੁੰਦੀ, ਉਹ ਇਕੋ ਤਰਜ਼ 'ਤੇ ਗੀਤ ਗਾਈ ਜਾਂਦੇ ਹਨ, ਸਾਰਾ ਜਾਦੂ ਉੁਹਨਾਂ ਦੇ ਗੀਤਾਂ ਦੇ ਬੋਲਾਂ ਵਿਚ ਹੁੰਦਾ ਹੈ। ਜਦ ਮੈਂ ਆਪਣੇ ਪਾਰਟਨਰ ਨਾਲ ਸਫਰ ਵਿਚ ਹੋਵਾਂ ਤੇ ਮੇਰੀ ਵਾਰੀ ਉਸ ਦੇ ਗੀਤਾਂ ਦੀ ਵਧੀਕੀ ਸਹਿਣ ਦੀ ਹੋਵੇ ਤਾਂ ਮੈਂ ਇਹਨਾਂ ਗੀਤਾਂ ਦੇ ਬੋਲਾਂ ਪਿੱਛੇ ਖੜੇ ਸੱਚ ਬਾਰੇ ਸੋਚਣ ਲਗਦਾ ਹਾਂ, ਇਸ ਤਰ੍ਹਾਂ ਆਪਣੇ ਸਮਾਜ ਦਾ ਇਕ ਹੋਰ ਸੱਚ ਅੱਖਾਂ ਸਾਹਮਣੇ ਖੜਨ ਲਗਦਾ ਹੈ। ਹੋਇਆ ਇਹ ਕਿ ਹੌਲੀ ਹੌਲੀ ਮੇਰਾ ਪਾਰਟਨਰ ਮੈਨੂੰ ਮਾਣਕ ਦੇ ਗੀਤਾਂ ਦੀ ਸੈਰ ਨੂੰ ਲੈ ਨਿਕਲਿਆ। ਮਾਣਕ ਦੀਆਂ ਕਲੀਆਂ ਕੰਨਾਂ ਨੂੰ ਚੰਗੀਆਂ ਲਗਣ ਲਗੀਆਂ। ਮੈਂ ਕਲੀਆਂ ਦੇ ਲੇਖਕ ਬਾਰੇ ਸੋਚਣ ਲਗਿਆ ਤਾਂ ਉਸ ਦੇ ਲਿਖੇ ਕੁਝ ਹੋਰ ਗੀਤ ਵੀ ਸੁਣੇ। 'ਦੇਵ ਥਰੀਕੇ ਵਾਲਾ' ਕਲੀਆਂ ਨੂੰ ਲਿਖਣ ਵਾਲਾ ਮੈਨੂੰ ਹੋਰ ਗੀਤਕਾਰਾਂ ਤੋਂ ਅਲੱਗ ਲਗਿਆ। ਉਸ ਨੇ ਆਪਣੇ ਗੀਤ ਸਾਡੇ ਪ੍ਰਚਲਤ ਕਿੱਸਿਆਂ ਵਿਚੋਂ ਲਏ ਹਨ, ਭਾਵ ਕਿ ਕਿਸੇ ਕਿੱਸੇ ਦੀ ਕਹਾਣੀ ਵਿਚੋਂ ਉਹ ਪਲ ਫੜੇ ਹਨ ਜਿਸ ਨੂੰ ਕਿੱਸਾਕਾਰ ਚੰਗੀ ਤਰ੍ਹਾਂ ਬਿਆਨ ਨਹੀਂ ਸਕਿਆ। ਕਿਸੇ ਗੀਤ ਵਿਚ ਹੀਰ ਰਾਂਝੇ ਨੂੰ ਉਸ ਦੇ ਕਮਜ਼ੋਰ ਹੋਣ ਦੇ ਮੇਹਣੇ ਮਾਰ ਰਹੀ ਹੈ, ਕਿਸੇ ਗੀਤ ਵਿਚ ਉਹ ਮਿਰਜ਼ੇ ਸਾਹਿਬਾਂ ਵਿਚਲੀਆਂ ਚਿੱਠੀਆਂ ਦੀ ਗੱਲ ਕਰਦਾ ਉਹਨਾਂ ਦੀ ਕਹਾਣੀ ਨੂੰ ਨਵੇਂ ਅਰਥ ਦਿੰਦਾ ਹੈ। ਮੈਨੂੰ ਦੇਵ ਥਰੀਕੇ ਵਾਲਾ ਇਕ ਵੱਡਾ ਗੀਤਕਾਰ ਲਗਣ ਲਗ ਪਿਆ ਤੇ ਦਿਲ ਕਰਨ ਲਗਿਆ ਕਿ ਉਸ ਨੂੰ ਕਦੇ ਮਿਲਿਆ ਜਾਵੇ। ਪੰਜਾਬੀ ਦਾ ਕੋਈ ਲੇਖਕ ਲੰਡਨ ਵਿਚ ਆਵੇ ਤਾਂ ਉਹ ਆਪੇ ਹੀ ਮੈਨੂੰ ਲੱਭ ਲੈਂਦਾ ਹੈ ਜੇ ਕੋਈ ਆਕੜ ਦਿਖਾ ਰਿਹਾ ਹੋਵੇ ਤਾਂ ਮੈਂ ਆਪ ਉਹਦੇ ਤਕ ਪਹੁੰਚ ਕਰ ਲੈਂਦਾ ਹਾਂ। ਇਵੇਂ ਅਸੀਂ ਲੇਖਕ ਲੋਕ ਤਾਂ ਇਕ ਦੂਜੇ ਨੂੰ ਘੜੇ ਦੀਆਂ ਮੱਛੀਆਂ ਹੀ ਸਮਝਦੇ ਹਾਂ ਪਰ ਮੈਂ ਸੋਚਣ ਲਗਿਆ ਕਿ ਇਹ ਗੀਤਕਾਰ ਵੱਡੀ ਚੀਜ਼ ਹੋਣਗੇ ਕਿਉਂਕਿ ਸਾਡੇ ਤੋਂ ਇਕ ਦਮ ਉਲਟ ਇਹ ਕਲਮ ਨਾਲ ਰੋਟੀ ਕਮਾ ਰਹੇ ਹਨ। ਜੋ ਵੀ ਹੋਵੇ ਮੇਰਾ ਦਿਲ ਕਰਨ ਲਗਿਆ ਕਿ ਦੇਵ ਥਰੀਕੇ ਵਾਲੇ ਨੂੰ ਜ਼ਰੂਰ ਮਿਲਿਆ ਜਾਵੇ, ਇਥੇ ਆਏ ਨੂੰ ਜਾਂ ਫਿਰ ਇੰਡੀਆ ਗਿਆਂ। ਇਸ ਤੋਂ ਸਾਲ ਕੁ ਬਾਅਦ ਇਕ ਦਿਨ ਮੇਰੀ ਸੁਣੀ ਗਈ। ਮੈਨੂੰ ਪਤਾ ਚਲਿਆ ਕਿ ਉਹ ਲੰਡਨ ਆ ਰਿਹਾ ਹੈ। ਹੋਰ ਤੇ ਹੋਰ ਕਿਸੇ ਪ੍ਰਕਾਸ਼ਕ ਤੋਂ ਮੇਰੇ ਖਾਸ ਦੋਸਤ ਲਈ ਉਸ ਹੱਥ ਕੋਈ ਸੁਨੇਹਾ ਵੀ ਆ ਰਿਹਾ ਸੀ, ਭਾਵ ਕਿ ਮਿਲਣ ਦਾ ਰੱਬ ਨੇ ਸਬੱਬ ਬਣਾ ਦਿਤਾ ਸੀ। ਟੈਲੀਫੋਨ ਉਪਰ ਉਸ ਨਾਲ ਗੱਲ ਹੋਈ ਤਾਂ ਮੇਰੀ ਖੁਸ਼ੀ ਦਾ ਕੋਈ ਅੰਤ ਨਹੀਂ ਰਿਹਾ ਜਦ ਮੈਨੂੰ ਇਹ ਪਤਾ ਚਲਿਆ ਕਿ ਉਹ ਮੇਰੇ ਨਾਵਲਾਂ ਦਾ ਪਾਠਕ ਹੈ। ਉਸ ਨੇ ਮੇਰੇ ਨਾਵਲ 'ਸਾਊਥਾਲ' ਦੀ ਪ੍ਰਭੂਰ ਪ੍ਰਸੰਸਾ ਕੀਤੀ ਤੇ ਮੇਰੀ ਨਵੀਂ ਕਿਤਾਬ 'ਪੱਚਾਸੀ ਵਰ੍ਹਿਆਂ ਦਾ ਜਸ਼ਨ' ਦੀ ਵੀ। ਉਸ ਨੇ ਦੱਸਿਆ ਕਿ ਉਸ ਦਾ ਘਰ ਇਕ ਪ੍ਰਕਾਸ਼ਕ ਦੇ ਘਰ ਦੇ ਨਾਲ ਹੀ ਹੈ ਤੇ ਓਥੋਂ ਉੁਸ ਨੂੰ ਹਰ ਨਵੀਂ ਛਪੀ ਵਧੀਆ ਕਿਤਾਬ ਪੜ੍ਹਨ ਲਈ ਮਿਲ ਜਾਂਦੀ ਹੈ। ਉਹ ਵੀ ਮੈਨੂੰ ਮਿਲਣ ਲਈ ਉਤਾਵਲਾ ਸੀ। ਹੁਣ ਤੁਸੀਂ ਕਹੋਂਗੇ ਕਿ ਉਹ ਵੀ ਉਤਾਵਲਾ ਤੇ ਮੈਂ ਵੀ, ਫਿਰ ਬਾਕੀ ਕੀ ਰਹਿ ਗਿਆ। ਫਿਰ ਇਸ ਸਾਰੀ ਗੱਲਬਾਤ ਵਿਚ ਕਹਾਣੀ ਵਾਲੀ ਕੋਈ ਘੁੰਡੀ ਤਾਂ ਹੈ ਹੀ ਨਹੀਂ। ਨਹੀਂ ਸਾਹਿਬ, ਘੁੰਡੀ ਇਹ ਹੈ ਕਿ ਜਦ ਵੀ ਮੈਂ ਉਸ ਗੀਤਕਾਰ ਤਕ ਮਿਲਣ ਲਈ ਪਹੁੰਚ ਕਰਦਾ ਹਾਂ ਤਾਂ ਉਹ ਆਪਣੇ ਫੈਨਾਂ ਵਿਚ ਘਿਰਿਆ ਹੁੰਦਾ ਹੈ, ਕਦੇ ਕਿਸੇ ਫੈਨ ਦੇ ਘਰ ਤੇ ਕਦੇ ਕਿਸੇ ਪਾਰਟੀ ਵਿਚ। ਮੈਂ ਇਕ ਲੇਖਕ ਦੇ ਤੌਰ 'ਤੇ ਮਿਲਣਾ ਚਾਹੁੰਦਾ ਹਾਂ ਸ਼ਾਇਦ ਉਹ ਵੀ ਇਵੇਂ ਹੀ ਸੋਚਦਾ ਹੋਵੇ ਪਰ ਫੈਨਾਂ ਦੀ ਭੀੜ ਵਿਚ ਇਹ ਸੰਭਵ ਨਹੀਂ ਦਿਸਦਾ। ਕਈ ਦਿਨ ਲੰਘ ਗਏ ਹਨ ਮੁਲਾਕਾਤ ਦੀ ਹੁਣ ਉਮੀਦ ਘੱਟ ਦਿਸਦੀ ਹੈ। ਹੁਣ ਤਾਂ ਪਤਾ ਚਲਿਆ ਹੈ ਕਿ ਉਸ ਦੇ ਵਾਪਸ ਪਰਤਣ ਦੀ ਤਰੀਕ ਆ ਗਈ ਹੈ ਤੇ ਜਾਪਦਾ ਹੈ ਕਿ ਉਸ ਨੂੰ ਮਿਲਣ ਲਈ ਹਾਲੇ ਹੋਰ ਇੰਤਜ਼ਾਰ ਕਰਨਾ ਪਵੇਗਾ, ਕਿੰਨਾ? ਇਹ ਤਾਂ ਵਕਤ ਹੀ ਦੱਸੇਗਾ।

Friday 23 April 2010

ਕਿਹਦੇ ਲਈ ਲਿਖੀਏ?

ਸ਼ਾਇਦ ਇਹ ਸਵਾਲ ਹਰ ਲੇਖਕ ਮੁਹਰੇ ਹੀ ਆ ਖੜਦਾ ਹੋਵੇ ਕਿ ਅਸੀਂ ਕਿਹਦੇ ਲਈ ਲਿਖ ਰਹੇ ਹਾਂ। ਕੀ ਲਿਖਦੇ ਸਮੇਂ ਲੇਖਕ ਦੇ ਸਾਹਮਣੇ ਉਸ ਦੇ ਪਾਠਕ ਹੁੰਦੇ ਹਨ? ਇਸ ਬਾਰੇ ਮੈਂ ਸੋਚਦਾ ਹਾਂ ਕਿ ਜਦੋਂ ਕਿਸੇ ਮਕਸਦ ਨਾਲ ਲਿਖਿਆ ਜਾਵੇ ਤਾਂ ਲੇਖਕ ਸੁਚੇਤ ਹੁੰਦਾ ਹੈ ਕਿ ਉਹ ਕਿਸ ਲਈ ਲਿਖ ਰਿਹਾ ਹੈ। ਇਸ ਬਾਰੇ ਕੱਲ ਹੀ ਡਾ. ਸਵਰਨ ਚੰਦਨ ਨਾਲ ਗੱਲਬਾਤ ਹੋ ਰਹੀ ਸੀ। ਉਸ ਦਾ ਨਵਾਂ ਨਾਵਲ 'ਸਮਾਂ' ਮੈਂ ਕੱਲ ਹੀ ਮੁਕਾਇਆ ਸੀ ਤੇ ਨਾਵਲਕਾਰ ਇੰਡੀਆ ਜਾਂਦਾ ਹੋਇਆ ਕੁਝ ਘੰਟੇ ਮੇਰੇ ਪਾਸ ਠਹਿਰਿਆ ਸੀ ਤੇ ਇਸੇ ਸਵਾਲ ਨੂੰ ਲੈ ਕੇ ਗੱਲ ਤੁਰ ਪਈ। ਨਾਵਲ 'ਸਮਾਂ' ਕੁਝ ਮੁਸ਼ਕਲ ਨਾਵਲ ਹੈ। ਮੁਸ਼ਕਲ ਇਸ ਤਰ੍ਹਾਂ ਕਿ ਇਸ ਵਿਚ ਬਹੁਤ ਸਾਰੀਆਂ ਧੂਆਂ-ਧਾਰ ਸਪੀਚਾਂ ਹਨ। ਇਸ ਦਾ ਮੁੱਖ ਪਾਤਰ ਸੁਦੀਪ ਸੁਮੇਰ ਪੀ. ਐਚ. ਡੀ. ਡਾਕਟਰ ਹੈ ਤੇ ਉਹ ਭਾਸ਼ਨ ਦੇਣ ਥਾਂ ਪੁਰ ਥਾਂ ਜਾਂਦਾ ਰਹਿੰਦਾ ਹੈ, ਉਹ ਸਾਰੇ ਦੇ ਸਾਰੇ ਭਾਸ਼ਨ ਪੂਰੇ ਨਾਵਲ ਵਿਚ ਦਿਤੇ ਹੋਏ। ਕਿਤੇ ਸੁਦੀਪ ਸੁਮੇਰ ਦਵੰਦਵਾਦ ਸਮਝਾ ਰਿਹਾ ਹੈ, ਕਿਤੇ ਉਤਰ-ਆਧੁਨਿਕਵਾਦ, ਕਿਤੇ ਗਲੋਬਲਾਈਜੇਸ਼ਨ ਤੇ ਕਿਤੇ ਬ੍ਰਹਮੰਡ ਦੀਆਂ ਗੱਲਾਂ ਹੋ ਰਹੀਆਂ ਹਨ। ਉਹ ਆਪਣੇ ਵਰਗੇ ਹੋਰਨਾਂ ਪੰਜਾਬੀ ਦੇ ਡਾਕਟਰਾਂ ਨਾਲ ਬਹਿਸਾਂ ਵੀ ਕਰਦਾ ਹੈ। ਵੈਸੇ ਮੈਂ ਤਾਂ ਇਹਨਾਂ ਭਾਸ਼ਨਾਂ ਤੇ ਇਹਨਾਂ ਬਹਿਸਾਂ ਤੋਂ ਕਾਫੀ ਕੁਝ ਸਿਖਿਆ ਹੈ, ਹੋਰ ਪਾਠਕ ਵੀ ਸਿਖਣਗੇ ਹੀ ਪਰ ਇਹ ਨਾਵਲ ਆਮ ਪਾਠਕ ਦੇ ਸ਼ਾਇਦ ਪੱਲੇ ਨਾ ਪਵੇ। ਇਹੋ ਗੱਲ ਮੈਂ ਨਾਵਲਕਾਰ ਨਾਲ ਕੀਤੀ ਤਾਂ ਉਸ ਨੇ ਸਪੱਸ਼ਟ ਕਹਿ ਦਿਤਾ ਕਿ ਇਹ ਨਾਵਲ ਆਮ ਪਾਠਕ ਲਈ ਹੈ ਹੀ ਨਹੀਂ। ਫਿਰ ਨਾਵਲਕਾਰ ਨੇ ਇਕ ਹੋਰ ਸ਼ੰਕਾ ਵੀ ਜ਼ਾਹਿਰ ਕੀਤਾ ਕਿ ਪੂਰੇ ਇੰਗਲੈਂਡ ਵਿਚ ਉਸ ਨੂੰ ਕੋਈ ਵੀ ਅਜਿਹਾ ਬੰਦਾ ਨਹੀਂ ਮਿਲ ਰਿਹਾ {ਮੈਨੂੰ ਛੱਡ ਕੇ} ਜਿਸ ਨੂੰ ਉਹ ਨਾਵਲ ਪੜ੍ਹਨ ਲਈ ਦੇਵੇ ਕਿਉਂਕਿ ਅਗਲੇ ਨੂੰ ਸਮਝ ਹੀ ਨਹੀਂ ਲਗਣਾ। ਅਜਿਹੀ ਹਾਲਤ ਵਿਚ ਕਿਸੇ ਨੂੰ ਨਾਵਲ ਦੇਣ ਦਾ ਮਤਲਬ ਹੈ ਕਿ ਇਸ ਦੀ ਕਾਪੀ ਖਰਾਬ ਕਰਨਾ। ਫਿਰ ਵੀ ਉਸ ਨੇ ਦੋ ਕਾਪੀਆਂ ਹੋਰ ਲੇਖਕਾਂ ਨੂੰ ਦਿਤੀਆਂ ਹਨ। ਫਿਰ ਅਸੀਂ ਦੋਨਾਂ ਨੇ ਪੂਰੀ ਦੁਨੀਆਂ ਦੇ ਪੰਜਾਬੀ-ਅਲੋਚਕਾਂ ਦੀ ਲਿਸਟ ਬਣਾਈ ਜੋ ਇਸ ਨਾਵਲ ਉਪਰ ਪਰਚਾ ਲਿਖਣ ਦੇ ਕਾਬਲ ਹੋਣ ਪਰ ਡਾ. ਸਵਰਨ ਚੰਦਨ ਨੂੰ ਇਕ ਵੀ ਨਾਂ ਨਹੀਂ ਲਭਿਆ {ਵੈਸੇ ਮੈਂ ਇਸ ਨਾਵਲ 'ਤੇ ਪਰਚਾ ਲਿਖ ਰਿਹਾ ਹਾਂ} ਜੋ ਇਸ ਨਾਵਲ ਉਪਰ ਗੱਲ ਕਰ ਸਕੇ, ਪਰਚਾ ਲਿਖ ਕੇ ਇਸ ਨਾਵਲ ਨਾਲ ਇਨਸਾਫ ਕਰੇ। ਇਹ ਤਾਂ ਸੱਚ ਹੈ ਹੀ ਕਿ ਪੰਜਾਬੀ ਸਾਹਿਤ-ਅਲੋਚਨਾ ਵਿਚ ਇਸ ਵੇਲੇ ਅਲੋਚਕਾਂ ਦਾ ਕਾਲ਼ ਪੈ ਗਿਆ ਹੈ। ਹਰਭਜਨ ਸਿੰਘ, ਅਤਰ ਸਿੰਘ ਵਰਗੇ ਅਲੋਚਕ ਨਹੀਂ ਰਹੇ। ਸੇਖੋਂ, ਕਿਸ਼ਨ ਸਿੰਘ ਤਾਂ ਦੂਰ ਦੀਆਂ ਗੱਲਾਂ ਹਨ। ਨਵੇਂ ਅਲੋਚਕ ਪੂਰੀ ਮਿਹਨਤ ਨਹੀਂ ਕਰਦੇ। ਪੰਜਾਬੀ ਸਾਹਿਤ ਵਿਚ ਰਿਵਿਊਕਾਰ ਬਹੁਤ ਹਨ ਪਰ ਅਲੋਚਕ ਏਨੇ ਨਹੀਂ। ਡਾ. ਸਵਰਨ ਚੰਦਨ ਦਾ ਸ਼ੰਕਾ ਕਿ ਉਸ ਦੇ ਨਾਵਲ ਨਾਲ ਇਨਸਾਫ ਕਰਦਾ ਪਰਚਾ ਲਿਖਣ ਵਾਲਾ ਕੋਈ ਨਹੀਂ ਇਸ ਦਾ ਉਤਰ ਤਾਂ ਭਵਿੱਖ ਵਿਚ ਪਿਆ ਹੈ ਪਰ ਅਲੋਚਕਾਂ ਦੀ ਘਾਟ ਦੇ ਕਾਰਨ ਉਸ ਦੇ ਨਾਵਲ ਵਿਚ ਮੌਜੂਦ ਹਨ ਕਿ ਅਜਕਲ ਹਰ ਕੋਈ ਸ਼ੌਰਟ-ਕੱਟ ਲਭਦਾ ਹੈ।
ਨਾਵਲ ਦੀ ਅਲੋਚਨਾ ਨਾਲੋਂ ਮੈਨੂੰ ਇਹ ਗੱਲ ਇਹ ਜ਼ਿਆਦਾ ਮਹੱਤਵਪੂਰਨ ਲਗਦੀ ਹੈ ਕਿ ਤੁਹਾਡੇ ਲਿਖੇ ਨਾਵਲ ਨੂੰ ਕੌਣ ਪੜੇਗਾ। ਕਿਹੜੇ ਪਾਠਕਾਂ ਤਕ ਇਹ ਪੁੱਜੇਗਾ। ਡਾ. ਸਵਰਨ ਚੰਦਨ ਚੇਤੰਨ ਹੈ ਕਿ ਉਸ ਦਾ ਨਾਵਲ ਆਮ ਪਾਠਕ ਲਈ ਨਹੀਂ ਹੈ। ਉਸ ਦਾ ਕਹਿਣਾ ਹੈ ਕਿ ਆਮ ਪਾਠਕ ਲਈ ਗੁਲਸ਼ਨ ਨੰਦਾ ਹੈ, ਕਰਨਲ ਰੰਜੀਤ ਹੈ, ਬੂਟਾ ਸਿੰਘ ਸ਼ਾਦ ਹੈ, ਰਾਮ ਸਰੂਪ ਅਣਖੀ ਹੈ, ਨਾਨਕ ਸਿੰਘ ਹੈ। ਉਸ ਮੁਤਾਬਕ ਉਸ ਦਾ ਨਾਵਲ 'ਕੰਜਕਾਂ' ਵੀ ਇਕ ਔਖਾ ਨਾਵਲ ਸੀ। ਇਸ ਦਾ ਕਿੰਨਾ ਸਾਰਾ ਹਿੱਸਾ ਤਾਂ ਅੰਗਰੇਜ਼ੀ ਵਿਚ ਹੀ ਸੀ ਫਿਰ ਵੀ ਲੋਕਾਂ ਨੇ ਇਸ ਨੂੰ ਬਹੁਤ ਪਸੰਦ ਕੀਤਾ ਸੀ। 'ਵੇਟਿੰਗ ਫਾਰ ਗੋਡੋਤ' ਕਿੰਨਿਆਂ ਕੁ ਨੂੰ ਸਮਝ ਲਗਦਾ ਹੈ ਫਿਰ ਵੀ ਉਹ ਉਤਮ ਰਚਨਾ ਮੰਨੀ ਜਾਂਦੀ ਹੈ। ਉਸ ਮੁਤਾਬਕ ਇਤਹਾਸ ਦੇਖੀਏ ਤਾਂ ਇਲੀਟ ਲਈ ਲਿਖੇ ਨਾਵਲ ਹੀ ਵਧੀਆ ਨਾਵਲ ਮੰਨੇ ਗਏ ਹਨ। ਮੈਂ ਇੰਨੇ ਨਾਵਲ ਲਿਖੇ ਹਨ ਪਾਠਕਾਂ ਬਾਰੇ ਕਦੇ ਸੋਚਿਆ ਹੀ ਨਹੀਂ ਸੀ। ਮੈਂ ਸੋਚਦਾ ਹਾਂ ਕਿ ਅਗਲਾ ਨਾਵਲ ਇਹ ਗੱਲ ਜ਼ਿਹਨ ਵਿਚ ਰੱਖ ਕੇ ਲਿਖਾਂਗਾ।

Tuesday 20 April 2010

ਸਾਡੀ ਹੋਣੀ

ਅਜਕਲ ਮੈਂ ਇਕ ਨਾਵਲ ਪੜ੍ਹ ਰਿਹਾ ਹਾਂ ਜਿਸ ਦਾ ਨਾਂ ਹੈ: ਪਟਾਕਸ਼ੇਪ। ਇਹ ਲਿਲੀ ਰੇਅ ਦਾ ਲਿਖਿਆ ਹੋਇਆ ਹੈ ਤੇ ਇਸ ਨੂੰ ਭਾਰਤੀ ਗਿਆਨ ਪੀਠ ਵਾਲਿਆਂ ਨੇ ਇਸ ਦੀ ਮੂਲ ਜ਼ੁਬਾਨ ਮੈਥਿਲੀ ਤੋਂ ਤਰਜਮਾ ਕੇ ਹਿੰਦੀ ਵਿਚ ਛਪਵਾਇਆ ਹੈ। ਇਹ ਛੋਟਾ ਜਿਹਾ ਨਾਵਲ ਨੈਕਸਲਬਾੜੀ ਲਹਿਰ ਦੇ ਪਤਨ ਦੀ ਗੱਲ ਕਰਦਾ ਹੈ। ਵੈਸੇ ਤਾਂ ਭਾਰਤੀ ਗਿਆਨ ਪੀਠ ਵਾਲੇ ਬਹੁਤ ਖੂਬਸੂਰਤ ਰਚਨਾਵਾਂ ਨੂੰ ਉੁਲਥਾਉੁਂਦੇ ਹਨ, ਪਿੱਛੇ ਜਿਹੇ ਮੈਂ 'ਸੰਸਕਾਰ' ਨਾਂ ਦਾ ਬਹੁਤ ਹੀ ਖੂਬਸੂਰਤ ਨਾਵਲ ਪੜ੍ਹਿਆ ਸੀ ਤੇ ਹੋਰ ਵੀ ਕਈ ਪਰ ਇਹ ਨਾਵਲ ਸ਼ਾਇਦ ਗਿਆਨ ਪੀਠ ਵਾਲਿਆਂ ਦੀ ਸੱਜੇ ਪੱਖੀ ਸੋਚ ਕਾਰਨ ਛਾਪਿਆ ਗਿਆ ਹੋਵੇ ਕਿਉਂਕਿ ਇਹ ਨਾਵਲ ਨੈਕਸਲਬਾੜੀ ਲਹਿਰ ਨੂੰ ਛੁਟਿਆਉਂਦੀ ਰਚਨਾ ਹੈ। ਮੈਨੂੰ ਇਹ ਗੱਲ ਬਿਲਕੁਲ ਨਹੀਂ ਭਾਉਂਦੀ। ਮੈਂ ਨੈਕਸਲਬਾੜੀ ਲਹਿਰ ਦਾ ਕਦੇ ਵੀ ਹਿੱਸਾ ਨਹੀਂ ਰਿਹਾ ਪਰ ਮੇਰੇ ਬਹੁਤ ਸਾਰੇ ਦੋਸਤ ਇਸ ਲਹਿਰ ਵਿਚ ਰਹੇ ਹਨ ਬਲਕਿ ਇਸ ਦੇ ਥੰਮ ਰਹੇ ਹਨ ਤੇ ਹਾਲੇ ਵੀ ਕਿਸੇ ਨਾ ਕਿਸੇ ਮੁਹਾਜ ਤੇ ਲੜਾਈ ਲੜ ਰਹੇ ਹਨ। ਸਰਦਾਰਾ ਸਿੰਘ ਮਾਹਲ, ਦਰਸ਼ਨ ਖਟਕੜ ਇਸ ਦੀਆਂ ਮਿਸਾਲਾਂ ਹਨ। ਹੋ ਸਕਦਾ ਹੈ ਕਿ ਇਹ ਨਾਵਲ ਬਹੁਤ ਸਾਰੇ ਲੋਕਾਂ ਨੂੰ ਪਸੰਦ ਵੀ ਹੋਵੇ ਪਰ ਮੈਨੂੰ ਨਹੀਂ ਹੈ। ਰੂਸ ਵਿਚ ਕੌਮਿਨਜ਼ਮ ਫ੍ਹੇਲ ਹੋਣ ਨੂੰ ਬਹੁਤ ਸਾਰੇ ਮਾਰਕਸਿਜ਼ਮ ਦਾ ਫ੍ਹੇਲ ਹੋਣਾ ਹੀ ਮੰਨੀ ਜਾਂਦੇ ਹਨ। ਜੇ ਕਾਮਰੇਡ ਲੋਕ ਕੱਟੜ ਹਨ ਤਾਂ ਅਜਿਹੇ ਲੋਕ ਇਹ ਵੀ ਮਾਰਕਸਿਜ਼ਮ ਦਾ ਕਸੂਰ ਹੀ ਕੱਢੀ ਜਾਂਦੇ ਹਨ। ਬਹੁਤ ਸਾਰੇ ਇਸ ਲਹਿਰ ਦਾ ਹਿੱਸਾ ਰਹਿ ਚੁਕੇ ਲੋਕ ਵੀ ਇਸ ਨੂੰ ਫੈਸ਼ਨ ਵਾਂਗ ਅਪਣਾ ਰਹੇ ਹਨ। ਇਹ ਸਹੀ ਨਹੀਂ ਹੈ ਪਰ ਇਹ ਲੋਕਤੰਤਰ ਹੈ, ਕਿਸੇ ਨੂੰ ਰੋਕਿਆ ਤਾਂ ਨਹੀਂ ਨਾ ਜਾ ਸਕਦਾ।
ਇੰਡੀਆ ਵਾਲੇ ਦੋਸਤ ਪੁੱਛਦੇ ਹਨ ਕਿ ਅਸੀਂ ਵਲਾਇਤੀਏ, ਭਾਵ ਕਿ ਇੰਗਲੈਂਡ ਵਿਚ ਰਹਿਣ ਵਾਲੇ ਮਹਾਂਰਾਜਾ ਦਲੀਪ ਸਿੰਘ ਪ੍ਰਤੀ ਏਨੇ ਫੈਸੀਨੇਟਿਡ ਕਿਉਂ ਹਾਂ। ਦੱਸਣ ਦੇ ਬਾਵਜੂਦ ਵੀ ਉੁਹ ਸਾਡੀ ਸਾਇਕੀ ਨੂੰ ਨਹੀਂ ਫੜ ਸਕਦੇ। ਮਹਾਂਰਾਜਾ ਲਗਭਗ ਪਹਿਲਾ ਪੰਜਾਬੀ ਸੀ ਜੋ ਇਸ ਮੁਲਕ ਵਿਚ ਆ ਕੇ ਅਬਾਦ ਹੋਇਆ ਸੀ ਫਿਰ ਪੰਜਾਬ ਦਾ ਮਹਾਂਰਾਜਾ ਵੀ ਸੀ, ਮਹਾਂਰਾਜਾ ਰਣਜੀਤ ਸਿੰਘ ਦਾ ਕਨੂੰਨੀ ਜਾਨਸ਼ੀਨ। ਜੇਕਰ ਕਹਾਣੀ ਦੇਖੀ ਜਾਵੇ ਤਾਂ ਇਵੇਂ ਹੈ ਕਿ ਇਕ ਬੱਚੇ ਦਾ ਅਪਹਰਣ ਕਰ ਲਿਆ ਜਾਂਦਾ ਹੈ ਤੇ ਉਸ ਨੂੰ ਵਰਗਲਾ ਕੇ ਉਸ ਦਾ ਧਰਮ ਬਦਲ ਦਿਤਾ ਜਾਂਦਾ ਹੈ, ਉਸ ਨੂੰ ਪੱਛਮ ਦੀ ਹਵਾ ਲਵਾ ਕੇ ਪੂਰੀ ਤਰ੍ਹਾਂ ਕੁਰਾਹੇ ਪਾ ਦਿਤਾ ਜਾਂਦਾ ਹੈ। ਹਰ ਤਰ੍ਹਾਂ ਦਾ ਐਬ ਉਸ ਦੇ ਵਿਅਕਤੀਤਵ ਵਿਚ ਯੋਯਨਾਬੱਧ ਤਰੀਕੇ ਨਾਲ ਭਰ ਦਿਤਾ ਜਾਂਦਾ ਹੈ। ਜਦੋਂ ਉਸ ਨੂੰ ਹੋਸ਼ ਆਉਂਦੀ ਹੈ ਤਾਂ ਬਹੁਤ ਦੇਰ ਹੋ ਚੁਕੀ ਹੁੰਦੀ ਹੈ। ਅਖੀਰ ਵਿਚ ਉਹ ਸਾਨੂੰ ਇਕੱਲੇ ਪੰਛੀ ਵਾਂਗ ਕੁਰਲਾਉਂਦਾ ਨਜ਼ਰ ਆਉਂਦਾ ਹੈ। ਕਈ ਵਾਰ ਸਾਡੀ ਅੱਜ ਦੀ ਇਕੱਲ ਉਸ ਦੀ ਇਕੱਲ ਨਾਲ ਮੇਲ਼ ਖਾਂਦੀ ਦਿਸਦੀ ਹੈ ਤੇ ਅਸੀਂ ਆਪਣੇ ਆਪ ਨੂੰ ਉਸ ਨਾਲ ਐਡੰਟੀਫਾਈ ਕਰਨ ਲਗਦੇ ਹਾਂ। ਇਸ ਗੱਲ ਨੂੰ ਭਾਰਤ ਵਿਚ ਬੈਠੇ ਮੇਰੇ ਬਹੁਤ ਸਾਰੇ ਦੋਸਤ ਸਮਝ ਨਹੀਂ ਰਹੇ। ਮਹਾਂਰਾਜਾ ਦਲੀਪ ਸਿੰਘ ਕਈ ਥਾਵੀਂ ਸਾਨੂੰ ਰੈਪਰੇਜ਼ੈਂਟ ਕਰਦਾ ਨਜ਼ਰ ਆਉਂਦਾ ਹੈ।
ਮਹਾਂਰਾਜਾ ਦਲੀਪ ਸਿੰਘ ਉਪਰ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਗਈਆਂ ਹਨ। ਬਹੁਤ ਸਾਰੇ ਅੰਗਰੇਜ਼ ਲੇਖਕਾਂ ਨੇ ਤਾਂ ਉਸ ਦੇ ਜਿਉਂਦੇ ਜੀ ਹੀ ਪੱਛਾਣ ਲਿਆ ਸੀ ਕਿ ਉਸ ਦੀ ਕਹਾਣੀ ਵਿਕਣਯੋਗ ਵਸਤੂ ਹੈ ਤੇ ਇਸ ਨੂੰ ਕੈਸ਼ ਕਰਾਉਣਾ ਸ਼ੁਰੂ ਕਰ ਦਿਤਾ ਸੀ ਪਰ ਬਾਅਦ ਵਿਚ ਹਾਲੇ ਤਕ ਕੁਝ ਨਾ ਕੁਝ ਉਸ ਬਾਰੇ ਲਿਖਿਆ ਹੀ ਜਾਂਦਾ ਰਿਹਾ ਹੈ ਤੇ ਵਿਕਦਾ ਵੀ ਰਿਹਾ ਹੈ। ਅਜਕਲ ਇਥੇ ਦੇ ਜੰਮੇ ਪੰਜਾਬੀ ਪੀਟਰ ਬੈਂਸ ਦੀਆਂ ਕਿਤਾਬਾਂ ਕਾਫੀ ਮਾਤਰਾ ਵਿਚ ਵਿਕ ਰਹੀਆਂ ਹਨ। ਸ਼ਾਇਦ ਪੰਜਾਬੀ ਵੀ ਦਲੀਪ ਸਿੰਘ ਦੀ ਹੋਣੀ ਤੋਂ ਪਾਸਾ ਮੋੜੀ ਬੈਠੇ ਰਹਿੰਦੇ ਜੇ ਇਕ ਦੋ ਸਿੱਖ ਹਿਸਟੋਰੀਅਨ ਹਿੰਮਤ ਨਾ ਕਰਦੇ। ਦਲੀਪ ਸਿੰਘ ਦੀ ਅਗਲੀ ਪੀੜ੍ਹੀ ਨੂੰ ਤਾਂ ਅਸੀਂ ਬਿਲਕੁਲ ਹੀ ਅਣਗੌਲ਼ਿਆਂ ਕਰ ਦਿਤਾ ਹੈ। ਨੜੈਂਨਵੇਂ ਪ੍ਰਤੀਸ਼ੱਤ ਪੰਜਾਬੀਆਂ ਨੂੰ ਉਹਨਾਂ ਬਾਰੇ ਕੁਝ ਪਤਾ ਹੀ ਨਹੀਂ ਹੈ। ਪਿੱਛੇ ਜਿਹੇ ਮਹਾਂਰਾਜਾ ਦਲੀਪ ਸਿੰਘ ਦੇ ਦੂਜੇ ਨੰਬਰ ਦੇ ਬੇਟੇ ਫਰੈਡਰਿਕ ਬਾਰੇ ਮੈਂ ਇਕ ਛੋਟਾ ਜਿਹਾ ਲੇਖ ਲਿਖ ਕੇ ਛਪਵਾਇਆ ਤਾਂ ਕਈ ਦੋਸਤਾਂ ਦੇ ਹੈਰਾਨੀ ਭਰੇ ਫੋਨ ਆਏ। ਬਹੁਤੇ ਲੋਕਾਂ ਨੂੰ ਨਹੀਂ ਪਤਾ ਕਿ ਦਲੀਪ ਸਿੰਘ ਦੇ ਅੱਠ ਬੱਚੇ ਸਨ। ਉਸ ਦੀ ਇਕ ਧੀ ਸੰਨ ਉਨੀ ਸੌ ਅਠਤਾਲੀ ਵਿਚ ਮਰਦੀ ਹੈ ਜਦੋਂ ਪੰਜਾਬੀ ਲੰਡਨ ਵਿਚ ਵਸਣੇ ਚੰਗੀ ਤਰ੍ਹਾਂ ਸ਼ੁਰੂ ਹੋ ਚੁੱਕੇ ਹਨ। ਗੁਰਦਵਾਰੇ ਬਣ ਚੁੱਕੇ ਹਨ। ਲੰਗਰ ਵਰਤਾਏ ਜਾ ਰਹੇ ਹਨ, ਸਰੋਪੇ ਦਿਤੇ ਜਾ ਰਹੇ ਹਨ ਪਰ ਇਹ ਲੋਕ ਆਪਣੇ ਇਤਹਾਸ ਵਲੋਂ ਅੱਖਾਂ ਮੀਟੀ ਬੈਠੇ ਹਨ। ਮਹਾਂਰਾਜੇ ਦੀ ਦੂਜੀ ਬੇਟੀ ਤਾਂ ਉਨੀ ਸੌ ਸਤਵੰਜਾ ਵਿਚ ਮਰਦੀ ਹੈ। ਸਾਡਾ ਫਰਜ਼ ਬਣਦਾ ਸੀ ਉਸ ਨੂੰ ਗੌਲਣ ਦਾ। ਹਿੰਦੁਸਤਾਨ ਅਜ਼ਾਦ ਵੀ ਹੋ ਚੁੱਕਾ ਸੀ। ਖੈਰ ਇਹ ਗੱਲਾਂ ਹੁਣ ਪੁਰਾਣੀਆਂ ਹਨ ਪਰ ਸਾਨੂੰ ਇਸ ਮੁਲਕ ਵਿਚ ਵਸਦਿਆਂ ਨੂੰ ਇਹ ਪਰਿਵਾਰ ਹੌਂਟ ਕਰਦਾ ਹੈ ਤੇ ਕਰਦਾ ਰਹੇਗਾ। ਹੁਣ ਖੁਸ਼ੀ ਦੀ ਗੱਲ ਇਹ ਹੈ ਕਿ ਇਸ ਪਰਿਵਾਰ ਦੇ ਦੁਖਾਂਤ ਉਪਰ ਫਿਲਮ ਬਣਨ ਦੀਆਂ ਤਿਆਰੀਆਂ ਸ਼ੁਰੂ ਹੋ ਰਹੀਆਂ ਹਨ ਤੇ ਆਸ ਹੈ ਕਿ ਇਹ ਐਪਿਕ ਇਕ ਦਿਨ ਸਾਰੀ ਦੁਨੀਆਂ ਦੇ ਸਾਹਮਣੇ ਹੋਵੇਗਾ।
ਵੈਸੇ ਤਾਂ ਇਹਨਾਂ ਮੁਲਕਾਂ ਵਿਚ ਆ ਵਸੇ ਸਾਡੇ ਸਾਰੇ ਪਰਿਵਾਰ ਹੀ ਇਕ ਇਕ ਐਪਿਕ ਚੁੱਕੀ ਫਿਰਦੇ ਹਨ,ਇਹ ਸਮਾਂ ਹੀ ਦਸੇਗਾ ਕਿ ਕਿਹੜਾ ਐਪਿਕ ਸਾਂਭਿਆ ਜਾਂਦਾ ਹੈ ਤੇ ਕਿਹੜਾ ਵਕਤ ਦੀ ਧੂੜ ਹੇਠ ਦਬਿਆ ਜਾਵੇਗਾ।

Sunday 18 April 2010

ਹੈਲੋ ਐਤਵਾਰ।

ਅਜ ਐਤਵਾਰ ਹੈ, ਛੁੱਟੀ ਦਾ ਦਿਨ, ਜਾਗਣ ਦੇ ਵਕਤ ਦੀ ਪ੍ਰਵਾਹ ਨਾ ਰੱਖਦਿਆਂ ਸਾਰੇ ਡਿਸਪਲਨ ਤੋੜਨ ਦਾ ਦਿਨ। ਹੋ ਸਕਦਾ ਹੈ ਕਿ ਅਚਾਨਕ ਕੋਈ ਮਹਿਮਾਨ ਆਕੇ ਤੁਹਾਡੀ ਇਸ ਮਸਤੀ ਵਿਚ ਖੱਲਲ ਪਾ ਦੇਵੇ, ਤੁਹਾਨੂੰ ਉਸ ਨਾਲ ਪੱਬ ਜਾਣਾ ਪਵੇ ਤੇ ਅੱਧਾ ਦਿਨ ਝੱਲਪੁਣੇ ਵਿਚ ਨਿਕਲ ਜਾਵੇ ਪਰ ਫਿਰ ਵੀ ਇਹ ਛੁੱਟੀ ਦਾ ਦਿਨ ਹੈ ਤੇ ਇਹਨਾਂ ਮੁਲਕਾਂ ਵਿਚ ਰਹਿੰਦਿਆਂ ਛੁੱਟੀ ਕਿਸੇ ਫੌਜੀ ਦੀ ਛੁੱਟੀ ਜਿੰਨੀ ਪਿਆਰੀ ਹੀ ਹੁੰਦੀ ਹੈ। ਇੰਗਲੈਂਡ ਦੀ ਫਿਜ਼ਾ ਵਿਚਲੀ ਠੰਡ ਕੁਝ ਘਟੀ ਹੈ ਪਰ ਅਸਮਾਨ ਵਿਚ ਛਾਈ ਆਈਸਲੈਂਡ ਦੇ ਲਾਵੇ ਦੀ ਧੂੜ ਨੇ ਜ਼ਿੰਦਗੀ ਨੂੰ ਹਾਲਟ ਕਰ ਰੱਖਿਆ ਹੈ। ਕਿੰਨੇ ਦਿਨ ਹੋ ਗਏ ਹਨ ਜਹਾਜ਼ਾਂ ਨੂੰ ਰੁਕਿਆਂ। ਏਧਰ ਦੀਆਂ ਸਵਾਰੀਆਂ ਏਧਰ ਤੇ ਓਧਰ ਦੀਆਂ ਸਵਾਰੀਆਂ ਓਧਰ। ਅਰਬਾਂ ਪੌਂਡਾਂ ਦਾ ਨੁਕਸਾਨ ਹਰ ਰੋਜ਼ ਹੋ ਰਿਹਾ ਹੈ। ਜਹਾਜ਼ ਉਡਾਉਣੇ ਖਤਰਨਾਕ ਹਨ। ਅਜਿਹੇ ਸਮੇਂ ਪਹਿਲਾਂ ਕਈ ਜਹਾਜ਼ਾਂ ਦੇ ਐਕਸੀਡੈਂਟ ਹੋ ਚੁੱਕੇ ਹਨ। ਹੋਰ ਰਿਸਕ ਨਹੀਂ ਲਿਆ ਜਾ ਸਕਦਾ। ਇਸ ਸਮੱਸਿਆ ਦਾ ਹੱਲ ਲੱਭਣ ਵਿਚ ਸਰਕਾਰ ਫੇ੍ਹਲ ਹੋ ਰਹੀ ਹੈ। ਵੈਸੇ ਸਰਕਾਰ ਬਹੁਤਾ ਕੁਝ ਕਰ ਵੀ ਨਹੀਂ ਸਕਦੀ। ਸਰਕਾਰ ਕੋਲ ਇਸ ਸਮੱਸਿਆ ਬਾਰੇ ਸੋਚਣ ਦਾ ਵਕਤ ਵੀ ਨਹੀਂ ਹੈ। ਦੇਸ਼ ਵਿਚ ਇਸ ਵੇਲੇ ਚੋਣਾਂ ਦਾ ਜ਼ੋਰ ਹੈ। ਦੋਵੇਂ ਹੀ ਨਹੀਂ ਤਿੰਨੋਂ ਪਾਰਟੀਆਂ ਨੇ ਆਪਣੀ ਪੂਰੀ ਸਮੱਰਥਾ ਚੋਣਾਂ ਵਿਚ ਝੋਕੀ ਹੋਈ ਹੈ। ਸੋ ਚੋਣਾਂ ਦੀ ਗਹਿਮੋ-ਗਹਿਮੀ ਵਿਚ ਜਹਾਜ਼ਾਂ ਦੇ ਨਾ ਉਡ ਸਕਣ ਵਾਲੀ ਮੁਸ਼ਕਲ ਕਿਤੇ ਦੂਰ ਹੇਠਾਂ ਦੱਬੀ ਜਾ ਰਹੀ ਹੈ। ਚੋਣਾਂ ਦੇ ਨਾਲ ਨਾਲ ਪੰਜਾਬੀ ਸਾਹਿਤਕ ਹਲਕਿਆਂ ਵਿਚ ਵੀ ਹਿਲ-ਜੁਲ ਹੋ ਰਹੀ ਹੈ। ਗਰਮੀਆਂ ਆਈਆਂ ਨਹੀਂ ਤੇ ਇੰਗਲੈਂਡ ਦੀਆਂ ਲੇਖਕ ਸਭਾਵਾਂ ਨੇ ਆਪਣੇ ਪਰ ਤੋਲਣੇ ਸ਼ੁਰੂ ਕੀਤੇ ਨਹੀਂ। ਕਈ ਸ਼ਹਿਰਾਂ ਵਿਚ ਅਜਿਹੀਆਂ ਸਾਹਿਤਕ ਸਭਾਵਾਂ ਹਨ ਬਲਕਿ ਦੋ ਜਾਂ ਇਸ ਤੋਂ ਵੱਧ ਵੀ ਹਨ, ਗਰਮੀਆਂ ਵਿਚ ਇਹ ਸਮਾਗਮ ਰਚਾਉਣ ਦੇ ਬਹਾਨੇ ਲੱਭਣ ਲਗਦੀਆਂ ਹਨ। ਪੰਜਾਬੀ ਲੇਖਕਾਂ ਦੇ ਇਕ ਦੂਜੇ ਨੂੰ ਫੋਨ ਖੜਕਣੇ ਸ਼ੁਰੂ ਹੋ ਚੁੱਕੇ ਹਨ। ਐਤਕੀਂ ਪਹਿਲਾ ਸਮਾਗਮ ਸਾਊਥਾਲ ਦੀ ਇਕ ਸਭਾ ਅੱਠ ਮਈ ਨੂੰ ਕਰਾ ਰਹੀ ਹੈ ਜਿਸ ਵਿਚ ਮੇਰੀ ਨਵੀਂ ਕਿਤਾਬ'ਪੱਚਾਸੀ ਵਰਿ੍ਆਂ ਦਾ ਜਸ਼ਨ' ਉੁਪਰ ਪਰਚਾ ਵੀ ਪੜਿਆ ਜਾ ਰਿਹਾ ਹੈ। ਮੈਨੂੰ ਇਹ ਗੱਲ ਖੁਸ਼ੀ ਦੇ ਰਹੀ ਹੈ ਕਿ ਮੇਰੀ ਇਸ ਕਿਤਾਬ ਦੀ ਗੱਲ ਵਾਹਵਾ ਤੁਰ ਪਈ ਹੈ। ਸਾਡੀ ਸਭਾ 'ਅਦਾਰਾ ਸ਼ਬਦ' ਵੀ ਜੁਲਾਈ ਵਿਚ ਇਕ ਫੰਕਸ਼ਨ ਕਰਾਵਾਵੇਗੀ। ਜੁਲਾਈ ਦੇ ਪਹਿਲੇ ਜਾਂ ਤੀਜੇ ਹਫਤੇ। ਤਰੀਕ ਬਾਰੇ ਫੈਸਲਾ ਹੋਣਾਂ ਹੈ। ਸਭਾ ਦੇ ਏਜੰਡੇ ਬਾਰੇ ਵੀ ਹਾਲੇ ਕੁਝ ਤੈਅ ਨਹੀਂ ਹੋਇਆ, ਹਾਂ ਸਮਾਗਮ ਹੋਣਾ ਤੈਅ ਹੈ। ਜੁਲਾਈ ਵਿਚ ਹੀ ਸਲੌਹ ਦੀ ਇਕ ਲਿਖਾਰੀ ਸਭਾ ਵੀ ਫੰਕਸ਼ਨ ਕਰਾ ਰਹੀ ਹੈ। ਇਵੇਂ ਹੀ ਜੂਨ ਵਿਚ ਇਕ ਪੁਰਾਣੇ ਕਾਮਰੇਡ ਕਿਸਮ ਦੇ ਲੇਖਕ ਵਲੋਂ ਪ੍ਰੋਗਰਾਮ ਕਰਵਾਉਣ ਦੀ ਖਬਰ ਮਿਲੀ ਹੈ। ਮੈਨੂੰ ਹੈਰਾਨੀ ਹੁੰਦੀ ਹੈ ਕਿ ਬਹੁਤ ਸਾਰੇ ਲੋਕ ਜਿਥੇ ਇਕ ਵਾਰੀ ਖੜ ਜਾਂਦੇ ਹਨ ਉਥੇ ਹੀ ਖੜੇ ਰਹਿੰਦੇ ਹਨ। ਉੁਹਨਾਂ ਨੂੰ ਬਾਕੀ ਦੀ ਸਾਰੀ ਦੁਨੀਆਂ ਵੀ ਖੜੀ ਨਜ਼ਰ ਆਉਂਦੀ ਹੈ। ਸਾਡੇ ਇਸ ਕਾਮਰੇਡ ਦੋਸਤ ਨੇ ਪਿੱਛੇ ਜਿਹੇ ਇਕ ਮੀਟਿੰਗ ਸੱਦ ਕੇ ਐਲਾਨ ਕੀਤਾ ਕਿ ਉਹ ਹਾਲੇ ਵੀ ਚਾਲੀ ਸਾਲ ਪਹਿਲਾਂ ਵਾਲੀ ਜਗਾਹ ਖੜਾ ਹੈ ਤੇ ਇਕੀਵੀਂ ਸਦੀ ਤੋਂ ਬਿਲਕੁਲ ਮੁਨਕਰ ਹੈ। ਉੁਸ ਦੀ ਖੜੋਤ ਉਸ ਨੂੰ ਮੁਬਾਰਕ। ਨਹੀਂ ਤਾਂ ਨਵੀਂ ਟੈਕਨੌਲੌਜੀ ਇਕ ਖੂਬਸੂਰਤ ਔਰਤ ਵਾਂਗ ਹੈ ਜੋ ਕਿ ਆਪਣੀਆਂ ਅਦਾਵਾਂ ਨਾਲ ਤੁਹਾਨੂੰ ਨਸ਼ਈ ਕਰਕੇ ਜਾਂ ਮੁਗਧ ਕਰਦੀ ਆਪਣੇ ਮਗਰ ਲਾਈ ਫਿਰਦੀ ਹੈ, ਨਹੀਂ ਤਾਂ ਪੁੱਛ ਕੇ ਦੇਖੋ ਫੇਸਬੁੱਕ ਤੇ ਜੁੜੀਆਂ ਅਨੇਕਾਂ ਅੱਖੀਆਂ ਤੋਂ।
ਜਦੋਂ ਦਾ ਇਹ ਫੇਸਬੁੱਕ ਵਾਲਾ ਡਰਾਮਾ ਸ਼ੁਰੂ ਹੋਇਆ ਹੈ ਤਾਂ ਮਹੌਲ ਵਿਚ ਸ਼ੋਰ ਬਹੁਤ ਵਧ ਗਿਆ ਹੈ। ਨਿਤ ਨਵੇਂ ਸ਼ੋਸ਼ੇ ਉੁੜ ਰਹੇ ਹਨ। ਹੁਣ ਆਹ ਸਰਤਾਜ ਵਾਲੀ ਗੱਲ ਨੇ ਅਜਿਹਾ ਤੂਲ ਫੜਿਆ ਕਿ ਲਕੜੀ ਗਲ਼ ਲਗ ਕੇ ਕਈ ਲੋਹੇ ਤੈਰਨ ਦੇ ਚੱਕਰ ਵਿਚ ਹਨ। ਕਿਸੇ ਨੇ ਸੱਚ ਕਿਹਾ ਹੈ ਕਿ ਅਸੀਂ ਪੰਜਾਬੀ ਲੋਕ ਕਿਸੇ ਨੂੰ ਉਪਰ ਚੜਦਾ ਦੇਖ ਕੇ ਪੌੜੀ ਖਿਚਣ ਬਾਰੇ ਸੋਚਣ ਲਗਦੇ ਹਾਂ। ਫੇਸਬੁੱਕ ਤੋਂ ਹੀ ਇਕ ਗੱਲ ਹੋਰ ਮਿਲੀ ਕਿ ਸਾਡਾ ਇਕ ਚੁਸਤ ਫਿਕਰੇਬਾਜ਼ੀ ਵਾਲਾ ਪਤਰਕਾਰ ਜੋ ਲੋਕਾਂ ਦੇ ਕੀੜੇ ਕੱਢਦਾ ਸਫਿਆਂ ਦੇ ਸਫੇ ਕਾਲ਼ੇ ਕਰ ਦਿੰਦਾ ਹੈ ਤੇ ਆਪਣੇ ਬਾਰੇ ਕਹੀ ਨਿੱਕੀ ਜਿਹੀ ਗੱਲ ਨਹੀਂ ਬਰਦਾਸ਼ਤ ਕਰ ਸਕਿਆ। ਜੋ ਵੀ ਹੈ ਮੈਨੂੰ ਤਾਂ ਇਹੋ ਗੱਲ ਹੀ ਬਹੁਤ ਵੱਡੀ ਲਗ ਰਹੀ ਹੈ ਕਿ ਅਸੀਂ ਪੰਜਾਬੀ ਨਵੇਂ ਗਲੋਬ ਦੇ ਹਾਣ ਦੇ ਹਾਂ।

Friday 16 April 2010

ਹੈਲੋ ਦੋਸਤੋ।

ਹੈਲੋ ਦੋਸਤੋ, ਪਹਿਲੀ ਵਾਰ ਇਸ ਬਲੌਗ 'ਤੇ ਮੁਖਾਤਬ ਹੋ ਰਿਹਾ ਹਾਂ, ਕੁਝ ਅਜੀਬ ਵੀ ਲਗਦਾ ਹੈ। ਲੇਖਕ ਹੋਣ ਨਾਤੇ ਲਗਣਾ ਤਾਂ ਨਹੀਂ ਚਾਹੀਦਾ। ਹਜ਼ਾਰਾਂ ਸਫੇ ਲਿਖ ਮਾਰੇ ਹਨ ਇਸ ਲਈ ਲਿਖਣਾ ਤਾਂ ਹੁਣ ਅਸਾਨ ਹੋਣਾ ਚਾਹੀਦਾ ਹੈ। ਖੈਰ.. ਲੰਡਨ ਵਿਚ ਰਹਿੰਦਿਆਂ ਕਈ ਆਦਤਾਂ ਬਦਲ ਗਈਆਂ ਹਨ, ਕੁਝ ਸੁਧਰੀਆਂ ਹਨ ਤੇ ਕੁਝ ਵਿਗੜੀਆਂ ਹਨ। ਉਮਰ ਨਾਲ ਜਾਂ ਲੰਡਨ ਕਾਰਨ ਇਕ ਆਦਤ ਵਿਗੜੀ ਹੈ ਕਿ ਆਮ ਗੱਲ ਪਸੰਦ ਨਹੀਂ ਆਉਂਦੀ। ਜਿਵੇਂ ਕਿ ਆਪਣੇ ਆਪ ਨੂੰ ਕੁਝ ਸਮਝਣ ਦੀ ਆਦਤ. ਬਹੁਤ ਦੇਰ ਤਕ ਤਾਂ ਮੈਂ ਆਪਣੇ ਆਪ ਨੂੰ ਲੇਖਕ ਹੀ ਨਹੀਂ ਸਮਝਿਆ। ਫਿਰ ਲੇਖਕ ਸਮਝਿਆ ਤਾਂ ਆਮ ਜਿਹਾ ਹੀ। ਹੁਣ ਉੁਮਰ ਨੇ ਜਾਂ ਲੰਡਨ ਨੇ ਇਹ ਯਕੀਨ ਕਰਵਾ ਦਿਤਾ ਹੈ ਕਿ ਮੇਰੇ ਕੋਲ ਵੀ ਭਾਰੀ ਚੀਜ਼ ਹੈ। ਭਾਰੀ ਚੀਜ਼ ਪਿੱਛੇ ਜੋ ਕਹਾਣੀ ਹੈ ਉਹ ਵੀ ਸਾਂਝੀ ਕਰਨੀ ਚਾਹਾਂਗਾ। ਇਕ ਵਾਰ ਸਾਡੇ ਪਿੰਡ ਦੇ ਸਿਵਿਆਂ ਵਿਚ ਖੜੇ ਦੋ ਸਾਧ ਆਪਸ ਵਿਚ ਲੜ ਪਏ। ਇਕ ਕਹੇ ਕਿ ਮੇਰੇ ਕੋਲ ਜ਼ਿਆਦਾ ਸ਼ਕਤੀ ਹੈ ਤੇ ਦੂਜਾ ਕਹੇ ਕਿ ਮੇਰੇ ਕੋਲ। ਲੜਦੇ ਹੋਏ ਦੋਵੇਂ ਇਕ ਦੂਜੇ ਨੂੰ ਭਸਮ ਕਰਨ ਦੀਆਂ ਗੱਲਾਂ ਕਰਨ ਲਗੇ। ਮੇਰਾ ਇਕ ਚਾਚਾ ਸੀ ਦੇਵ। ਉਹ ਅਜਿਹੀਆਂ ਗੱਲਾਂ ਨੂੰ ਨਹੀਂ ਸੀ ਮੰਨਦਾ। ਉਸ ਦਾ ਸ਼ੁਗਲ ਦਾ ਸੁਭਾਅ ਸੀ ਤੇ ਉਸ ਨੂੰ ਸ਼ਰਾਬ ਦੀ ਲੱਤ ਵੀ ਸੀ। ਚਾਚੇ ਦੇਵ ਨੇ ਸਿਵਿਆਂ ਦੀ ਨਿੰਮ ਨਾਲ ਬੰਨੀ ਅਸਤਾਂ ਦੀ ਪੋਟਲੀ ਲਾਹੀ ਤੇ ਇਸ ਪੋਟਲੀ ਨੂੰ ਉਪਰ ਨੂੰ ਉਛਾਲਦਾ ਉਹ ਉਹਨਾਂ ਸਾਧਾਂ ਨੂੰ ਕਹਿਣ ਲਗਿਆ ਕਿ ਉਹਦੇ ਕੋਲ ਉਹਨਾਂ ਦੋਨਾਂ ਨਾਲੋਂ ਹੀ ਭਾਰੀ ਚੀਜ਼ ਹੈ ਤੇ ਜੇ ਹਿੰਮਤ ਹੈ ਤਾਂ ਉਸ ਦਾ ਵਾਰ ਰੋਕ ਕੇ ਦਿਖਾਓ। ਫਿਰ ਕੀ ਸੀ ਦੋਵੇਂ ਸਾਧ ਮੁਹਰੇ ਮੁਹਰੇ ਤੇ ਚਾਚਾ ਪੋਟਲੀ ਫੜੀ ਮਗਰ ਮਗਰ। ਸੋ ਕਈ ਵਾਰ ਆਪਣੀਆਂ ਲਿਖੀਆਂ ਮੋਟੀਆਂ ਮੋਟੀਆਂ ਕਿਤਾਬਾਂ ਦੇਖ ਕੇ ਸੋਚਣ ਲਗਦਾ ਹਾਂ ਕਿ ਮੇਰੇ ਕੋਲ ਵੀ ਚੀਜ਼ ਭਾਰੀ ਹੈ। ਸਾਹਿਤ ਵਿਚਲੇ ਕਈ ਸਾਧ ਇਹਨਾਂ ਕਿਤਾਬਾਂ ਦੇ ਸਫੇ ਦੇਖ ਕੇ ਹੀ ਮੈਨੂੰ ਵੱਡਾ ਸਾਧ ਮੰਨਣ ਲਗਦੇ ਹਨ। ਵੈਸੇ ਮੇਰੇ ਲਈ ਤਾਂ ਸਾਧ ਹੋਣ ਦੀ ਹੀ ਖੁਸ਼ੀ ਨਹੀਂ ਸਾਂਭੀ ਜਾਂਦੀ। ਜੀ ਹਾਂ, ਲੇਖਕ ਸਾਧ ਹੀ ਹੁੰਦੇ ਹਨ ਬਲਕਿ ਮਲੰਗ ਹੁੰਦੇ ਹਨ। ਜੇ ਲੇਖਕ ਮਲੰਗ ਨਹੀਂ ਤਾਂ ਉਹ ਲੇਖਕ ਨਹੀਂ।