Tuesday 18 May 2010

ਲੇਖਕ ਦਾ ਸੇਵਾ ਫਲ

ਮੇਰੇ ਵਾਕਫ ਅੰਗਰੇਜ਼ ਲੋਕਾਂ ਨੂੰ ਜਦੋਂ ਪਤਾ ਚਲਦਾ ਹੈ ਕਿ ਮੈਂ ਲੇਖਕ ਹਾਂ ਤਾਂ ਉਹ ਸਮਝਦੇ ਹਨ ਕਿ ਮੈਂ ਬਹੁਤ ਅਮੀਰ ਹਾਂ। ਅੰਗਰੇਜ਼ੀ ਦੇ ਬਹੁਤੇ ਲੇਖਕ ਲਿਖਣ ਕਾਰਨ ਅਮੀਰ ਹੁੰਦੇ ਹਨ। ਪੰਜਾਬੀ ਦੇ ਵੀ ਬਹੁਤ ਸਾਰੇ ਲੇਖਕ ਅਮੀਰ ਤਾਂ ਹੋਣਗੇ ਪਰ ਉਹ ਕਿਸੇ ਹੋਰ ਕਾਰਨ ਅਮੀਰ ਹੋਣਗੇ, ਲੇਖਕ ਹੋਣ ਕਾਰਨ ਨਹੀਂ। ਪੰਜਾਬੀ ਵਿਚ ਲਿਖਣ ਵਿਚੋਂ ਕਮਾਈ ਬਹੁਤ ਹੀ ਘੱਟ ਲੇਖਕਾਂ ਦੇ ਹਿੱਸੇ ਆਈ ਹੈ। ਦਿੱਲੀ ਵਸਦੇ ਲੇਖਕ ਕਮਾ ਗਏ ਹੋ ਸਕਦੇ ਹਨ ਪਰ ਬਹੁਤਾ ਕੁਝ ਨਹੀਂ। ਹਾਂ ਕੁਝ ਲੇਖਕਾਂ ਨੂੰ ਲੇਖਕ ਹੋਣ ਕਰਕੇ ਕਿਸੇ ਹੋਰ ਢੰਗ ਨਾਲ ਕਮਾਈ ਕਰਨ ਦੇ ਮੌਕੇ ਮਿਲੇ ਹੋ ਸਕਦੇ ਹਨ। ਅਣਖੀ, ਗੁਰਦਿਆਲ ਸਿੰਘ, ਬਲਦੇਵ, ਕੰਵਲ ਵਰਗੇ ਲੇਖਕਾਂ ਨੂੰ ਕੁਝ ਕੁ ਸੇਵਾ ਫਲ ਮਿਲਿਆ ਹੋ ਸਕਦੇ ਹੈ ਪਰ ਜਿੰਨਾ ਕੁ ਮਿਲਦਾ ਹੈ ਮੇਰੇ ਪਬਲਿਸ਼ਰ ਦੋਸਤ ਦਸ ਦਿੰਦੇ ਹਨ, ਜਾਂ ਅੱਗੇ ਤੋਂ ਅੱਗੇ ਖਬਰ ਮਿਲ ਜਾਂਦੀ ਹੈ। ਇਹ ਆਟੇ ਵਿਚ ਲੂਣ ਬਰਾਬਰ ਹੀ ਹੁੰਦਾ ਹੈ। ਕਿਸੇ ਨੇ ਕਮੀਜ਼ ਸਮਾ ਲਈ, ਕਿਸੇ ਨੇ ਪਤਲੂਨ ਲੈ ਲਈ। ਹਾਂ, ਅਜਕਲ ਪੰਜਾਬ ਸਰਕਾਰ ਕੁਝ ਕੁ ਨੂੰ ਢਾਈ ਲੱਖੀਏ ਜਾਂ ਪੰਜ ਲੱਖੀਏ ਬਣਾ ਰਹੀ ਹੈ ਪਰ ਇਹ ਲੂੰਬੜ ਚਾਲਾਂ ਵਾਲੇ ਉਪਰੋ ਉਪਰ ਬੋਚ ਲੈਂਦੇ ਹਨ। ਬਹੁਤ ਸਾਰੇ ਵਧੀਆ ਲਿਖਣ ਵਾਲਿਆਂ ਨੂੰ ਬਾਈਪਾਸ ਕਰ ਦਿਤਾ ਜਾਂਦਾ ਹੈ। ਖੈਰ ਮੈਂ ਇਸ ਪਾਸੇ ਨਹੀਂ ਜਾਣਾ ਚਾਹੁੰਦਾ ਮੈਂ ਤਾਂ ਸੇਵਾ ਫਲ ਨੂੰ ਲੈ ਕੇ ਮੇਰੇ ਸਾਹਮਣੇ ਖੜਦੇ ਸਵਾਲਾਂ ਬਾਰੇ ਹੀ ਗੱਲ ਕਰਨੀ ਚਾਹੁੰਦਾ ਹਾਂ। ਮੇਰੇ ਪਿਤਾ ਨੂੰ ਮੇਰਾ ਲੇਖਕ ਹੋਣਾ ਚੰਗਾ ਲਗਦਾ ਸੀ ਪਰ ਉਹ ਅਕਸਰ ਕਹਿੰਦੇ ਕਿ ਜੇ ਮੈਂ ਏਨੀ ਮਿਹਨਤ ਆਪਣੀ ਪੜ੍ਹਾਈ ਲਈ ਭਾਵ ਵਕਾਲਤ ਦੀ ਪੜ੍ਹਾਈ ਕਰਦਾ ਤਾਂ ਹੁਣ ਤਕ ਕਿਤੇ ਦਾ ਕਿਤੇ ਪੁੱਜ ਗਿਆ ਹੁੰਦਾ। ਮੈਂ ਉਹਨਾਂ ਦੀ ਗੱਲ ਸੁਣ ਹੀ ਨਾ ਸਕਿਆ ਤੇ ਸਾਹਿਤ ਨਾਲ ਮੱਥਾ ਮਾਰਦਿਆਂ ਉਮਰ ਕੱਢ ਲਈ। ਮੇਰੇ ਕਰੀਬੀ ਲੋਕ ਜਾਣਦੇ ਹਨ ਕਿ ਸਾਹਿਤ ਨੇ ਮੇਰਾ ਬਹੁਤ ਨੁਕਸਾਨ ਕੀਤਾ ਹੈ। ਸਾਹਿਤ ਕਾਰਨ ਮੈਂ ਵਿਓਪਾਰੀ ਨਾ ਬਣ ਸਕਿਆ। ਮੇਰੇ ਨਾਲ ਦੇ ਲੋਕ ਬਹੁਤ ਤਰੱਕੀ ਕਰ ਗਏ ਹਨ ਪਰ ਮੈਂ ਹਾਲੇ ਓਥੇ ਕੁ ਹੀ ਖੜਾ ਹਾਂ ਜਿਥੋਂ ਇਸ ਮੁਲਕ ਵਿਚ ਆ ਕੇ ਜ਼ਿੰਦਗੀ ਸ਼ੁਰੂ ਕੀਤੀ ਸੀ। ਮੇਰੀ ਇਕ ਲੇਖਕਾ ਦੋਸਤ ਨੇ ਇਕ ਵਾਰ ਮੈਨੂੰ ਚਿਤਾਰਿਆ ਵੀ ਕਿ ਜਿਸ ਉਮਰ ਵਿਚ ਲੋਕ ਘਰਾਂ ਦੇ ਕਰਜ਼ੇ ਉਤਾਰੀ ਬੈਠੇ ਹਨ ਉਸ ਉਮਰ ਵਿਚ ਮੈਂ ਕਰਜ਼ਾ ਚੁੱਕਿਆ ਹੈ। ਮੈਂ ਕਦੇ ਵੀ ਆਪਣੇ ਵਿਓਪਾਰ ਵਲ ਪੂਰਾ ਧਿਆਨ ਨਹੀਂ ਸਾਂ ਦੇ ਸਕਿਆ, ਮੇਰਾ ਧਿਆਨ ਥਾਂ ਹਰ ਵੇਲੇ ਲਿਖਣ ਪੜ੍ਹਨ ਵਲ ਰਹਿੰਦਾ ਸੀ। ਦੁਕਾਨਦਾਰ ਲੋਕ ਗੱਲੇ 'ਤੇ ਬੈਠ ਕੇ ਹਿਸਾਬ ਕਰਿਆ ਕਰਦੇ ਹਨ ਪਰ ਮੈਂ ਕਿਤਾਬ ਪੜ੍ਹਦਾ ਹੁੰਦਾ ਜਾਂ ਲਿਖਦਾ ਹੁੰਦਾ। ਮੈਨੂੰ ਇਸ ਗੱਲ ਦਾ ਅਹਿਸਾਸ ਹੈ ਵੀ ਸੀ ਪਰ ਮੇਰੇ ਵੱਸ ਵਿਚ ਕੁਝ ਨਹੀਂ ਸੀ। ਇਕ ਵਾਰ ਅਜਿਹਾ ਹੋਇਆ ਕਿ ਮੈਂ ਚੇਤੰਨ ਤੌਰ ਤੇ ਸਾਹਿਤ ਦਾ ਖਹਿੜਾ ਛੱਡ ਦਿਤਾ। ਕੁਝ ਹਫਤੇ ਹੀ ਲੰਘੇ ਹੋਣਗੇ ਕਿ 'ਦੇਸ ਪਰਦੇਸ' ਦੇ ਸੰਪਾਦਕ ਤਰਸੇਮ ਪੁਰੇਵਾਲ ਦਾ ਫੋਨ ਆ ਗਿਆ ਕਿ ਉਸ ਨੂੰ ਕੋਈ ਕਹਾਣੀ ਲਿਖ ਕੇ ਦੇਵਾਂ। ਉਹ ਮੇਰਾ ਬਹੁਤ ਮਦਾਹ ਹੋਇਆ ਕਰਦਾ ਸੀ ਤੇ ਕਹਾਣੀ ਦਾ ਸਵਾਲ ਵੀ ਬਹੁਤ ਮੋਹ ਨਾਲ ਕਰਦਾ ਸੀ। ਮੈਂ ਲਿਖਣ ਤੋਂ ਹਊ-ਪਰੇ ਕਰਦਾ ਗਿਆ। ਪੁਰੇਵਾਲ ਨੇ ਮੈਨੂੰ ਘੱਟੋ ਘੱਟ ਇਕ ਦਰਜਨ ਫੋਨ ਕੀਤੇ ਹੋਣਗੇ। ਇਕ ਦਿਨ ਉਹ ਮੇਰੇ ਸਟੋਰ 'ਤੇ ਹੀ ਆ ਗਿਆ। ਤਰਸੇਮ ਪੁਰੇਵਾਲ ਦਾ ਵੱਡਾ ਨਾਂ ਸੀ। ਮੇਰੇ ਅੰਦਰਲਾ ਲੇਖਕ ਮੈਨੂੰ ਲਾਹਣਤਾਂ ਪਾਉਣ ਲਗਿਆ ਤੇ ਮੈਂ ਮੁੜ ਆਪਣਾ ਰਾਈਟਿੰਗ ਬੋਰਡ ਚੁੱਕ ਲਿਆ। ਪੁਰੇਵਾਲ ਦਾ ਇਹ ਖਾਸ ਤਰੀਕਾ ਸੀ ਕਿ ਜਿਹੜਾ ਲੇਖਕ ਉਸ ਨੂੰ ਜੱਚ ਜਾਵੇ ਉਸ ਤੋਂ ਉਹ ਜ਼ੋਰ ਨਾਲ ਲਿਖਵਾ ਲੈਂਦਾ ਸੀ। ਲਿਖਣਾ ਮੈਨੂੰ ਨਸ਼ਾ ਦਿੰਦਾ ਹੈ ਸੋ ਇਹ ਨਸ਼ਾ ਮੈਨੂੰ ਮੇਰੇ ਕਾਰੋਬਾਰ ਤੋਂ ਦੂਰ ਕਰਦਾ ਗਿਆ। ਨਤੀਜਾ ਕੀ ਹੋਇਆ ਦੋਸਤ ਜਾਣਦੇ ਹਨ। ਮੇਰੇ ਕਹਿਣ ਦਾ ਭਾਵ ਕਿ ਇਹ ਹੈ ਪੰਜਾਬੀ ਵਿਚ ਲਿਖਣ ਦਾ ਆਰਥਿਕ ਲਾਭ। ਖੈਰ ਇੰਨਾ ਗੁਆ ਕੇ ਵੀ ਮੈਂ ਬਹੁਤ ਕੁਝ ਪਾਇਆ ਹੈ। ਪੰਜਾਬ ਦੇ ਹਰ ਸ਼ਹਿਰ ਵਿਚ ਦੋਸਤ ਹਨ। ਪਾਠਕਾਂ ਵਲੋਂ ਅਜਿਹਾ ਹੁੰਘਾਰਾ ਮਿਲਦਾ ਹੈ ਕਿ ਰੂਹ ਸ਼ਰਾਸ਼ਰ ਹੋ ਜਾਂਦੀ ਹੈ। ਕਿਤਾਬ ਆਉਂਦੀ ਹੈ ਤਾਂ ਲੋਕਾਂ ਵਲੋਂ ਮਿਲਦੀਆਂ ਟਿੱਪਣੀਆਂ ਸੇਰ ਖੂਨ ਵਧਾ ਜਾਂਦੀਆਂ ਹਨ, ਲਗਦਾ ਹੈ ਕਿ ਵਾਕਿਆ ਹੀ ਕੋਈ ਸਾਰਥਕ ਕੰਮ ਕੀਤਾ ਹੈ। ਲੇਖਕ ਦੋਸਤਾਂ ਵਲੋਂ ਏਨਾ ਮੋਹ ਮਿਲਦਾ ਹੈ ਕਿ ਰਹੇ ਰੱਬ ਦਾ ਨਾਂ। ਕੰਵੈਂਟਰੀ, ਵਲਵੁਰਹੈਂਪਟਨ, ਵੈਨਕੋਵਰ, ਟਰੰਟੋ, ਵਰਗੇ ਸ਼ਹਿਰ ਮਿੱਤਰਾਂ ਦੇ ਹਨ ਤੇ ਇਹ ਮੈਨੂੰ ਲੰਡਨ ਵਾਂਗ ਆਪਣੇ ਹੀ ਜਾਪਦੇ ਹਨ, ਇਹ ਸਾਹਿਤ ਕਰਕੇ ਹੀ ਹਨ। ਬਹੁਤ ਸਾਰੀਆਂ ਘਟਨਾਵਾਂ ਵਿਚੋਂ ਇਕ ਘਟਨਾ ਸੇਵਾ ਫਲ ਵਜੋਂ ਸਾਂਝੀ ਕਰਨੀ ਚਾਹਾਂਗਾ ਕਿ ਮੇਰਾ ਦੋਸਤ ਜਿੰਦਰ ਜਦ ਲੰਡਨ ਦੇ ਹੀਥਰੋ ਏਅਰ ਪੋਰਟ 'ਤੇ ਉਤਰਿਆ ਤਾਂ ਇੰਮੀਗਰੇਸ਼ਨ ਵਾਲਿਆਂ ਨੇ ਕਿਸੇ ਗੱਲੋਂ ਰੋਕ ਲਿਆ। ਇਕ ਇੰਮੀਗਰੇਸ਼ਨ ਅਫਸਰ ਪੰਜਾਬੀ ਸੀ। ਉਸ ਨੇ ਪੁੱਛਿਆ ਕਿ ਕਿਸ ਕੋਲ ਠਹਿਰਨਾ ਹੈ ਤਾਂ ਜਿੰਦਰ ਨੇ ਮੇਰਾ ਨਾਂ ਲੈ ਦਿਤਾ। ਅਫਸਰ ਨੇ ਕਿਹਾ ਕਿ 'ਸਾਊਥਾਲ' {ਨਾਵਲ} ਵਾਲੇ ਹਰਜੀਤ ਅਟਵਾਲ ਕੋਲ। ਜਿੰਦਰ ਨੇ ਹਾਂ ਕਿਹਾ ਤਾਂ ਉਸ ਨੇ ਹੋਰ ਸਵਾਲ ਕੀਤੇ ਬਿਨਾਂ ਪਾਸ ਪੋਰਟ 'ਤੇ ਮੋਹਰ ਲਾ ਕੇ ਅੱਗੇ ਤੋਰ ਦਿਤਾ।
ਮੇਰੀ ਬੇਟੀ ਨੇ ਆਪਣੇ ਦੋਸਤਾਂ ਨੂੰ ਦਸ ਦਿਤਾ ਕਿ ਮੇਰੇ ਨਵੇਂ ਨਾਵਲ ਦਾ ਨਾਂ 'ਬੀ.ਬੀ.{ਸੀ.} ਡੀ.' ਹੈ ਤਾਂ ਉਸ ਦੀ ਯੂਨੀਵਰਸਟੀ ਦੇ ਬਹੁਤ ਸਾਰੇ ਦੋਸਤ ਇਕੱਠੇ ਹੋ ਕੇ ਮੈਨੂੰ ਮਿਲਣ ਆ ਗਏ। ਉਹ ਪੰਜਾਬੀ ਤਾਂ ਪੜ੍ਹ ਨਹੀਂ ਸਕਦੇ ਤੇ ਮੰਗ ਕਰਨ ਲਗੇ ਕਿ ਇਸ ਨੂੰ ਅੰਗਰੇਜ਼ੀ ਵਿਚ ਵੀ ਲਿਖਿਆ ਜਾਵੇ। ਅੰਗਰੇਜ਼ੀ ਵਿਚ ਲਿਖਣ ਦਾ ਕੰਮ ਤਾਂ ਮੈਂ ਸ਼ਇਦ ਹੀ ਕਰ ਸਕਾਂ ਪਰ ਏਨੇ ਕੁ ਸੇਵਾ ਫਲ ਨਾਲ ਮੈਂ ਖੁਸ਼ ਜ਼ਰੂਰ ਹਾਂ।

No comments:

Post a Comment