Thursday 8 September 2011

ਮੇਰਾ ਪਿੰਡ

ਮੇਰਾ ਪਿੰਡ ਇਥੇ ਜਦੋਂ ਮੈਂ 'ਮੇਰਾ ਪਿੰਡ' ਲਿਖ ਰਿਹਾ ਹਾਂ ਤਾਂ ਇਸ ਤੋਂ ਭਾਵ ਗਿਆਨੀ ਗੁਰਦਿਤ ਸਿੰਘ ਵਾਲਾ 'ਮੇਰਾ ਪਿੰਡ' ਨਹੀਂ ਹੈ। ਉੁਹ ਸੱਠ-ਸੱਤਰ ਸਾਲ ਜਾਂ ਇਸ ਤੋਂ ਵੀ ਪੁਰਾਣਾ ਪਿੰਡ ਸੀ। ਭਾਵੇਂ ਗਿਆਨੀ ਗੁਰਦਿਤ ਸਿੰਘ ਦੀ ਇਸ ਕਿਤਾਬ ਦੀ ਅਜ ਵੀ ਪਹਿਲਾਂ ਵਾਲੀ ਹੀ ਮਹਤੱਤਾ ਹੈ ਪਰ ਇਸ ਕਿਤਾਬ ਦਾ ਰਸ ਮਾਨਣ ਲਈ ਤੁਹਾਨੂੰ ਅਤੀਤ ਵਲ ਸਫਰ ਕਰਨਾ ਪਵੇਗਾ ਜਾਂ ਫਿਰ ਇਤਹਾਸ ਨੂੰ ਫੜਨ ਲਈ ਉਹ ਕਿਤਾਬ ਜ਼ਰੂਰੀ ਹੈ ਪਰ ਅਜ ਦੇ ਪਿੰਡ ਉਹ ਨਹੀਂ ਰਹੇ, ਬਹੁਤ ਬਦਲ ਗਏ ਹਨ। ਪਿੰਡਾਂ ਵਿਚ ਪਹਿਲਾਂ ਵਾਲੇ ਚੜ੍ਹਸ, ਹਲਟ, ਫਲ਼ੇ, ਬੌਲਦਾਂ ਦੀਆਂ ਟੱਲੀਆਂ, ਹਲ਼-ਸੁਹਾਗਾ ਬਗੈਰਾ ਕੁਝ ਨਹੀਂ ਲਭਦਾ। ਬੌਲਦ ਵੀ ਕਿਤੇ ਕਿਤੇ ਹੀ ਦੇਖਣ ਨੂੰ ਮਿਲਦੇ ਹਨ। ਜੱਟ ਚੜ੍ਹਸ ਖਿਚਦਾ ਗਾਇਆ ਕਰਦਾ ਸੀਃ 'ਬਾਰੇ ਨੂੰ ਬੋਕਾ ਲਾ ਦੇ ਓ', ਅਜ ਇਸ ਦੇ ਕਿਸੇ ਨੂੰ ਮਾਹਿਨੇ ਨਹੀਂ ਪਤਾ। ਮਾਹਿਨੇ ਪਤਾ ਕਰਨ ਦੀ ਲੋੜ ਵੀ ਨਹੀਂ ਕਿਉਂਕਿ ਜ਼ਿੰਦਗੀ ਪਹਿਲਾਂ ਜਿਹੀ ਨਹੀਂ ਰਹੀ। ਸਮੇਂ ਨਾਲ ਬਦਲਾਵ ਆਉਣਾ ਕੁਦਰਤੀ ਹੈ ਪਰ ਹੁਣ ਵਾਲਾ ਬਦਲਾਵ ਬਹੁਤ ਤੇਜ਼ੀ ਨਾਲ ਆਇਆ ਹੈ। ਮੈਂ ਆਪਣਾ ਪਿੰਡ ਚੌਤੀ ਸਾਲ ਪਹਿਲਾਂ ਛੱਡਿਆ ਸੀ। ਹਰ ਗੇੜੇ ਵਿਚ ਇਸ ਨੂੰ ਬਦਲਿਆ ਹੋਇਆ ਪਾਇਆ ਹੈਃ ਪਿੰਡ ਵਿਚ ਨਵੀਂਆਂ ਇਮਾਰਤਾਂ, ਨਵੀਆਂ ਦੁਕਾਨਾਂ, ਨਵੇਂ ਰੁੱਖ, ਨਵੇਂ ਲੋਕ, ਨਵੀਆਂ ਪੀੜ੍ਹੀਆਂ। ਪਿਛਲੇ ਤੀਹ-ਪੈਂਤੀ ਸਾਲ ਵਿਚ ਬਹੁਤ, ਬਹੁਤ ਕੁਝ ਬਦਲ ਗਿਆ ਹੈ। ਇਸ ਨਵੀਂ ਟੈਕਨੌਲੋਜੀ ਨੇ ਤਬਦੀਲੀ ਦੀ ਬਹੁਤ ਵੱਡੀ ਛਾਲ ਲਗਵਾ ਦਿਤੀ ਹੈ। ਹੁਣ ਪਿੰਡ ਉਹ ਪਿੰਡ ਨਹੀਂ ਰਹੇ। ਪਿਛਲੇ ਵੀਹ ਸਾਲ ਵਿਚ ਹਜ਼ਾਰਾਂ ਮੀਲ ਦੂਰ ਬੈਠਿਆਂ ਪਿੰਡ ਤੁਹਾਡੇ ਏਨੀ ਨੇੜੇ ਆ ਗਏ ਹਨ ਕਿ ਤੁਸੀਂ ਛੋਹ ਕੇ ਦੇਖ ਸਕਦੇ ਹੋ। ਬਹੁਤ ਸਾਰੇ ਦੋਸਤ ਜਾਣਦੇ ਹਨ ਕਿ ਮੇਰਾ ਪਿੰਡ ਫਰਾਲਾ ਹੈ। ਮੈਂ ਆਪਣੇ ਪਿੰਡ ਬਾਰੇ ਬਹੁਤਾ ਕੁਝ ਨਹੀਂ ਕਹਿਣਾ ਕਿਉਂਕਿ ਇਹ ਮੇਰੀ ਜਨਮ ਭੂਮੀ ਹੈ ਤੇ ਜਨਮ ਭੂਮੀ ਨਾਲ ਮੁਹੱਬਤ ਤੋਂ ਸੁੱਚੀ ਮੁਹੱਬਤ ਕੋਈ ਨਹੀਂ ਹੁੰਦੀ। ਜਦ ਮੈਂ ੳ ਅ ਸਿਖਿਆ ਸੀ ਤਾਂ ਸਭ ਤੋਂ ਪਹਿਲਾਂ ਆਪਣਾ ਨਾਂ ਲਿਖਣਾ ਸਿਖਿਆ ਤੇ ਫੇਰ ਆਪਣੇ ਪਿੰਡ ਦਾ ਨਾਂ। ਬਾਹਰ ਆ ਕੇ ਵੀ ਹਰ ਵੇਲੇ ਧਿਆਨ ਆਪਣੇ ਪਿੰਡ ਵਲ ਹੀ ਰਿਹਾ। ਆਪਣੇ ਪਿੰਡੋਂ ਆਉਂਦੀ ਹਵਾ ਨੂੰ ਸੰਬੋਧਨ ਹੋ ਕੇ ਪਹਿਲੀਆਂ ਵਿਚ ਕੁਝ ਕਵਿਤਾਵਾਂ ਵੀ ਲਿਖੀਆਂ। ਪਹਿਲਿਆਂ ਵਿਚ ਪਿੰਡ ਦਾ ਹੇਰਵਾ ਬਹੁਤ ਤੰਗ ਕਰਦਾ ਰਿਹਾ ਹੈ ਪਰ ਹੁਣ ਸਭ ਠੀਕ ਹੈ। ਨਵੀਂ ਟੈਕਨੌਲੋਜੀ ਨੇ ਮੇਰਾ ਪਿੰਡ ਏਨੇ ਨੇੜੇ ਲੈ ਆਂਦਾ ਹੈ ਕਿ ਮੈਂ ਪਿੰਡ ਨੂੰ ਕੰਪਿਊਟਰ ਉਪਰ ਪੂਰੀ ਤਰ੍ਹਾਂ ਦੇਖ ਸਕਦਾ ਹਾਂ। ਇੰਟਰਨੈੱਟ ਦੇ ਸ਼ੁਰੂ ਹੁੰਦਿਆਂ ਹੀ ਸਾਡੇ ਪਿੰਡ ਵਾਸੀਆਂ ਨੇ ਇੰਟਰਨੈੱਟ 'ਤੇ ਆਪਣੇ ਪਿੰਡ ਦੀ ਸਾਈਟ ਬਣਾ ਲਈ ਸੀਃ ਫਰਾਲਾ-ਨੈੱਟ। ਦੁਨੀਆਂ ਦੇ ਕੋਨੇ ਕੋਨੇ ਵਸਦੇ ਲੋਕ ਇਸ ਨਾਲ ਜੁੜ ਗਏ। ਡਾ. ਦਲਬੀਰ ਪੰਨੂ ਨੇ ਸਾਰੇ ਪਿੰਡ ਬਾਰੇ ਜਾਣਕਾਰੀ, ਤਸਵੀਰਾਂ, ਵੀਡਿਓ ਇਥੇ ਚਾੜ ਦਿਤੇ। ਜਿਹਨਾਂ ਨੂੰ ਦੇਖ ਦੇਖ ਕੇ ਫਰਾਲਾ ਵਾਸੀ ਤੇ ਫਰਾਲਾ ਵਾਸੀਆਂ ਦੇ ਰਿਸ਼ਤੇਦਾਰ ਵੀ ਖੁਸ਼ ਹੁੰਦੇ। ਡਾ. ਦਲਬੀਰ ਪੰਨੂ ਨੇ ਪਿੰਡ ਦੇ ਵੱਖ ਵੱਖ ਕੋਨਿਆਂ ਤੋਂ ਵੀਡਿਓ ਬਣਾ ਕੇ ਯੂਟਿਊਬ ਵਿਚ ਪਾਏ। ਇਹ ਵੀਡਿਓ ਏਨੇ ਮਕਬੂਲ ਹੋਏ ਕਿ ਹਜ਼ਾਰਾਂ-ਲੱਖਾਂ ਦੀ ਗਿਣਤੀ ਵਿਚ ਦੇਖੇ ਗਏ, ਭਾਵ ਕਿ ਫਰਾਲੇ ਨੂੰ ਨਵੀਂ ਟੈਕਨੌਲੋਜੀ ਰਾਹੀਂ ਲਖਾਂ ਲੋਕਾਂ ਨੇ ਦੇਖਿਆ। ਨਵੀਂ ਟੈਕਨੌਲੋਜੀ ਬਿਨਾਂ ਇਹ ਸੰਭਵ ਨਹੀ ਸੀ। ਫਿਰ ਟੈਕਨੌਲੋਜੀ ਹੋਰ ਅਗੇ ਵਧੀ ਤਾਂ ਫੇਸਬੁੱਕ ਆ ਗਈ। ਫੇਸਬੁੱਕ ਉਪਰ ਫਰਾਲਾ ਵਾਸੀਆਂ ਦਾ ਇਕ ਗੁਰੱਪ ਬਣ ਗਿਆ ਜਿਸ ਨੇ ਫਰਾਲੇ ਨੂੰ ਹੋਰ ਵੀ ਨੇੜੇ ਲੈ ਆਂਦਾ, ਜਿਵੇਂ ਮੈਂ ਕਿਹਾ ਕਿ ਛੂਹ ਸਕਣ ਜਿੰਨਾ ਨੇੜੇ। ਹੁਣ ਡਾ. ਪੰਨੂ ਨਾਲ ਪਿੰਡ ਦੇ ਹੋਰ ਨੌਜਵਾਨ ਵੀ ਜੁੜ ਗਏ ਹਨ। ਰਮਨ ਸੰਗਰ ਨੇ ਪਿੰਡ ਦੀਆਂ ਗਲੀਆਂ ਵਿਚ ਕੈਮਰਾ ਇਵੇਂ ਫੇਰਿਆ ਹੈ ਕਿ ਵੀਡਿਓ ਦੇਖ ਕੇ ਤੁਹਾਨੂੰ ਜਾਪਦਾ ਹੈ ਕਿ ਪਿੰਡ ਦੀਆਂ ਗਲੀਆਂ ਦਾ ਗੇੜਾ ਕੱਢ ਲਿਆ ਹੈ। ਕਿਉਂਕਿ ਇਹ ਇਸ ਟੈਕਨੌਲੋਜੀ ਉੁਪਰ ਨੌਜਵਾਨਾਂ ਨੂੰ ਹੀ ਮੁਹਾਰਤ ਹਾਸਲ ਹੈ ਇਸ ਲਈ ਕੰਮ ਵੀ ਜ਼ਿਆਦਾ ਹੋ ਰਿਹਾ ਹੈ। ਭਾਵੇਂ ਫੇਸਬੁੱਕ ਉਪਰ ਇਸ ਗਰੁੱਪ ਦੇ ਮੈਂਬਰ ਤਿੰਨ ਕੁ ਸੌ ਹੀ ਹਨ ਪਰ ਇਸ ਨੂੰ ਦੇਖਦੇ ਅਣਗਿਣਤ ਲੋਕ ਹਨ। ਹੁਣ ਇਸ ਗਰੁੱਪ ਰਾਹੀਂ ਤੁਸੀਂ ਸਾਰੇ ਪਿੰਡ ਨੂੰ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਦੇਖ ਸਕਦੇ ਹੋ। ਪਿੰਡ ਵਿਚ ਕੋਈ ਮੇਲਾ ਹੋਵੇ, ਕੋਈ ਹੋਰ ਫੰਕਸ਼ਨ ਹੋਵੇ ਇਕ ਦਮ ਫੇਸਬੁੱਕ ਉਪਰ ਚਾੜ ਦਿਤਾ ਜਾਂਦਾ ਹੈ। ਪਿੰਡ ਦੇ ਪੁਰਾਣੇ ਵੀਡਿਓ ਤੇ ਤਸਵੀਰਾਂ ਵੀ ਇਥੇ ਉਪਲਭਧ ਹਨ। ਪਿੰਡ ਦੇ ਲੋਕਾਂ ਨਾਲ ਤਾਜ਼ੀਆਂ ਕੀਤੀਆਂ ਇੰਟਰਵਿਊ ਵੀ। ਪਿੰਡ ਦੀਆਂ ਛੋਟੀਆਂ ਮੋਟੀਆਂ ਖਬਰਾਂ ਦਾ ਅੱਖੀ ਡਿਠਾ ਹਾਲ ਵੀ ਤੁਸੀਂ ਕੁਝ ਮਿੰਟਾਂ ਵਿਚ ਦੇਖ ਸਕਦੇ ਹੋ। ਹੁਣ ਅਗੇ ਅਗੇ ਪਿੰਡ ਦੇ ਕੈਲੰਡਰ, ਪਿੰਡ ਦੇ ਨਾਂ 'ਤੇ ਟੀ ਸ਼ਰਟਾਂ ਜਾਂ ਪਤਾ ਨਹੀਂ ਹੋਰ ਕੀ ਕੀ ਕਰਨ ਦਾ ਏਹਨਾਂ ਨੌਜਵਾਨਾਂ ਦੇ ਪਲਾਨ ਹਨ। ਇਸ ਦਾ ਫਾਇਦਾ ਇਹ ਹੋ ਰਿਹਾ ਹੈ ਕਿ ਸਾਡੀ ਅਗਲੀ ਪੀੜ੍ਹੀ ਦੇ ਮਨਾਂ ਵਿਚ ਫਰਾਲੇ ਦਾ ਨਾਂ ਖੁਣਿਆਂ ਜਾ ਰਿਹਾ ਹੈ। ਇਸ ਨਵੀਂ ਟੈਕਨੌਲੋਜੀ ਕਾਰਨ ਅਸੀਂ ਫਰਾਲੀਏ ਦੁਨੀਆਂ ਦੇ ਕੋਨੇ ਕੋਨੇ ਵਿਚ ਬੈਠੇ ਸਵੇਰੇ ਸ਼ਾਮ ਪਿੰਡ ਦਾ ਗੇੜਾ ਮਾਰ ਲੈਂਦੇ ਹਾਂ। ਆਸ ਹੈ ਹੋਰ ਪਿੰਡਾਂ ਦੇ ਲੋਕ ਵੀ ਇਸੇ ਤਰ੍ਹਾਂ ਜੁੜੇ ਹੋਏ ਹੋਣਗੇ। ਜੇ ਨਹੀਂ ਤਾਂ ਜੁੜਨਾ ਚਾਹੀਦਾ ਹੈ। ਨਵੀਂ ਦੁਨੀਆਂ ਦਾ ਹਿੱਸਾ ਬਣਨਾ ਹੁਣ ਜ਼ਰੂਰੀ ਹੋ ਗਿਆ ਹੈ।

Saturday 3 September 2011

ਪਿਛਲੇ ਵੀਹ ਸਾਲਾਂ ਵਿਚ ਨਵੀਂ ਟੈਕਲੌਜੀ ਨੇ ਇਨਸਾਨ ਦੀ ਜ਼ਿੰਦਗੀ ਬਦਲ ਕੇ ਰੱਖ ਦਿਤੀ ਹੈ। ਪਹਿਲਾਂ ਮੁਬਾਈਲ ਫੋਨ ਫਿਰ ਕੰਪਿਊਟਰ, ਇੰਟਰਨੈੱਟ, ਵੀਡਿਓ ਫੋਨ ਤੇ ਫਿਰ ਬਸ ਚਲੋ ਚੱਲ। ਹੁਣ ਤੁਸੀਂ ਇਸ ਨਿਕੇ ਜਿਹੇ ਡੱਬੇ ਰਾਹੀਂ ਜਾਂ ਮੋਬਾਈਲ ਫੋਨ ਰਾਹੀਂ ਵੀ ਸਾਰੀ ਦੁਨੀਆਂ ਨਾਲ ਜੁੜੇ ਬੈਠੇ ਹੋ। ਅਜ ਕਲ ਜ਼ਮਾਨਾ ਫੇਸ ਬੁੱਕ ਦਾ ਹੈ। ਫੇਸਬੁੱਕ ਨਵੀਂ ਜਨਰੇਸ਼ਨ ਦਾ ਹਥਿਆਰ ਹੈ ਪਰ ਕੁਝ ਪੁਰਾਣੀ ਪੀੜ੍ਹੀ ਦੇ ਲੋਕ ਵੀ ਇਸ ਨਾਲ ਜੁੜ ਰਹੇ ਹਨ। ਇਥੋਂ ਤਕ ਕਿ ਪੰਜਾਬੀ ਦੇ ਬਹੁਤ ਸਾਰੇ ਲੇਖਕ ਵੀ ਇਸ ਦੇ ਮੈਂਬਰ ਹਨ। ਤੁਸੀਂ ਕਦੇ ਵੀ ਲੌਗਇਨ ਕਰੋ ਪੱਚੀ ਤੀਹ ਪੰਜਾਬੀ ਦੇ ਲੇਖਕ ਬੈਠੇ ਦਿਸ ਪੈਣਗੇ। ਉਹਨਾਂ ਨਾਲ ਕੋਈ ਵੀ ਗੱਲ ਕਰੋ, ਵਿਚਾਰ ਵਟਾਂਦਰਾ ਕਰੋ। ਇਵੇਂ ਹੀ ਸੰਗੀਤਕਾਰ ਤੇ ਹੋਰ ਕਲਾਕਾਰਾਂ, ਐਕਟਰਾਂ ਨੂੰ ਵੀ ਮਿਲਿਆ ਜਾ ਸਕਦਾ ਹੈ। ਫੇਸਬੁੱਕ ਉਪਰ ਹੀ ਬਹੁਤ ਸਾਰੀਆਂ ਸਭਾਵਾਂ ਵੀ ਬਣੀਆਂ ਹੋਈਆਂ ਹਨ। ਬਹੁਤ ਸਾਰੇ ਗਰੁੱਪ ਵੀ ਹਨ। ਇਹ ਗਰੁੱਪ ਕਈ ਕਿਸਮ ਦੇ ਹਨ। ਇਹਨਾਂ ਵਿਚ ਕੁਝ ਖੁਲ੍ਹੇ ਗਰੁੱਪ ਹਨ ਕਿ ਕੋਈ ਵੀ ਮੈਂਬਰ ਬਣ ਜਾਵੇ ਤੇ ਕੁਝ ਬੰਦ ਗਰੁੱਪ ਹਨ ਕਿ ਇਸ ਦੇ ਮੈਂਬਰ ਬਣਨ ਲਈ ਇਸ ਦੇ ਐਡਮਿਨ ਦੀ ਇਜਾਜ਼ਤ ਚਾਹੀਦੀ ਹੈ। ਅਜਿਹਾ ਹੀ ਇਕ ਗਰੁੱਪ ਹੈ 'ਸੱਥ'. ਸੱਥ ਪਰਪੱਕ ਸੋਚ ਵਾਲਿਆਂ ਦਾ ਗਰੁੱਪ ਹੈ। ਇਸ ਵਿਚ ਵੀਹ-ਪੱਚੀ ਸਾਲ ਦੀ ਉਮਰ ਤੋਂ ਲੈ ਕੇ ਸੱਤਰ-ਪਝੱਤਰ ਸਾਲ ਦੀ ਉਮਰ ਤਕ ਦੇ ਮੈਂਬਰ ਸ਼ਾਮਲ ਹਨ। ਇਹ ਮੈਂਬਰ 'ਸੱਥ' ਵਿਚ ਆ ਕੇ ਆਪਣੇ ਦਿਲ ਦੀਆਂ ਗੱਲਾਂ ਕਰਦੇ ਕਰਦੇ ਹਨ। ਆਪਣੇ ਮਨ ਦਾ ਬੋਝ ਹਲਕਾ ਕਰਦੇ ਹਨ। ਇਕ ਦੂਜੇ ਦੇ ਦੁੱਖ ਸੁੱਖ ਨੂੰ ਸੁਣਦੇ ਹਨ। ਇਕ ਦੂਜੇ ਦੀ ਗਮੀ ਖੁਸ਼ੀ ਵਿਚ ਸ਼ਾਮਲ ਹੁੰਦੇ ਹਨ। ਕਹਿੰਦੇ ਹਨ ਕਿ ਗਮ ਵੰਡਿਆ ਅੱਧਾ ਰਹਿ ਜਾਂਦਾ ਹੈ ਤੇ ਖੁਸ਼ੀਆਂ ਵੰਡੀਆਂ ਦੂਣੀਆਂ ਹੋ ਜਾਂਦੀਆਂ ਹਨ। ਇਸ ਕਹਾਵਤ ਨੂੰ 'ਸੱਥ' ਸਹੀ ਸਾਬਤ ਕਰਦਾ ਹੈ। ਇਥੇ ਕੋਈ ਆਪਣਾ ਵਿਚਾਰ ਜਾਂ ਕਿਸੇ ਦਾ ਵਿਚਾਰ ਸਾਂਝਾ ਕਰ ਰਿਹਾ ਹੁੰਦਾ ਹੈ, ਕੋਈ ਆਪਣੇ ਨਾਲ ਵਾਪਰੀ ਘਟਨਾ ਦੱਸ ਰਿਹਾ ਹੁੰਦਾ ਹੈ ਤੇ ਕੋਈ ਲਤੀਫਾ ਜਾਂ ਕੁਝ ਹੋਰ। ਫਿਰ ਇਹਨਾਂ ਗੱਲਾਂ ਉਪਰ ਟਿੱਪਣੀਆਂ ਹੁੰਦੀਆਂ ਹਨ ਤੇ ਟਿੱਪਣੀਆਂ ਉਪਰ ਟਿਪਣੀਆਂ ਵੀ। ਕਈ ਵਾਰ ਤਾਂ ਇਹਨਾਂ ਟਿੱਪਣੀਆਂ ਦੀ ਗਿਣਤੀ ਸੌ ਤਕ ਵੀ ਜਾ ਪੁੱਜਦੀ ਹੈ। ਕੁਝ ਟਿੱਪਣੀਆਂ ਤਾਂ ਏਨੀਆਂ ਦਿਲਚਸਪ ਹੁੰਦੀਆਂ ਹਨ ਕਿ ਦਿਲ ਕਰਦਾ ਹੈ ਕਿ ਇਹਨਾਂ ਨੂੰ ਇਕੱਠੀਆਂ ਕਰਕੇ ਇਕ ਕਿਤਾਬ ਛਪਵਾ ਦਿਤੀ ਜਾਵੇ। ਕਈ ਟਿੱਪਣੀਆਂ ਕਹਾਵਤਾਂ ਬਣਨ ਯੋਗ ਵੀ ਹੁੰਦੀਆਂ ਹਨ। 'ਸੱਥ' ਬਹੁਤ ਹੀ ਉੁਸਾਰੂ ਗਰੁੱਪ ਹੈ। ਜਿਵੇਂ ਪਹਿਲਾਂ ਕਿਹਾ ਗਿਆ ਹੈ ਕਿ ਇਹ ਇਕ ਬੰਦ ਗਰੁੱਪ ਹੈ। ਇਸ ਦੇ ਮੈਂਬਰ ਬਣਨਾ ਆਸਾਨ ਨਹੀਂ ਹੈ। ਕਿਸੇ ਮੈਂਬਰ ਰਾਹੀਂ ਹੀ ਇਸ ਦੇ ਮੈਂਬਰ ਬਣਿਆਂ ਜਾ ਸਕਦਾ ਹੈ। ਇਸ ਦੇ ਮੈਂਬਰ ਬਣਨ ਲਈ ਕੁਝ ਅਣਲਿਖੀਆਂ ਸ਼ਰਤਾਂ ਹਨ। ਪਹਿਲੀ ਤਾਂ ਇਹ ਕਿ ਤੁਸੀਂ ਪਰਪੱਕ ਸੋਚ ਦੇ ਮਾਲਕ ਹੋਵੋਂ। ਤੁਹਾਡੇ ਵਿਚ ਸੈਂਸ ਔਫ ਹਿਊਮਰ ਹੋਵੇ। ਤੁਸੀਂ ਕਿਸੇ ਨੂੰ ਹਰਟ ਨਹੀਂ ਕਰੋਂਗੇ। ਸਭ ਨੂੰ ਆਪਣੇ ਵਿਚਾਰ ਰੱਖਣ ਦੀ ਖੁਲ੍ਹ ਹੈ ਪਰ ਕਿਸੇ ਦੀ ਹੇਠੀ ਕਰਨ ਦੀ ਬਿਲਕੁਲ ਇਜਾਜ਼ਤ ਬਿਲਕੁਲ ਨਹੀਂ ਹੈ। 'ਸੱਥ' ਦੇ ਮੈਂਬਰਾਂ ਦਾ ਆਪਣੇ ਗਰੁੱਪ ਵਿਚ ਐਕਟਿਵ ਰਹਿਣਾ ਵੀ ਜ਼ਰੂਰੀ ਹੈ। ਇਹ ਗਰੁੱਪ ਇਕ ਖੂਬਸੂਰਤ ਘਟਨਾ ਵੀ ਕਿਹਾ ਜਾ ਸਕਦਾ ਹੈ। ਇਸ ਦੇ ਕੁਝ ਮੈਂਬਰ ਵਿਆਹ-ਬੰਧਨ ਵਿਚ ਬੱਝਣ ਲਈ ਤਿਆਰ ਬੈਠੇ ਹਨ। ਕੁਝ ਮੈਂਬਰ ਆਪਸ ਵਿਚ ਰੁੱਸ ਵੀ ਜਾਂਦੇ ਹਨ ਜਿਵੇਂ ਇਕ ਪਰਿਵਾਰ ਵਿਚ ਹੁੰਦਾ ਹੈ। ਫਿਰ ਜਲਦੀ ਮੰਨ ਵੀ ਜਾਂਦੇ ਹਨ ਜਿਵੇਂ ਇਕ ਟੱਬਰ ਵਿਚ ਹੁੰਦਾ ਹੈ। ਇਕ ਦੂਜੇ ਨੂੰ ਖੁਲ੍ਹ ਕੇ ਟਿੱਚਰਾਂ ਵੀ ਕਰਦੇ ਹਨ। ਹੋਰ ਵੀ ਬਹੁਤ ਕੁਝ ਹੈ ਜਿਹੜਾ ਕਿ ਸ਼ਬਦਾਂ ਵਿਚ ਸਮੋਇਆ ਨਹੀਂ ਜਾ ਸਕਦਾ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ। ਇਸ ਦੇ ਸਾਰੇ ਮੈਂਬਰ ਇਕ ਦੂਜੇ ਨੂੰ ਨਿੱਕ ਨੇਮ ਨਾਲ ਸੰਬੋਧਨ ਹੁੰਦੇ ਹਨ ਪਰ ਇਸ ਸੰਬੋਧਨ ਵਿਚ ਇਜ਼ਤ ਜ਼ਰੂਰੀ ਹੈ। ਇਸ ਦੇ ਇਸ ਸਮੇਂ ਦੋ ਐਡਮਿਨ ਹਨ ਤੇ ਪਝਤਰ ਮੈਂਬਰ। ਇਹ ਵਧਦੇ ਘਟਦੇ ਰਹਿੰਦੇ ਹਨ। ਕਿਉਂਕਿ ਇਸ ਦੇ ਰੂਲਾਂ ਨੂੰ ਨਾ ਮੰਨਣ ਵਾਲੇ ਨੂੰ ਇਕ ਦਮ ਕੱਢਿਆ ਵੀ ਜਾ ਸਕਦਾ ਹੈ। 'ਸੱਥ' ਦਾ ਜਨਮ ਦਾਤਾ ਡਾ. ਨਿਰਮਲ ਧੱਲੂ ਹੈ ਜਿਸ ਨੂੰ ਸਾਰੇ ਪਿਆਰ ਨਾਲ ਬਾਬਾ ਨਿੰਮਾ ਵੀ ਕਹਿੰਦੇ ਹਨ। ਇਸ ਦੇ ਮੈਂਬਰਾਂ ਅਮਰੀਕਾ, ਅਸਟਰੇਲੀਆ, ਇੰਡੀਆ, ਕੈਨੈਡਾ, ਯੌਰਪਃ ਗੱਲ ਕੀ ਦੁਨੀਆਂ ਭਰ ਵਿਚ ਫੈਲੇ ਹੋਏ ਹਨ ਇਸ ਲਈ ਹੀ ਹਰ ਵੇਲੇ ਕੁਝ ਮੈਂਬਰ ਹਰ ਵੇਲੇ ਇਥੇ ਹਾਜ਼ਰ ਰਹਿੰਦੇ ਹਨ। ਜੇ ਇਹ ਕਹਿ ਲਿਆ ਜਾਵੇ ਕਿ ਇਸ ਦੇ ਮੈਂਬਰ ਬਾਕੀ ਦੀ ਫੇਸਬੁੱਕ ਨਾਲੋਂ 'ਸੱਥ' ਉਪਰ ਵਧੇਰੇ ਵਕਤ ਗੁਜ਼ਾਰਦੇ ਹਨ ਤਾਂ ਇਹ ਗਲਤ ਨਹੀਂ ਹੋਵੇਗਾ। ਹੁਣ ਤੁਸੀਂ ਸੋਚੋਂਗੇ ਕਿ ਮੈਂ ਇਹ ਸਭ ਕਿਵੇਂ ਜਾਣਦਾਂ ਹਾਂ ਤਾਂ ਮੈਂ ਕਹਾਂਗਾ ਕਿ ਮੈਂ ਵੀ ਇਸ ਦਾ ਮੈਂਬਰ ਹਾਂ ਤੇ ਲਗਾਤਾਰ ਹਿੱਸਾ ਵੀ ਲੈਂਦਾ ਹਾਂ। ਤੇ ਤੁਹਾਨੂੰ ਮੈਂਬਰ ਬਣਾਉਣਾ ਇਸ ਦੇ ਮੈਂਬਰਾਂ ਉੁਪਰ ਮਨੱਸਰ ਕਰਦਾ ਹੈ।

Thursday 2 June 2011

ਲੰਡਨ ਦੀ ਲੋਕਲ ਬੱਸ

ਮੇਰੀ ਸਦਾ ਹੀ ਇਹ ਮਜ਼ਬੂਤ ਦਲੀਲ ਰਹੀ ਹੈ ਕਿ ਲੇਖਕ ਦੇ ਜਿੰਨੇ ਅਮੀਰ ਤਜੁਰਬੇ ਹੋਣਗੇ ਓਨਾ ਹੀ ਵਧੀਆ ਉਹ ਲਿਖ ਸਕੇਗਾ। ਮੈਂ ਜਾਣ ਬੁਝ ਕੇ ਨਵੇਂ ਨਵੇਂ ਤਜੁਰਬੇ ਕਰਨ ਦੀ ਕੋਸ਼ਿਸ਼ ਵਿਚ ਰਹਿੰਨਾ ਹਾਂ। ਲੰਡਨ ਵਿਚ ਏਨੇ ਸਾਲ ਰਹਿਣ ਤੋਂ ਬਾਅਦ ਵੀ ਮੈਂ ਇਕ ਤਜੁਰਬੇ ਤੋਂ ਵਾਂਝਾ ਹੀ ਰਿਹਾ ਹਾਂ। ਉਹ ਤਜੁਰਬਾ ਹੈ ਲੰਡਨ ਬੱਸ ਵਿਚ ਸਫਰ ਕਰਨ ਦਾ ਅਨੁਭਵ। ਜਦੋਂ ਦਾ ਮੈਂ ਇਸ ਮੁਲਕ ਵਿਚ ਆਇਆ ਹਾਂ ਮੈਂ ਕਾਰ ਰਾਹੀਂ ਹੀ ਬਹੁਤਾ ਸਫਰ ਕਰਦਾ ਰਿਹਾ ਹਾਂ। ਇਹ ਤਾਂ ਸਾਨੂੰ ਸਭ ਨੂੰ ਪਤਾ ਹੀ ਹੈ ਕਿ ਕਾਰ ਇਹਨਾ ਮੁਲਕਾਂ ਦੇ ਜੀਵਨ ਦਾ ਅਟੁੱਟ ਅੰਗ ਹੈ। ਇਸ ਤੋਂ ਬਿਨਾਂ ਸਭ ਕੁਝ ਮੁਸ਼ਕਲ ਹੋ ਜਾਂਦਾ ਹੈ। ਸੋ ਕਾਰ ਨੇ ਮੈਨੂੰ ਬੱਸ ਵਿਚ ਸਫਰ ਕਰਨ ਤੋਂ ਰੋਕੀ ਰਖਿਆ ਹੈ। ਪਹਿਲੇ ਕੁਝ ਸਾਲ ਮੈਂ ਕੇਂਦਰੀ ਲੰਡਨ ਵਿਚ ਕੰਮ ਕਰਦਿਆਂ ਅੰਡਰ ਗਰਾਊਂਡ ਵਿਚ ਕਾਫੀ ਸਫਰ ਕੀਤਾ ਹੈ ਤੇ ਇਸ ਅਨੁਭਵ ਨੂੰ ਮੈਂ ਆਪਣੀਆਂ ਲਿਖਤਾਂ ਵਿਚ ਵਰਤਿਆ ਵੀ ਹੈ ਪਰ ਬੱਸਾਂ ਮੇਰੇ ਨਾਵਲਾਂ ਕਹਾਣੀਆਂ ਵਿਚ ਘੱਟ ਆਈਆਂ ਹਨ। ਲੰਡਨ ਵਿਚ ਮੈਂ ਇਕ ਹੋਰ ਸਵਾਰੀ ਤੋਂ ਵੀ ਸੱਖਣਾ ਰਿਹਾ ਹਾਂ ਜੋ ਕਿ ਮੇਰੀ ਬਹੁਤ ਹੀ ਮਨ ਭਾਉਂਦੀ ਸਵਾਰੀ ਸੀ, ਉਹ ਸੀ ਸਾਈਕਲ ਦੀ ਸਵਾਰੀ। ਖੈਰ, ਮੈਂ ਗੱਲ ਬੱਸ ਦੀ ਕਰ ਰਿਹਾ ਸਾਂ, ਮੈਂ ਬੱਸ ਦਾ ਸਫਰ ਨਹੀਂ ਸੀ ਕੀਤਾ, ਹੁਣ ਅਚਾਨਕ ਕਰਨਾ ਪੈ ਗਿਆ ਤਾਂ ਮੈਨੂੰ ਜਾਪਦਾ ਹੈ ਕਿ ਜੇ ਇਹ ਨਾ ਕਰਦਾ ਤਾਂ ਮੈਂ ਕਿੰਨੀ ਜਾਣਕਾਰੀ ਤੋਂ ਵਾਂਝਾ ਰਹਿ ਜਾਣਾ ਸੀ। ਹੋਇਆ ਇਵੇਂ ਕਿ ਮੇਰੇ ਡਾਕਟਰ ਨੂੰ ਮੇਰੇ ਵਧੇ ਹੋਏ ਭਾਰ ਪ੍ਰਤੀ ਬਹੁਤ ਸ਼ਿਕਾਇਤ ਸੀ। ਉਹ ਵਰਜਿਸ਼ ਕਰਨ ਦੀ ਸਲਾਹ ਦਿੰਦਾ, ਮੈਂ ਉਸ ਨਾਲ ਵਾਅਦਾ ਕਰ ਆਉਂਦਾ ਪਰ ਵਰਜਿਸ਼ ਕਰ ਨਾ ਸਕਦਾ। ਅੰਤ ਡਾਕਟਰ ਨੇ ਹੋਰ ਸਲਾਹ ਦਿਤੀ ਕਿ ਮੈਂ ਕਾਰ ਰਾਹੀਂ ਏਧਰ ਓਧਰ ਜਾਇਆ ਕਰਾਂ। ਇਸ ਨਾਲ ਕੁਝ ਤਾਂ ਵਰਜਿਸ਼ ਹੋਵੇਗੀ ਹੀ। ਸੋ ਡਾਕਟਰ ਦੀ ਸਲਾਹ ਮੰਨਦਿਆਂ ਮੈਂ ਕਾਰ ਆਪਣੇ ਬੱਚੇ ਨੂੰ ਦੇ ਦਿਤੀ ਤੇ ਆਪ ਲਗਿਆ ਬੱਸਾਂ ਵਿਚ ਭਰਮਣ ਕਰਨ। ਪਹਿਲਾਂ ਪਹਿਲ ਤਾਂ ਬਹੁਤ ਹੀ ਬੋਰ ਲਗਿਆ ਤੇ ਉਕਾਊ ਵੀ ਪਰ ਹੌਲੀ ਹੌਲੀ ਇਸ ਵਿਚ ਅਨੰਦ ਆਉਣ ਲਗਿਆ। ਮੈਂ ਦੇਖਿਆ ਕਿ ਬੱਸਾਂ ਰਾਹੀਂ ਸਫਰ ਕਰਨ ਵਾਲਿਆਂ ਦੀ ਤਾਂ ਦੁਨੀਆਂ ਹੀ ਹੋਰ ਹੁੰਦੀ ਹੈ। ਵੱਖਰੀ ਕਿਸਮ ਦੇ ਤਜਰਬੇ ਪ੍ਰਾਪਤ ਹੁੰਦੇ ਹਨ। ਇਕੋ ਵਕਤ ਸਫਰ ਕਰਨ ਵਾਲੇ ਇਕੋ ਜਿਹੇ ਲੋਕਾਂ ਨਾਲ ਤੁਹਾਡਾ ਵਾਹ ਪੈਂਦਾ ਹੈ। ਹੌਲੀ ਹੌਲੀ ਉਹ ਤੁਹਾਡੇ ਦੋਸਤਾਂ ਵਾਂਗ ਬਲਕਿ ਪਰਿਵਾਰ ਵਾਂਗ ਹੋ ਜਾਂਦੇ ਹਨ। ਦਿਨਾਂ ਵਿਚ ਹੀ ਕੁਝ ਡਰਾਈਵਰ ਵਾਕਫ ਬਣਦੇ ਵਿਸ਼ ਕਰਨ ਲਗੇ। ਜਿਹੜੇ ਲੋਕ ਉਸ ਵਕਤ ਦੀ ਬੱਸ ਫੜਦੇ ਸਨ ਉਹ ਵੀ ਤੁਹਾਡੇ ਵਲ ਖੂਬਸੂਰਤ ਜਾਣੀ ਪੱਛਾਣੀ ਮੁਸਕ੍ਰਾਹਟ ਦੇਣ ਲਗਦੇ ਹਨ। ਜੇ ਕਿਸੇ ਦਿਨ ਕੋਈ ਨਹੀਂ ਆਉਂਦਾ ਤਾਂ ਉਸ ਬਾਰੇ ਫਿਕਰਵੰਦ ਵੀ ਹੋਣ ਲਗਦੇ ਹਨ। ਚੜ੍ਹਨ ਉਤਰਨ ਵਿਚ ਇਕ ਦੂਜੇ ਦੀ ਮੱਦਦ ਵੀ ਕਰਨ ਲਗਦੇ ਹਨ। ਅਜਕਲ ਮੈਂ ਬੱਸਾਂ ਲੰਡਨ ਦੀ ਰੈੱਡ ਬੱਸ ਵਿਚ ਹੀ ਜ਼ਿਆਦਾ ਸਫਰ ਕਰਦਾ ਹਾਂ ਤੇ ਇਸ ਸਫਰ ਦੌਰਾਨ ਮੈਨੂੰ ਕਈ ਨਵੇਂ ਨਵੇਂ ਕਿਰਦਾਰ ਮਿਲੇ ਹਨ। ਕਈਆਂ ਨਾਲ ਦੋਸਤੀ ਵੀ ਪੈ ਗਈ ਹੈ। ਇਕ ਬੱਸ ਡਰਾਈਵਰ ਜੋ ਦਾਰੂ ਦਾ ਸ਼ੌਕੀਨ ਹੈ ਪੱਬ ਨੂੰ ਖਿਚਣ ਲਗਦਾ ਹੈ। ਬੱਸਾਂ ਦੇ ਇਸ ਸਫਰ ਵਿਚੋਂ ਮੈਨੂੰ ਹੋਰ ਵੀ ਕਿੰਨਾ ਕੁਝ ਨਵਾਂ ਮਿਲ ਰਿਹਾ ਹੈ। ਮੈਨੂੰ ਇਹ ਇਕ ਨਵੀਂ ਜਿਹੀ ਦੁਨੀਆਂ ਮਹਿਸੂਸ ਹੁੰਦੀ ਹੈ ਜਿਹੜੀ ਅਸਲ ਜ਼ਿੰਦਗੀ ਨਾਲੋਂ ਜ਼ਿਆਦਾ ਸੁਖਦਾਈ ਜਾਪਦੀ ਹੈ।
ਭਾਵੇਂ ਇਹ ਸਭ ਆਰਜ਼ੀ ਜਿਹਾ ਹੁੰਦਾ ਹੈ ਪਰ ਤੁਹਾਨੂੰ ਚੰਗਾ ਚੰਗਾ ਮਹਿਸੂਸ ਕਰਾਉਂਦਾ ਹੈ। ਕਈ ਵਾਰ ਸੋਚਦਾ ਹਾਂ ਕਿ ਜੇ ਮੈਂ ਲੰਡਨ ਦੀ ਲੋਕਲ ਬੱਸ ਵਿਚ ਸਫਰ ਨਾ ਕਰਦਾ ਤਾਂ ਮੇਰੇ ਅੰਦਰਲਾ ਲੇਖਕ ਤੇ ਇਨਸਾਨ ਦੋਨੋਂ ਹੀ ਕਈ ਗੱਲਾਂ ਤੋਂ ਊਣੇ ਰਹਿ ਜਾਂਦੇ।

Thursday 21 April 2011

ਇੰਡੀਆ ਜਾਣ ਦਾ ਹੁਣ ਪਹਿਲਾਂ ਵਾਲਾ ਮਜ਼ਾ ਨਹੀਂ ਹੈ।

ਇੰਡੀਆ ਜਾਣ ਦਾ ਹੁਣ ਪਹਿਲਾਂ ਵਾਲਾ ਮਜ਼ਾ ਨਹੀਂ ਹੈ। ਕਦੇ ਵੇਲਾ ਸੀ ਕਿ ਕਈ ਸਾਲ ਬਾਅਦ ਜਾਈਦਾ ਸੀ ਤੇ ਜਾ ਕੇ ਲਗਦਾ ਸੀ ਕਿ ਵਾਕਿਆ ਹੀ ਅਸੀਂ ਆਪਣੇ ਦੇਰ ਤੋਂ ਵਿਛੜੇ ਹੋਏ ਮੁਲਕ ਆਏ ਹਾਂ। ਉਸ ਮੁਲਕ ਵਿਚ ਜਿਹੜਾ ਸਾਡਿਆਂ ਸੁਫਿਨਆਂ ਵਿਚ ਰੋਜ਼ ਆਇਆ ਕਰਦਾ ਹੈ। ਅੱਖਾਂ ਬੰਦ ਕਰੀਏ ਤਾਂ ਜਿਸ ਦੀ ਮਿੱਟੀ ਦੀ ਮਹਿਕ ਆਉਣ ਲਗਦੀ ਹੈ। ਬਲਦਾਂ ਦੀਆਂ ਟੱਲੀਆਂ ਕੰਨਾਂ ਵਿਚ ਵੱਜਣ ਲਗਦੀਆਂ ਹਨ। ਹੋਰ ਵੀ ਬਰੀਕ ਬਰੀਕ ਮਹਿਸੂਸਣਾਵਾਂ ਇੰਡੀਆ ਨਾਲ ਜੁੜੀਆਂ ਹੋਈਆਂ ਇਸ ਦਾ ਨਾਂ ਲੈਂਦੇ ਹੀ ਤੁਹਾਡੇ ਸਾਹਮਣੇ ਆ ਖੜਦੀਆਂ ਸਨ ਪਰ ਅਜਿਹਾ ਨਹੀਂ ਹੁੰਦਾ। ਹੁਣ ਇੰਡੀਆ ਜਾਣ ਬਾਰੇ ਕੋਈ ਫੀਲਿੰਗਜ਼ ਹੀ ਨਹੀਂ ਆਉਂਦੀ। ਇਵੇਂ ਜਾਪਦਾ ਹੈ ਕਿ ਜਿਵੇਂ ਸਭ ਕੁਝ ਬਹੁਤ ਹੀ ਸਾਧਾਰਣਤਾ ਜਿਹੀ ਨਾਲ ਵਾਪਰਦਾ ਜਾ ਰਿਹਾ ਹੈ। ਇਸ ਦੇ ਕਈ ਕਾਰਣ ਹਨ। ਸਭ ਤੋਂ ਵੱਡਾ ਕਾਰਣ ਤਾਂ ਹੈ ਕਿ ਅਗੇ ਅਸੀਂ ਪੰਜਾਂ ਸਾਲਾਂ ਜਾਂ ਇਸ ਤੋਂ ਵੀ ਵੱਧ ਸਮੇਂ ਬਾਅਦ ਜਾਇਆ ਕਰਦੇ ਸਾਂ। ਇੰਨੀ ਦੇਰ ਬਾਅਦ ਜਾਣ ਦਾ ਕਾਰਣ ਹੁੰਦਾ ਸੀ ਕਿ ਟਿਕਟਾਂ ਬਹੁਤ ਮਹਿੰਗੀਆਂ ਹੋਇਆ ਕਰਦੀਆਂ ਸਨ। ਮਜ਼ੇ ਦੀ ਗੱਲ ਇਹ ਹੈ ਕਿ ਹਵਾਈ ਟਿਕਟ ਦੀ ਜਿਹੜੀ ਕੀਮਤ ਅਜ ਤੋਂ ਵੀਹ ਪੱਚੀ ਸਾਲ ਪਹਿਲਾਂ ਸੀ ਲਗ ਭਗ ਉਹੋ ਹੀ ਅਜ ਹੈ। ਇਸ ਲਈ ਹੁਣ ਜਾਣਾ ਅਸਾਨ ਹੈ। ਬਹੁਤੇ ਲੋਕ ਸਹਿਜੇ ਹੀ ਸਾਲ ਵਿਚ ਇਕ ਚਕਰ ਮਾਰ ਲੈਂਦੇ ਹਨ। ਕਈ ਤਾਂ ਸਾਲ ਵਿਚ ਇਕ ਤੋਂ ਵਧ ਗੇੜੇ ਵੀ ਜਾ ਆਉਂਦੇ ਹਨ। ਦੂਜਾ ਹੁਣ ਨਵੀਂ ਟੈਕਨੌਲੋਜੀ ਨੇ ਲੋਕਾਂ ਨੂੰ ਏਨਾ ਨੇੜੇ ਕਰ ਦਿਤਾ ਹੈ ਕਿ ਇੰਡੀਆ ਕੰਪਿਊਟਰ ਉੁਪਰ ਸਾਖਸ਼ਾਤ ਦਿਸ ਪੈਂਦਾ ਹੈ। ਪੱਕਣ ਤੇ ਆਈਆਂ ਕਣਕਾਂ, ਅਵਾਰਾ ਫਿਰਦੇ ਕੁੱਤੇ, ਗਾਈਆਂ ਤੇ ਹੋਰ ਜਾਨਵਰ, ਧੂਆਂ ਛੱਡਦੀਆਂ ਬੱਸਾਂ, ਵਾਹਨਾਂ ਦੇ ਪੌਂ ਪੌਂ ਵਜਦੇ ਹਾਰਨ, ਬਜ਼ਾਰਾਂ ਦੀ ਭੀੜ ਤੇ ਹੋਰ ਸਭ ਜੋ ਸਾਨੂੰ ਇੰਡੀਆ ਗਿਆਂ ਨੂੰ ਚੰਗਾ ਜਾਂ ਅਮੇਜ਼ਿੰਗ ਲਗਦਾ ਹੈ। ਫੇਸ ਬੁੱਕ 'ਤੇ ਹੁੰਦੀਆਂ ਗੱਲਾਂ ਨੇ ਵੀ ਫਰਕ ਮਿਟਾ ਦਿਤੇ ਹਨ। ਵੀਡਿਓ ਫੋਨ ਬਗੈਰਾ ਨੇ ਵੀ ਦੁਨੀਆਂ ਬਹੁਤ ਛੋਟੀ ਕਰ ਦਿਤੀ ਹੈ। ਇੰਡੀਆ ਕੀ ਕਿਸੇ ਵੀ ਦੇਸ਼ ਵਿਚ ਇਵੇਂ ਗੱਲਬਾਤ ਕੀਤੀ ਜਾ ਸਕਦੀ ਹੈ ਜਿਵੇਂ ਆਹਮਣੇ ਸਾਹਮਣੇ ਬੈਠੇ ਹੋਵੋਂ। ਮੇਰਾ ਇੰਡੀਆ ਜਾਣ ਵਿਚ ਚਾਰਮ ਦੋਸਤਾਂ ਨੂੰ ਮਿਲਣ ਦਾ ਹੁੰਦਾ ਹੈ ਪਰ ਹੁਣ ਮੇਰੇ ਕਾਫੀ ਸਾਰੇ ਦੋਸਤ ਤਾਂ ਫੇਸ ਬੁੱਕ ਤੇ ਹੀ ਬੈਠੇ ਰਹਿੰਦੇ ਹਨ। ਹੁਣ ਮੇਰੀ ਇੰਡੀਆ ਜਾਣ ਦੀ ਤਾਂਘ ਉਦੋਂ ਜਾਗਦੀ ਹੈ ਜਦੋਂ ਮੇਰੀ ਨਵੀਂ ਕਿਤਾਬ ਛਪੇ ਕਿ ਇਸ ਨੂੰ ਇੰਡੀਆ ਦੇ ਦੋਸਤਾਂ ਵਿਚਕਾਰ ਰਿਲੀਜ਼ ਕੀਤਾ ਜਾਵੇ। ਵੈਸੇ ਤਾਂ ਵੀਡਿਓ ਕੰਨਫਰੰਸ ਰਾਹੀਂ ਦੁਨੀਆਂ ਭਰ ਦੇ ਲੇਖਕਾਂ ਸਾਹਮਣੇ ਕਿਤਾਬਾਂ ਰਿਲੀਜ਼ ਕਰਨ ਤੇ ਹੋਰ ਸੈਮੀਨਾਰ ਕਰਨ ਦੀ ਵਿਵਸਥਾ ਤਾਂ ਹੈ ਪਰ ਪੰਜਾਬੀ ਦੇ ਲੇਖਕਾਂ ਦਾ ਏਧਰ ਧਿਆਨ ਹਾਲੇ ਗਿਆ ਨਹੀਂ ਜਿਸ ਦਿਨ ਚਲੇ ਗਿਆ ਤਾਂ ਇੰਟਰਨੈਸ਼ਨਲ ਸਾਹਤਿਕ ਕੰਨਫਰੰਸਾਂ ਵੀ ਵੀਡਿਓ ਲਿੰਕ ਰਾਹੀਂ ਹੀ ਹੋਇਆ ਕਰਨਗੀਆਂ।

Thursday 30 December 2010

ਪੰਜਾਬੀ ਨਾਵਲਕਾਰੀ ਦੇ ਮਸਲੇ

ਕਵਿਤਾ ਸਾਹਿਤ ਦਾ ਸਭ ਤੋਂ ਪੁਰਾਣਡ ਜਾਨਰ ਹੈ, ਉੁਸ ਤੋਂ ਬਾਅਦ ਨਾਵਲ ਆਉਂਦਾ ਹੈ। ਕਹਾਣੀ, ਮਿੰਨੀ ਕਹਾਣੀ ਜਾਂ ਮਿੰਨੀ ਕਵਿਤਾ ਤਾਂ ਲੇਖਕਾਂ ਨੇ ਆਪਣੀ ਸਹੂਲਤ ਲਈ ਬਣਾਏ ਜਾਨਰ ਹਨ, ਪੰਜਾਬੀ ਸਾਹਿਤ ਵਿਚ ਇਹ ਪੂਰੇ ਮਕਬੂਲ ਹੋ ਚੁੱਕੇ ਹਨ ਭਾਵੇਂ ਕਿ ਪੱਛਮੀ ਸਾਹਿਤ ਵਿਚ ਉਸ ਤਰੀਕੇ ਨਾਲ ਨਹੀਂ ਅਪਣਾਏ ਗਏ। ਪੱਛਮੀ ਨਾਵਲਕਾਰ ਕਹਾਣੀ ਨੂੰ ਫਿਲਿਰ ਦੇ ਤੌਰ ਤੇ ਵਰਤਦੇ ਸਨ ਜਿਵੇਂ ਚਲਦੇ ਗੀਤ ਵਿਚ ਵਕਫੇ ਨੂੰ ਭਰਨ ਲਈ ਕੋਈ ਵਾਧੂ ਜਿਹਾ ਔਰਗਨ ਵਜਾ ਦਿਤਾ ਜਾਂਦਾ ਹੈ। ਨਾਵਲਕਾਰ ਜਦੋਂ ਵਿਹਲਾ ਹੁੰਦਾ ਹੈ ਤਾਂ ਕਹਾਣੀ ਲਿਖ ਲੈਂਦਾ ਹੈ। ਸਾਡੇ ਵੱਡੇ ਨਾਵਲਕਾਰ ਨਾਨਕ ਸਿੰਘ ਤੇ ਜਸਵੰਤ ਕੰਵਲ ਵੀ ਇਵੇਂ ਕਰਦੇ ਰਹੇ ਹਨ। ਪੱਛਮੀ ਸਾਹਿਤ ਦੇ ਮੁਕਾਬਲੇ ਪੰਜਾਬੀ ਸਾਹਿਤ ਵਿਚ ਕਹਾਣੀ ਤਰੱਕੀ ਕਰ ਗਈ ਹੈ। ਨਾਵਲ ਆਪਣਾ ਪਹਿਲਾਂ ਵਾਲਾ ਮੁਕਾਮ ਗੁਆ ਚੁੱਕਾ ਹੈ। ਨਾਨਕ ਸਿੰਘ ਤੇ ਕੰਵਲ ਪੰਜਾਬੀ ਨਾਵਲ ਨੂੰ ਤਰੱਕੀ ਦੀਆਂ ਉਚਾਣਾਂ ਵਲ ਲੈ ਕੇ ਗਏ ਹਨ। ਇਹਨਾਂ ਤੋਂ ਬਾਅਦ ਗੁਰਦਿਆਲ ਸਿੰਘ ਨੇ ਨਾਵਲਕਾਰੀ ਨੂੰ ਯਥਾਰਥਵਾਦੀ ਮੋੜ ਦੇ ਕੇ ਸਥਾਪਤ ਕੀਤਾ ਪਰ ਉਸ ਤੋਂ ਬਾਅਦ ਅਣਖੀ ਤੋਂ ਲੈ ਕੇ ਬਲਦੇਵ ਸਿੰਘ ਤੇ ਹੁਣ ਹਰਮਿੰਦਰ ਚਾਹਲ ਤਕ ਨਾਵਲ ਦਾ ਗਰਾਫ ਡਿਗਿਆ ਹੀ ਹੈ। ਇਸ ਦਾ ਮਤਲਵ ਇਹ ਨਹੀਂ ਕਿ ਨਾਵਲ ਲਿਖਿਆ ਨਹੀਂ ਜਾ ਰਿਹਾ, ਨਾਵਲ ਤਾਂ ਥੋਕ ਦੇ ਭਾਅ ਲਿਖਿਆ ਜਾ ਰਿਹਾ ਹੈ ਪਰ ਉਸ ਦੀ ਪੱਧਰ ਉਹ ਨਹੀਂ ਹੈ। ਕੋਈ ਵੀ ਸਾਹਿਤਕ ਰਚਨਾ ਪੜਦਿਆਂ ਦੋ ਗੱਲਾਂ ਸਾਹਮਣੇ ਆਂਉਂਦੀਆਂ ਹਨਃ ਕੀ ਕਿਹਾ ਤੇ ਕਿਵੇਂ ਕਿਹਾ। ਦੋਨੋਂ ਹੀ ਮਹਤੱਵਪੂਰਨ ਹਨ। ਪੰਜਾਬੀ ਨਾਵਲਕਾਰੀ ਨੂੰ ਇਸ ਵਕਤ ਇਹਨਾਂ ਦੋਨੋਂ ਮਸਲਿਆਂ ਦਾ ਸਾਹਮਣਾ ਹੈ। 'ਕੀ ਕਿਹਾ' ਤਾਂ ਬਹੁਤ ਹੀ ਵੱਡਾ ਮਸਲਾ ਹੈ। ਪੰਜਾਬੀ ਨਾਵਲ ਪੇਂਡੂ ਜ਼ਿੰਦਗੀ ਤੋਂ ਹੀ ਬਾਹਰ ਨਹੀਂ ਨਿਕਲ ਰਿਹਾ। ਪੰਜਾਬ ਵਿਚ ਲਿਖਿਆ ਜਾ ਰਿਹਾ ਪੰਜਾਬੀ ਨਾਵਲ ਨਵੇਂ ਸੰਵੇਦਨਾ ਨੂੰ ਫੜ ਸਕਣ ਵਿਚ ਫੇਹਲ ਹੋ ਰਿਹਾ ਹੈ। ਪਿਛਲੇ ਦੋ ਦਹਾਕਿਆਂ ਵਿਚ ਸਾਡੀ ਜ਼ਿੰਦਗੀ ਬਹੁਤ ਬਦਲ ਗਈ ਹੈ। ਮਨੁੱਖ ਬਦਲ ਗਿਆ ਹੈ, ਰਿਸ਼ਤੇ ਬਦਲ ਗਏ ਹਨ। ਰਿਸ਼ਤਿਆਂ ਦੇ ਸਦੰਰਭ ਬਦਲ ਗਏ ਹਨ। ਨਵੇਂ ਰਿਸ਼ਤਿਆਂ ਨੂੰ ਦੇਖਣ ਲਈ ਨਜ਼ਰ ਵੀ ਬਦਲ ਗਈ ਹੈ ਪਰ ਇਹ ਗੱਲ ਸਾਡੇ ਨਾਵਲ ਵਿਚ ਨਹੀਂ ਆ ਰਹੀ। ਨਵੀਂ ਟੈਕਨੌਲਜੀ ਨੇ ਸਾਡੇ ਸਮੁੱਚੇ ਸਾਹਿਤ ਉਪਰ ਹੀ ਬਹੁਤਾ ਅਸਰ ਨਹੀਂ ਪਾਇਆ। ਕੋਈ ਸਮਾਂ ਸੀ ਕਿ ਕਿਹਾ ਜਾਂਦਾ ਸੀ ਕਿ ਨਵੀਂ ਤਬਦੀਲੀ ਨੂੰ ਗ੍ਰਹਿਣ ਕਰਨ ਵਿਚ ਵਕਤ ਲਗਦਾ ਹੈ ਪਰ ਹੁਣ ਅਜਿਹਾ ਨਹੀਂ ਹੈ। ਇਹ ਕੰਪਿਊਟਰ ਯੁੱਗ ਹੈ, ਕੰਪਿਊਟਰ ਵਾਂਗ ਹੀ ਸਭ ਕੁਝ ਜਲਦੀ ਹੀ ਡਾਊਨਲੋਡ ਹੋ ਜਾਂਦਾ ਹੈ। ਫੇਸ ਬੁੱਕ 'ਤੇ ਦੇਖਣ ਨੂੰ ਮਿਲਦਾ ਹੈ ਕਿ ਬਹੁਤ ਸਾਰੇ ਲੇਖਕ-ਲੇਖਕਾਵਾਂ ਵਿਆਹ ਬਿਨਾਂ ਬੱਚੇ ਪੈਦਾ ਕਰਨ ਦੀ ਵਕਾਲਤ ਕਰ ਰਹੇ ਹਨ, ਹੋਰ ਵੀ ਹੋ ਰਹੀਆਂ ਵੱਡੀਆਂ ਸਮਾਜਕ ਤਬਦੀਲੀਆਂ ਨੂੰ ਖਿੜੇ ਮੱਥੇ ਮਨਜ਼ੂਰ ਕਰ ਰਹੇ ਹਨ ਪਰ ਇਸ ਸਭ ਬਾਰੇ ਉੁਹਨਾਂ ਦੀਆਂ ਰਚਨਾਵਾਂ ਇਸ ਬਾਰੇ ਚੁੱਪ ਹਨ। ਇਸ ਵੇਲੇ ਪੰਜਾਬੀ ਨਾਵਲਕਾਰੀ ਵਿਚ ਨਵੇਂ ਵਿਸ਼ੇ ਲਿਆਉਣ ਦੀ ਲੋੜ ਹੈ। ਨਾਵਲਕਾਰ ਨੂੰ ਇਲਾਕਾਬਾਜ਼ੀ ਵਿਚੋਂ ਵੀ ਨਿਕਲਣ ਦੀ ਲੋੜ ਹੈ। ਸਾਡੇ ਬਹੁਤ ਸਾਰੇ ਨਾਵਲਕਾਰਾਂ ਨੇ ਨਾਵਲ ਲਿਖਦਿਆਂ ਆਪਣੇ ਦੁਆਲੇ ਦੇ ਸਾਲ ਦੇ ਖੇਤਰ ਨੂੰ ਚਿਤਰਦਿਆਂ ਹੀ ਉਮਰ ਲੰਘਾ ਛੱਡੀ। ਇਹ ਨਹੀਂ ਕਿ ਉਹਨਾਂ ਨੂੰ ਪਤਾ ਹੀ ਨਾ ਹੋਵੇ ਕਿ ਬਾਹਰ ਵੀ ਦੁਨੀਆਂ ਵਸਦੀ ਹੈ ਪਰ ਉਹਨਾਂ ਸ਼ਾਇਦ ਕੋਸ਼ਿਸ਼ ਹੀ ਨਹੀਂ ਕੀਤੀ। ਸ਼ਾਇਦ ਸਾਡੇ ਪੁਰਾਣੇ ਅਲੋਚਕਾਂ ਦੀ ਸਲਾਹ, ਕਿ ਵਧੀਆ ਨਾਵਲ ਸਿਰਫ ਪੰਜਾਬ ਦੇ ਪਿੰਡਾਂ ਬਾਰੇ ਹੀ ਲਿਖਿਆ ਜਾ ਸਕਦਾ ਹੈ, ਹਾਲੇ ਵੀ ਲੇਖਕਾਂ ਦੇ ਮਨ ਵਿਚ ਘਰ ਕਰੀ ਬੈਠੀ ਹੈ। ਜਾਂ ਫਿਰ ਅਜ ਦਾ ਨਾਵਲਕਾਰ ਮਿਹਨਤ ਕਰਨ ਤੋਂ ਡਰਦਾ ਹੈ। ਪੰਜਾਬੀ ਵਿਚ ਲਿਖਣ ਦਾ ਆਰਥਿਕ ਲਾਭ ਤਾਂ ਪਹਿਲਾਂ ਹੀ ਨਹੀਂ ਸੀ ਹੁੰਦਾ, ਜਿਹੜੇ ਇੱਕਾ ਦੁੱਕਾ ਲਾਭ ਹੁੰਦੇ ਵੀ ਸਨ ਉੁਹ ਵੀ ਗਰੁੱਪ ਬਣਾ ਕੇ ਵੰਡ ਲਏ ਜਾਂਦੇ ਹਨ, ਸ਼ਾਇਦ ਇਸੇ ਕਰਕੇ ਲੇਖਕ ਸੋਚਦਾ ਹੋਵੇ ਕਿ ਛੱਡੋ ਮਿਹਨਤ ਕਰਨੇ ਨੂੰ। ਚਲੋ, ਕਾਰਨ ਹੋਵੇ ਪਰ ਮੈਂ ਸੋਚਦਾ ਹਾਂ ਕਿ ਇਹਨਾਂ ਨਾਵਲਕਾਰਾਂ ਨੂੰ ਚਾਹੀਦਾ ਹੈ ਕਿ ਜੇ ਲਿਖਣਾ ਹੈ ਤਾਂ ਮਿਹਨਤ ਨਾਲ ਲਿਖਣ, ਨਵੇਂ ਵਿਸ਼ੇ ਲਿਆਉਣ, ਨਵੀਂ ਸੰਵੇਦਨਾ ਨਾਲ ਦੋ-ਚਾਰ ਹੋਣ। ਨਾਵਲਕਾਰੀ ਕਰਦਿਆਂ ਦੂਜਾ ਮਸਲਾ ਹੈ ਕਿ 'ਕਿਵੇਂ ਕਿਹਾ' ਵੀ ਬਹੁਤ ਮਹਤੱਵਪੂਰਨ ਹੈ ਸਗੋਂ ਬਹੁਤ ਸਾਰੇ ਪੱਛਮੀ ਅਲੋਚਕ ਤਾਂ ਕਹਿੰਦੇ ਹਨ ਕਿ ਅਸਲ ਮਸਲਾ ਹੀ 'ਕਿਵੇਂ ਕਿਹਾ' ਦਾ ਹੈ। ਨਾਵਲਕਾਰ ਰਿਵਾਇਤੀ ਲਿਖਣ ਦੇ ਤਰੀਕੇ ਨੂੰ ਛੱਡ ਕੇ ਨਵਾਂ ਤਰੀਕਾ ਅਪਣਾਉਣ ਤੋਂ ਡਰਦੇ ਹਨ। ਇਸ ਬਾਰੇ ਮੈਂ ਸੋਚਦਾ ਹਾਂ ਕਿ ਪੰਜਾਬੀ ਲੇਖਕ ਕੋਲ ਗੁਆਉਣ ਲਈ ਕੁਝ ਨਹੀਂ ਹੈ, ਜੇ ਉਹ ਨਵੇਂ ਨਵੇਂ ਪ੍ਰਯੋਗ ਕਰੇਗਾ ਤਾਂ ਕੁਝ ਖਾਟੇਗਾ ਹੀ। ਹੋ ਸਕਦਾ ਹੈ ਕਿ ਦੂਜਿਆਂ ਦਾ ਮਾਰਗ ਦਰਸ਼ਕ ਹੀ ਬਣ ਜਾਵੇ। ਸਮੁੱਚੇ ਤੌਰ 'ਤੇ ਪੰਜਾਬੀ ਦੇ ਨਾਵਲਕਾਰ ਦੇ ਮੋਢਿਆਂ ਉਪਰ ਇਸ ਵੇਲੇ ਵੱਡੀ ਜ਼ਿੰਮੇਵਾਰੀ ਹੈ।
ਫੇਸ ਬੁੱਕ ਦਾ ਮੈਂ ਮੂਕ ਦਰਸ਼ਕ ਹਾਂ। ਬਹੁਤ ਖੁਸ਼ੀ ਦੀ ਗੱਲ ਹੈ ਕਿ ਹਰ ਵੇਲੇ ਵੀਹ ਪੱਚੀ ਲੇਖਕ ਫੇਸ ਬੁੱਕ 'ਤੇ ਹਾਜ਼ਰ ਹੁੰਦੇ ਹਨ। ਇਹ ਕਿਸੇ ਸਾਹਿਤ ਸਭਾ ਦੀ ਮੀਟਿੰਗ ਵਾਲੀ ਗੱਲ ਹੀ ਹੋ ਜਾਂਦੀ ਹੈ। ਕਿਸੇ ਲੇਖਕ ਨਾਲ ਗੱਲ ਨਾ ਵੀ ਹੋਵੇ ਪਰ ਉਸ ਦੀ ਹਾਜ਼ਰੀ ਹੀ ਬਹੁਤ ਹੁੰਦੀ ਹੈ। ਵਿਦੇਸ਼ਾਂ ਵਿਚ ਦੂਰ ਦੁਰੇਡੇ ਵਸਦੇ ਲੇਖਕ ਤਾਂ ਹੁਣ ਹਰ ਰੋਜ਼ ਹੀ ਸਾਹਿਤਕ ਮਹਿਫਲਾਂ ਵਿਚ ਹਾਜ਼ਰ ਹੋਣ ਲਗੇ ਹਨ। ਕਈ ਉੁਸਾਰੂ ਬਹਿਸਾਂ ਵੀ ਹੁੰਦੀਆਂ ਹਨ ਤੇ ਕਈ ਫਜ਼ੂਲ ਵੀ। ਪਰ ਕਈ ਲੇਖਕਾਂ ਦੀ ਸ਼ਾਮਤ ਵੀ ਆ ਰਹੀ ਹੈ। ਪੰਜਾਬੀ ਦੇ ਆਮ ਲੇਖਕਾਂ ਵਲੋਂ ਵੱਡੇ ਲੇਖਕਾਂ ਲਈ ਗੁੰਡੇ, ਹਰਾਮੀ, ਕੁੱਤੇ ਲਫਜ਼ ਪੜ ਕੇ ਆਪਣੇ ਲੇਖਕ ਹੋਣ 'ਤੇ ਸ਼ਰਮ ਵੀ ਆਉਣ ਲਗਦੀ ਹੈ।

Sunday 17 October 2010

Monday 11 October 2010

ਜਦ ਲੇਖਕ ਦੀ ਦਲੀਲ ਫੇਹਲ ਹੁੰਦੀ ਹੈ।

ਲੇਖਕ ਤੇ ਪਾਠਕ ਦਾ ਰਿਸ਼ਤਾ ਤਾਂ ਅਟੁੱਟ ਹੁੰਦਾ ਹੀ ਹੈ। ਲੇਖਕ ਦੇ ਫੈਨ ਵੀ ਹੁੰਦੇ ਹਨ ਪਰ ਕਈ ਰਚਨਾਵਾਂ ਨਾਲ ਪਾਠਕ ਜੁੜਨ ਲਗਦੇ ਹਨ। ਕਈ ਰਚਨਾਵਾਂ ਪਾਠਕਾਂ ਉਪਰ ਅਸਰ ਕਰ ਜਾਂਦੀਆਂ ਹਨ, ਉਲਟਾ ਵੀ ਤੇ ਸਹੀ ਵੀ। ਸਲਮਨ ਰਸ਼ਦੀ ਵਾਂਗ ਲੇਖਕ ਨੂੰ ਆਪਣੀ ਲਿਖਤ ਦਾ ਮੁੱਲ ਵੀ ਤਾਰਨਾ ਪੈਂਦਾ ਹੈ। ਮੈਂ ਆਪਣੀ ਗੱਲ ਦਾ ਖਿਲਾਰਾ ਆਪਣੇ ਤਕ ਰੱਖਦਾ ਹੋਇਆ ਗੱਲ ਏਥੋਂ ਸ਼ੁਰੂ ਕਰਦਾਂ ਹਾਂ ਕਿ ਮੇਰੇ ਲਿਖੇ ਕਾਰਨ ਵੀ ਲੋਕ ਮੇਰੇ ਨਾਲ ਗੁੱਸੇ ਹੋਏ ਹਨ ਭਾਵੇਂ ਛੋਟੀ ਪੱਧਰ ਤਕ ਹੀ, ਭਾਵ ਲੜਾਈ ਝਗੜੇ ਦੀ ਨੌਬਤ ਹਾਲੇ ਨਹੀਂ ਪੁੱਜੀ ਪਰ ਕਈ ਥਾਵੀਂ ਬੋਲ-ਚਾਲ ਬੰਦ ਹੋ ਹੁੰਦੀ ਰਹੀ ਹੈ। ਇਕ ਜਗਾਹ ਸਬੰਧ ਸਦਾ ਲਈ ਟੁੱਟ ਵੀ ਗਏ ਹਨ। ਮੈਂ ਕਿਸੇ ਦੋਸਤ ਜਾਂ ਲੇਖਕ ਦੇ ਲਿਖੇ ਰੇਖਾ-ਚਿਤਰਾਂ ਦੀ ਗੱਲ ਨਹੀਂ ਕਰ ਰਿਹਾ ਆਪਣੇ ਨਾਵਲਾਂ ਤੇ ਕਹਾਣੀਆਂ ਨਾਲ ਜੋੜ ਕੇ ਦੱਸ ਰਿਹਾ ਹਾਂ। ਜਿਹੜੇ ਲੋਕ ਟੁੱਟਦੇ ਨਹੀਂ ਜੁੜੇ ਵੀ ਰਹਿੰਦੇ ਹਨ ਉਹਨਾਂ ਦਾ ਪ੍ਰਤੀਕਰਮ ਮੈਨੂੰ ਦੇਖਣ ਨੂੰ ਮਿਲਦਾ ਹੈ
ਤੇ ਇਹ ਦਿਲਚਸਪ ਵੀ ਹੁੰਦਾ ਹੈ। ਨਾਵਲ 'ਰੇਤ' ਦੇ ਮੁੱਖ ਪਾਤਰ ਰਵੀ ਤੇ ਕੰਵਲ ਨੂੰ ਲੈ ਕੇ ਬਹੁਤ ਗੱਲਾਂ ਹੋਈਆਂ। ਕਈ ਲੋਕ ਕਿਹਾ ਕਰਨ ਕਿ ਉਹ ਸਾਹਮਣੇ ਰਵੀ ਜਾ ਰਿਹਾ ਹੈ ਜਾਂ ਉਹ ਪੰਦਰਾਂ ਰਵੀਆਂ ਨੂੰ ਜਾਣਦਾ ਹੈ। ਇਵੇਂ ਹੀ ਕੰਵਲ ਬਾਰੇ ਵੀ। ਮੇਰੇ ਨਾਵਲ 'ਸਵਾਰੀ' ਨੂੰ ਪੜ੍ਹ ਕੇ ਮੇਰੇ ਦੋਸਤ ਦੀ ਪਤਨੀ ਮੇਰੇ ਨਾਲ ਨਰਾਜ਼ ਹੋ ਗਈ ਸੀ ਕਿਉਂਕਿ ਨਾਵਲ ਦਾ ਇਕ ਸੀਨ ਉਸ ਨੂੰ ਪਸੰਦ ਨਹੀਂ ਸੀ। ਉਸ ਨੂੰ ਗੁੱਸਾ ਸੀ ਕਿ ਨਾਵਲ ਵਿਚ ਦੱਸੀ ਸਥਿਤੀ ਮੁਤਾਬਕ ਜਿਵੇਂ ਇਸ ਦੀ ਕਿਰਦਾਰ ਪ੍ਰਤੀਕਰਮ ਦਿੰਦੀ ਹੈ ਆਮ ਔਰਤ ਇਵੇਂ ਨਹੀਂ ਦਿੰਦੀ ਪਰ ਨਾਲ ਹੀ ਇਕ ਹੋਰ ਦੋਸਤ ਔਰਤ ਨੇ ਮੈਨੂੰ ਸਵਾਲ ਕੀਤਾ ਸੀ ਕਿ ਤੈਨੂੰ ਕਿਵੇਂ ਪਤਾ ਏ ਕਿ ਇਸ ਸਮੇਂ ਔਰਤ ਇਵੇਂ ਰੀਐਕਟ ਕਰਦੀ ਹੈ। ਨਾਵਲ 'ਸਾਊਥਾਲ' ਨੂੰ ਪੜ੍ਹ ਕੇ ਮੇਰੇ ਦੋਸਤਾਂ ਦਾ ਇਕ ਗਰੁੱਪ ਹੀ ਮੇਰੇ ਨਾਲ ਨਰਾਜ਼ ਹੋ ਗਿਆ ਕਿ ਮੈਂ ਦਲੀਲ ਦਿਤੀ ਹੈ ਕਿ ਸ਼ਹਿਰ ਸਾਊਥਾਲ ਵਿਚ ਹਾਲਾਤ ਬਿਲਕੁਲ ਬਦਲ ਗਏ ਹਨ। ਸਮਾਸਿਆਵਾਂ ਨਵੀਆਂ ਹਨ ਤੇ ਹੱਲ ਵੀ ਨਵੇਂ ਹੋਣੇ ਚਾਹੀਦੇ ਹਨ ਪਰ ਮੇਰੇ ਇਹ ਦੋਸਤ ਹਾਲੇ ਚਾਲੀ ਸਾਲ ਪਿੱਛੇ ਬੈਠੇ ਹੋਣ ਕਰਕੇ ਮੇਰੇ ਨਾਲ ਸਹਿਮਤ ਨਹੀਂ ਸਨ। ਅਜਿਹੇ ਪਾਠਕ ਮਿਲਦੇ ਰਹਿੰਦੇ ਹਨ। ਹੁਣੇ ਹੀ ਮੈਂ ਆਪਣੇ ਪਿੰਡ ਦੇ ਇਤਹਾਸ ਦੇ ਕੁਝ ਸਫੇ ਲਿਖੇ ਹਨ ਤੇ ਪਿੰਡ ਦੇ ਲੋਕ ਹੀ ਮੇਰੇ ਖਿਲਾਫ ਹੋ ਗਏ ਹਨ। ਮੈਨੂੰ ਕਹਿ ਰਹੇ ਹਨ ਕਿ ਇਹ ਇਤਹਾਸ ਪਿੰਡ ਵਿਚ ਧੜੇਬੰਦੀ ਬਣਾ ਰਿਹਾ ਹੈ। ਮੇਰੇ ਵਾਂਗ ਇਵੇਂ ਪਾਠਕਾਂ ਤੋਂ ਰੰਗ-ਬਰੰਗੇ ਹੁੰਘਾਰੇ ਸਾਰੇ ਹੀ ਲੇਖਕਾਂ ਨੂੰ ਮਿਲਦੇ ਰਹਿੰਦੇ ਹੋਣਗੇ। ਮੈਨੂੰ ਇਕ ਘਾਟ ਰੜਕਦੀ ਰਹਿੰਦੀ ਹੈ ਕਿ ਮੇਰੇ ਘਰ ਵਿਚ ਜਾਂ ਰਿਸ਼ਤੇਦਾਰੀਆਂ ਵਿਚ ਮੇਰੇ ਪਾਠਕ ਬਹੁਤ ਘੱਟ ਹਨ। ਮੇਰੀ ਮਾਂ ਮੇਰੀਆਂ ਕਹਾਣੀਆਂ ਪੜਿਆ ਕਰਦੀ ਸੀ, ਪਸੰਦ ਵੀ ਕਰਦੀ ਤੇ ਮੇਰੇ ਨਾਲ ਗੱਲਾਂ ਵੀ ਪਰ ਮੇਰੇ ਪਹਿਲੇ ਨਾਵਲ ਛਪਣ ਤੋਂ ਪਹਿਲਾਂ ਹੀ ਉਹ ਤੁਰ ਗਈ ਸੋ ਮੇਰੇ ਨਾਵਲ ਨਹੀਂ ਪੜ੍ਹ ਸਕੀ। ਰਿਸ਼ਤੇ ਵਿਚ ਲਗਦੀ ਮੇਰੀ ਮਾਸੀ ਹੁਣ ਮੇਰੀ ਪਾਠਕ ਹੈ। ਉਸ ਨੇ ਮੇਰੇ ਸਾਰੇ ਨਾਵਲ ਪੜ੍ਹੇ ਹਨ। ਪਹਿਲਾਂ ਤਾਂ ਉਹ ਦੂਰ ਰਹਿੰਦੀ ਸੀ ਪਰ ਹੁਣ ਉਸ ਦੇ ਪੁੱਤਰ ਨੇ ਨਾਲ ਦੀ ਰੋਡ 'ਤੇ ਘਰ ਲੈ ਲਿਆ ਹੈ ਤੇ ਆਉਣੀ ਜਾਣੀ ਬਣੀ ਰਹਿੰਦੀ ਹੈ। ਘਰ ਆ ਕੇ ਪੜ੍ਹਨ ਲਈ ਕਿਤਾਬਾਂ ਲੈ ਜਾਂਦੀ ਹੈ ਤੇ ਹੋਰ ਵੀ ਜੋ ਮਿਲ ਜਾਵੇ ਪੜ੍ਹਦੀ ਰਹਿੰਦੀ ਹੈ। ਮੇਰੇ ਨਾਵਲਾਂ ਦੀ ਤਾਂ ਉਹ ਪਹਿਲੀ ਪਾਠਕ ਹੈ। 'ਰੇਤ' ਦੇ ਕੰਵਲ ਤੇ ਰਵੀ ਦੋਨਾਂ ਦਾ ਹੀ ਉਸ ਨੇ ਬਹੁਤ ਦੁੱਖ ਮਨਇਆ ਤੇ ਜਦ ਤਕ ਮੈਂ ਉਸ ਨੂੰ ਉਹ ਦੋਵੇਂ ਵਿਅਕਤੀ ਮਿਲਾ ਨਾ ਦਿਤੇ ਜਿਹਨਾਂ ਵਿਚੋਂ ਮੈਂ ਇਹ ਪਾਤਰ ਲਏ ਸਨ
ਉਸ ਨੂੰ ਟਿਕਾਅ ਨਾ ਆਇਆ। ਇਵੇਂ ਹੀ 'ਸਵਾਰੀ' ਦਾ ਬਲਦੇਵ ਤੇ ਗੁਰੀ ਵੀ ਮਿਲਾਉਣੇ ਪਏ। 'ਸਾਊਥਾਲ' ਦੇ ਪਰਦੁਮਣ ਨੂੰ ਮਿਲ ਕੇ ਉਹ ਗਾਹਲਾਂ ਕੱਢਣ ਦੀਆਂ ਗੱਲਾਂ ਕਰਦੀ ਰਹਿੰਦੀ ਸੀ। ਅਜਕਲ 'ਦੇਸ ਪਰਦੇਸ' ਵਿਚ ਮੇਰਾ ਨਵਾਂ ਨਾਵਲ 'ਬ੍ਰਿਟਿਸ਼ ਬੌਰਨ ਦੇਸੀ' ਲੜੀਵਾਰ ਛਪ ਰਿਹਾ ਹੈ, ਉਹ ਹਰ ਸ਼ੁਕਰਵਾਰ ਇਸ ਨੂੰ ਨਿਠ ਕੇ ਪੜ੍ਹਦੀ ਹੈ ਤੇ ਜੇ ਕੋਈ ਗੱਲ ਕਰਨ ਵਾਲੀ ਹੋਵੇ ਤਾਂ ਘਰ ਆ ਕੇ ਕਰਦੀ ਵੀ ਹੈ, ਕਈ ਵਾਰ ਫੋਨ ਕਰਕੇ ਆਪਣੇ ਘਰ ਵੀ ਬੁਲਾ ਲੈਂਦੀ ਹੈ। ਅਜਕਲ ਮਾਸੀ ਮੇਰੇ ਨਾਲ ਗੁੱਸੇ ਹੈ, ਘੋਰ ਗੁੱਸੇ ਹੈ। ਨਾ ਮਿਲਣ ਆਈ ਹੈ ਤੇ ਨਾ ਹੀ ਪਹਿਲਾਂ ਵਾਂਗ ਕੋਈ ਫੋਨ ਕੀਤਾ ਹੈ ਪਰ ਆਪਣਾ ਰੋਸਾ ਮੇਰੀ ਪਤਨੀ ਰਾਹੀਂ ਰਸਿਟਰ ਕਰਵਾ ਦਿਤਾ ਹੈ। ਰੋਸੇ ਦੀ ਗੱਲ ਇਹ ਹੈ ਕਿ ਮੇਰੇ ਇਸ ਲੜੀਵਾਰ ਛਪਦੇ ਨਾਵਲ ਦੇ ਦੋ ਹਫਤੇ ਪਹਿਲਾਂ ਛਪੇ ਕਾਂਢ ਵਿਚਲੀ ਕਹਾਣੀ। ਇਸ ਕਹਾਣੀ ਅਨੁਸਾਰ ਇਕ ਮੁੰਡਾ ਤੇ ਕੁੜੀ ਆਪਸ ਵਿਚ ਵਿਆਹ ਕਰਾਉਣ ਲਈ ਇਕ ਦੂਜੇ ਦੀ ਇੰਟਰਵਿਊ ਕਰ ਰਹੇ ਹਨ। ਕੁੜੀ ਪੁੱਛਦੀ ਹੈ ਕਿ ਤੇਰੇ ਗੁਣ ਤੇ ਔਗਣ ਕੀ ਕੀ ਹਨ। ਮੁੰਡਾ ਜਵਾਬ ਦਿੰਦਾ ਹੈ ਕਿ ਮੈਂ ਤਕੜਾ-ਜਵਾਨ ਹਾਂ, ਖੂਬਸੂਰਤ ਹਾਂ, ਚੰਗੀ ਨੌਕਰੀ ਹੈ। ਨੁਕਸ ਹੈ ਕਿ ਮੈਂ ਜ਼ਿਦੀ ਹਾਂ। ਫਿਰ ਕੁੜੀ ਆਪਣੇ ਗੁਣ ਦਸਦੀ ਕਹਿੰਦੀ ਹੈ ਕਿ ਮੈਂ ਕੰਜਕ ਹਾਂ ਭਾਵ ਵਰਜਨ ਹਾਂ। ਮੁੰਡ ਆਖਦਾ ਹੈ ਕਿ ਤੇਰੀ ਤੀਹ ਸਾਲ ਦੀ ਉਮਰ ਹੋ ਗਈ ਜੇ ਤੂੰ ਹਾਲੇ ਵੀ ਵਰਜਨ ਹੈਂ ਤਾਂ ਇਹ ਗੁਣ ਨਹੀਂ ਨੁਕਸ ਹੈ। ਤੂੰ ਰੱਬ ਦੀ ਕਿਸੇ ਨਿਹਮਤ ਤੋਂ ਵਾਂਝੀ ਹੈਂ, ਤੇਰੇ ਵਿਚ ਤਜਰਬੇ ਦੀ ਘਾਟ ਹੈ ਜੋ ਕਿ ਇਕ ਨੁਕਸ ਹੈ ਜਾਂ ਫਿਰ ਤੇਰੇ ਸਰੀਰ ਵਿਚ ਕੋਈ ਘਾਟ ਹੈ ਕਿ ਤੈਨੂੰ ਸੈਕਸ ਦੀ ਜ਼ਰੂਰਤ ਨਹੀਂ ਪਈ ਸੋ ਮੈਂ ਤੇਰੇ ਨਾਲ ਵਿਆਹ ਨਹੀਂ ਕਰਾ ਸਕਦਾ। ਮਾਸੀ ਨੂੰ ਇਸ ਗੱਲ ਦਾ ਬਹੁਤ ਦੁੱਖ ਲਗਿਆ ਕਿ ਔਰਤ ਦੇ ਗਹਿਣੇ ਨੂੰ ਮੈਂ ਬਿਮਾਰੀ ਕਹਿ ਰਿਹਾ ਹਾਂ। ਇਸ ਲਈ ਮਾਸੀ ਮੇਰੇ ਨਾਲ ਗੁੱਸੇ ਹੈ। ਮੈਨੂੰ ਸਮਝ ਨਹੀਂ ਲਗਦੀ ਕਿ ਮਾਂ ਵਰਗੀ ਮਾਸੀ ਨੂੰ ਕਿਵੇਂ ਸਮਝਾਵਾਂ ਕਿ ਇਹ ਮੇਰੀ ਦਲੀਲ ਨਹੀਂ, ਅਜ ਦੀ ਇੰਗਲੈਂਡ ਵਿਚ ਜੰਮੀ ਪੀੜ੍ਹੀ ਦੀ ਦਲੀਲ ਹੈ। ਮੇਰੇ ਅੰਦਰਲਾ ਲੇਖਕ ਇਸ ਦਾ ਹੱਲ ਲਭਦਾ ਲਭਦਾ ਫੇਹਲ ਹੋਣ ਲਗਿਆ ਹੈ।