ਪਝੱਤਰ ਸਾਲ ਪਹਿਲਾਂ ਪ੍ਰਗਤੀਸ਼ੀਲ ਲਿਖਾਰੀ ਸਭਾ ਹੋਂਦ ਵਿਚ ਆਈ ਸੀ। ਹਿੰਦੁਸਤਾਨ ਦੇ ਬਹੁਤ ਸਾਰੇ ਲੇਖਕ ਇਸ ਨਾਲ ਜੁੜੇ। ਇਹ ਸਭਾ ਬਹੁਤ ਦੇਰ ਤਕ ਕੰਮ ਵੀ ਕਰਦੀ ਰਹੀ। ਬ੍ਰਤਾਨੀਆਂ ਵਿਚ ਵੀ ਅਜ ਤੋਂ ਚਾਲੀ ਸਾਲ ਪਹਿਲਾਂ ਇਸੇ ਨਾਂ ਦੀ ਸਭਾ ਹੋਂਦ ਵਿਚ ਆਈ। ਮੌਕਾ ਮੇਲ ਇਹ ਕਿ ਇਸ ਪਹਿਲੀ ਭਾਰਤੀ ਕੌਮਾਂਤਰੀ ਪ੍ਰਗਤੀਸ਼ੀਲ ਲੇਖਕ ਸਭਾ ਦੀ ਨੀਂਹ ਵੀ ਇਥੇ ਹੀ ਰੱਖੀ ਗਈ ਸੀ। ਬਹੁਤ ਸਾਰੇ ਸ਼ਹਿਰਾਂ ਵਿਚ ਇਸ ਦੀਆਂ ਬਰਾਂਚਾਂ ਬਣਾਈਆਂ ਗਈਆਂ। ਫਿਰ ਅੱਡੋਫਾਟ ਹੋ ਕੇ ਇਕੋ ਸ਼ਹਿਰ ਵਿਚ ਇਸ ਦੀਆਂ ਇਕ ਤੋਂ ਵਧ ਬਰਾਂਚਾਂ ਵੀ ਬਣੀਆਂ। ਕੁਝ ਵੀ ਹੋਵੇ ਬ੍ਰਤਾਨਵੀ ਪ੍ਰਗਤੀਸ਼ੀਲ ਲੇਖਕ ਸਭਾ ਨੇ ਬਹੁਤ ਦੇਰ ਇਸ ਮੁਲਕ ਵਿਚਲੇ ਪੰਜਾਬੀ ਸਾਹਿਤ ਦੇ ਖੇਤਰ ਵਿਚ ਕੰਮ ਕੀਤਾ ਹੈ ਤੇ ਸ਼ਲਾਘਾਯੋਗ ਕੰਮ ਕੀਤਾ ਹੈ। ਵਕਤ ਨਾਲ ਸਭ ਕੁਝ ਬਦਲਦਾ ਹੈ। ਕੁਝ ਵੀ ਸਥਾਈ ਨਹੀਂ ਹੈ। ਬ੍ਰਤਾਨਵੀ ਪੰਜਾਬੀ ਲੇਖਕ ਸਭਾ ਵਿਚ ਵੀ ਬਹੁਤ ਕਿਸਮ ਦੀਆਂ ਤਬਦੀਲੀਆਂ ਆਉਣੀਆਂ ਕੁਦਰਤੀ ਸਨ। ਕਈ ਸ਼ਹਿਰਾਂ ਵਿਚ ਇਸ ਸਭਾ ਦੇ ਦਫਤਰ ਬੰਦ ਹੋ ਗਏ। ਨਵੀਆਂ ਸਭਾਵਾਂ ਵੀ ਹੋਂਦ ਵਿਚ ਆਉਣ ਲਗੀਆਂ। ਇਕ ਸਮਾਂ ਇਹ ਵੀ ਆਇਆ ਕਿ ਲੋਕ ਕਹਿਣ ਲਗ ਪਏ ਕਿ 'ਪ੍ਰਗਤੀਸ਼ੀਲ' ਸ਼ਬਦ ਫੋਬੀਏ ਤੋਂ ਵਧ ਕੁਝ ਨਹੀਂ। ਮੈਂ ਜਦੋਂ ਦਾ ਇਸ ਮੁਲਕ ਵਿਚ ਆਇਆ ਹਾਂ, ਸਾਹਿਤ ਨਾਲ ਜੁੜਿਆ ਹੋਇਆ ਹਾਂ ਤੇ ਸਾਹਿਤ ਸਭਾਵਾਂ ਨਾਲ ਵੀ। ਸਾਊਥਾਲ ਦੀ ਪ੍ਰਗਤੀਸ਼ੀਲ ਲਿਖਾਰੀ ਸਭਾ ਦਾ ਮੈਂਬਰ ਵੀ ਰਿਹਾ ਹਾਂ ਪਰ ਜੋ ਡਰਾਮੇਬਾਜ਼ੀ ਇਸ ਸਭਾ ਵਿਚ ਦੇਖੀ ਹੈ ਉਸ ਤੋਂ ਮੈਨੂੰ ਕਿਧਰੇ ਨਹੀਂ ਦਿਸਿਆ ਕਿ ਉਸ ਸਭਾ ਵਿਚ ਪ੍ਰਗਤੀਸ਼ੀਲ ਹੋਣ ਵਾਲੀ ਕੋਈ ਗੱਲ ਹੋਵੇਗੀ। ਮੈਂ ਸਾਊਥਾਲ ਤੋਂ ਸਦਾ ਬਾਹਰ ਹੀ ਰਿਹਾ ਹਾਂ। ਜਦ ਮੈਂ ਇਥੇ ਮੂਵ ਹੋਇਆ ਤਾਂ ਮੈਂ ਡਾ. ਸਵਰਨ ਚੰਦਨ ਨਾਲ ਰਲ਼ ਕੇ ਪੰਜਾਬੀ ਲੇਖਕ ਸਭਾ, ਸਾਊਥਾਲ ਖੜੀ ਕੀਤੀ। ਅਸੀਂ ਦੋਸਤਾਂ ਨੂੰ ਨਾਲ ਲੈ ਕੇ ਬਹੁਤ ਸਾਰੇ ਪ੍ਰੋਗਰਾਮ ਕਰਵਾਏ। ਫਿਰ ਜਦ ਅਸੀਂ ਪਰਚਾ 'ਸ਼ਬਦ' ਕੱਢਿਆ ਤਾਂ ਅਸੀਂ ਕੁਝ ਦੋਸਤਾਂ ਨੇ ਰਲ਼ ਕੇ 'ਅਦਾਰਾ ਸ਼ਬਦ' ਨਾਂ ਦੀ ਸੰਸਥਾ ਬਣਾ ਲਈ। ਸਵਰਨ ਚੰਦਨ ਵੁਲਵੁਰਹੈਂਪਨ ਜਾ ਵਸਿਆ ਸੀ। ਅਸੀਂ 'ਅਦਾਰਾ ਸ਼ਬਦ' ਵਲੋਂ ਪਿਛਲੇ ਪੰਦਰਾਂ ਕੁ ਸਾਲ ਤੋਂ ਬਹੁਤ ਹੀ ਕਾਮਯਾਬ ਸਮਾਗਮ ਰਚਾਉਂਦੇ ਆ ਰਹੇ ਹਾਂ। ਸਾਡੇ ਸਮਾਗਮਾਂ ਵਿਚ ਲਗਭਗ ਇਸ ਮੁਲਕ ਵਿਚ ਵਸਦਾ ਹਰ ਨਾਮੀ ਲੇਖਕ ਪੁਜਦਾ ਹੈ। ਇਵੇਂ ਹੀ ਹੁਣ ਸਲੋਹ ਵਿਚ ਵੀ ਦਰਸ਼ਨ ਢਿਲੋਂ ਤੇ ਮਹਿੰਦਰਪਾਲ ਵਲੋਂ ਬਣਾਈ ਸਭਾ ਸਰਗਰਮ ਹੈ। ਹਰ ਸਾਲ ਪ੍ਰੋਗਰਾਮ ਕਰਾਉਂਦੇ ਹਨ। ਸਾਊਥਾਲ ਵਿਚ ਹੀ ਸ਼ੇਖਰ, ਰਜਿੰਦਰਜੀਤ ਵਰਗੇ ਸ਼ਾਇਰਾਂ ਨੇ ਵੀ ਇਕ ਨਵੀਂ ਸਭਾ ਖੜੀ ਕੀਤੀ ਹੈ ਜੋ ਕੁਝ ਸਾਲਾਂ ਤੋਂ ਬਹੁਤ ਹੀ ਸਰਗਰਮ ਹੈ। ਇਵੇਂ ਹੀ ਕੰਵੈਂਟਰੀ ਦੀ ਲੇਖਕ ਸਭਾ ਵੀ ਪਿਛਲੇ ਦਸ ਸਾਲ ਤੋਂ ਨਿਰੰਤਰ ਸਾਹਿਤਕ ਪ੍ਰੋਗਰਾਮ ਪੂਰੀ ਸਫਲਤਾ ਨਾਲ ਕਰਵਾਉਂਦੀ ਆ ਰਹੀ ਹੈ ਤੇ ਨੌਟੀਘੰਮ ਵਿਚ ਵੀ ਲੇਖਕ ਸਰਗਰਮ ਹਨ। ਇਹ ਸਾਰੀਆਂ ਸਭਾਵਾਂ ਪ੍ਰਗਤੀਸ਼ੀਲ ਨਾਂ ਵਰਤਣ ਤੋਂ ਬਿਨਾਂ ਵੀ ਵਧੀਆ ਕੰਮ ਕਰਦੀਆਂ ਆ ਰਹੀਆਂ ਹਨ। ਇਹਨਾਂ ਸਾਲਾਂ ਵਿਚ ਪ੍ਰਗਤੀਸ਼ੀਲ ਨਾਂ ਵਾਲੀਆਂ ਲੇਖਕ ਸਭਾਵਾਂ ਲਗਭਗ ਚੁੱਪ ਜਿਹੀਆਂ ਰਹੀਆਂ ਹਨ। ਇਹਨਾਂ ਸਭਾਵਾਂ ਦੇ ਬਹੁਤੇ ਮੈਂਬਰ ਵੀ ਸਾਹਿਤਕ ਪਰਦੇ ਤੋਂ ਗੈਰਹਾਜ਼ਰ ਰਹੇ ਹਨ। ਇਹ ਕੁਦਰਤੀ ਸੀ। ਵਕਤ ਦੇ ਨਾਲ ਸਭ ਕੁਝ ਬਦਲਦਾ ਹੈ। ਲੇਖਕ ਸਾਰੀ ਉਮਰ ਇਕੋ ਸ਼ਿਦਤ ਨਾਲ ਨਹੀਂ ਲਿਖ ਸਕਦਾ। ਸਭਾਵਾਂ ਦੇ ਪ੍ਰਬੰਧਕ ਵੀ ਸਦਾ ਇਕੋ ਜਿਹੇ ਸਰਗਰਮ ਨਹੀਂ ਰਹਿ ਸਕਦੇ। ਅਚਾਨਕ ਪਤਾ ਨਹੀਂ ਕੀ ਹੋਇਆ ਚਾਲੀ ਸਾਲ ਪਹਿਲਾਂ ਖੜੀਆਂ ਕੀਤੀਆਂ ਲਿਖਾਰੀ ਸਭਾਵਾਂ ਦੇ ਖੁੰਢੇ ਹੋ ਚੁੱਕੇ ਲੇਖਕਾਂ ਵਿਚ ਉਬਾਲ਼ ਆਇਆ ਤੇ ਉਹ ਮੁੜ ਕੇ ਇਹਨਾਂ ਸਭਾਵਾਂ ਨੂੰ ਸੁਰਜੀਤ ਕਰਨ ਤੁਰ ਪਏ। ਇੰਨਾ ਕੁਝ ਬਦਲ ਗਿਆ ਹੈ ਪਰ ਉਹ 'ਪ੍ਰਗਤੀਸ਼ੀਲ' ਸ਼ਬਦ ਦੇ ਫੋਬੀਏ ਵਿਚੋਂ ਬਾਹਰ ਹੀ ਨਹੀਂ ਨਿਕਲ ਸਕੇ। ਅਜਕਲ ਪਝੱਤਰ ਸਾਲ ਪਹਿਲਾਂ ਬਣੀ ਇਸੇ ਨਾਂ ਦੀ ਸਭਾ ਦੀ ਵਰ੍ਹੇਗੰਢ ਮਨਾਈ ਜਾ ਰਹੀ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਇਹ ਲੋਕ ਜੋ ਅਜ ਤੋਂ ਚਾਲੀ ਜਾਂ ਪਝੱਤਰ ਸਾਲ ਪਿਛੇ ਵਲ ਝਾਕ ਰਹੇ ਹਨ, ਜਾਂ ਓਥੇ ਖੜਨਾ ਪਸੰਦ ਕਰਦੇ ਹਨ, ਕੀ ਹਰ ਖੇਤਰ ਵਿਚ ਹੋਈ ਤਰੱਕੀ ਤੋਂ ਵਾਕਫ ਹਨ। ਬਹੁਤ ਕੁਝ ਬਦਲਿਆ ਹੈ। ਬੰਦਾ ਬਦਲਿਆ ਹੈ, ਸਮਾਜ ਬਦਲਿਆ ਹੈ, ਕਦਰਾਂ ਕੀਮਤਾਂ ਬਦਲੀਆਂ ਹਨ। ਲੇਖਕ ਬਦਲਿਆ ਹੈ। ਪਾਠਕ ਬਦਲਿਆ ਹੈ। ਕਾਗਜ਼-ਕਲਮ ਦੀ ਅਹਿਮੀਅਤ ਘਟ ਗਈ ਹੈ। ਮੇਰੇ ਕੋਲ ਰਿੰਮਾਂ ਦੇ ਰਿੰਮ ਕਾਗਜ਼ਾਂ ਦੇ ਪਏ ਹੁੰਦੇ ਸਨ ਤੇ ਪੈੱਨ ਖਰੀਦਣ ਲਈ ਮੈਂ ਵਿਸ਼ੇਸ਼ ਸ਼ੌਪਿੰਗ ਕਰਨ ਜਾਇਆ ਕਰਦਾ ਸਾਂ। ਹੁਣ ਮੈਨੂੰ ਸਿਰਫ ਪਰਿੰਟਰ ਦੀ ਸ਼ਿਆਹੀ ਚਾਹੀਦੀ ਹੈ ਤੇ ਪਰਿੰਟ ਕਰਨ ਸਮੇਂ ਕੁਝ ਪੇਪਰ। ਪੈਨ ਹੁਣ ਮੈਂ ਸਿਰਫ ਦਸਤਖਤ ਕਰਨ ਲਈ ਵਰਤਦਾ ਹਾਂ। ਲਿਖਣ ਦਾ ਢੰਗ ਬਦਲਿਆ ਹੈ। ਜਿਸ ਨਾਵਲ ਨੂੰ ਮੈਂ ਚਾਰ-ਪੰਜ ਵਾਰ ਵਾਰ ਲਿਖਿਆ ਕਰਦਾ ਸਾਂ ਤੇ ਹੋਰ ਸੋਧਣ ਤੋਂ ਡਰ ਲਗਦਾ ਰਹਿੰਦਾ ਸੀ, ਉਸ ਨੂੰ ਹੁਣ ਸਿਰਫ ਇਕ ਵਾਰ ਵਿਚ ਹੀ ਲਿਖ ਸਕਦਾ ਹਾਂ ਤੇ ਫਿਰ ਉਸੇ ਨੂੰ ਭਾਵੇਂ ਪੰਜਾਹ ਵਾਰੀ ਸੋਧ ਲਿਆ ਜਾਵੇ। ਇਵੇਂ ਹੀ ਪੜ੍ਹਨ ਲਈ ਵੀ ਈਬੁੱਕਾਂ ਆ ਗਈਆਂ ਹਨ। ਇਹ ਪਝੱਤਰ ਸਾਲ ਦੀ ਜਾਂ ਚਾਲੀ ਸਾਲ ਦੀ ਵੱਡੀ ਛਾਲ ਨੂੰ ਇਹਨਾਂ ਦੋਸਤਾਂ ਨੂੰ ਮੱਦੇ ਨਜ਼ਰ ਰੱਖਣਾ ਪਵੇਗਾ। ਸਮੇਂ ਦੇ ਹਾਣ ਦੇ ਹੋਣ ਲਈ ਦੌੜਨਾ ਪਵੇਗਾ। ਸਿਰਫ ਨਾਂ ਨੂੰ ਚਲਦਾ ਰਖਣਾ ਹੀ ਕਾਫੀ ਨਹੀਂ ਹੈ ਹੋਰ ਵੀ ਬਹੁਤ ਕੁਝ ਹੈ ਕਰਨ ਵਾਲਾ।
ਇਹਨਾਂ ਸਭਾਵਾਂ ਨੂੰ ਮੁੜ ਸੁਰਜੀਤ ਕਰਨ ਵਾਲਿਆਂ ਵਿਚੋਂ ਅਵਤਾਰ ਸਾਦਿਕ ਵੀ ਹੈ। ਉਹ ਖੱਬੀ ਧਿਰ ਦੀ ਸਿਆਸਤ ਦਾ ਇਮਾਨਦਾਰ ਸਿਪਾਹੀ ਹੈ। ਕਵੀ ਵੀ ਹੈ। ਪਿਛਲੇ ਦਿਨੀਂ ਸਲੋਹ ਵਿਚ ਹੋਏ ਸਮਾਗਮ ਵਿਚ ਉਹਨਾਂ ਨੇ ਕਿਹਾ ਕਿ ਲੇਖਕ ਨੂੰ ਸਿਆਸਤ ਨਾਲ ਜੁੜੇ ਹੋਣਾ ਚਾਹੀਦਾ ਹੈ। ਮੇਰੀ ਇਹ ਸ਼ੰਕਾ ਉਹਨਾਂ ਦੇ ਇਸ ਬਿਆਨ ਵਿਚੋਂ ਹੀ ਨਿਕਲਦੀ ਹੈ ਕਿ ਉਹ ਇਸ ਚਾਲੀ ਸਾਲ ਦੀ ਛਾਲ ਤੋਂ ਵਾਕਫ ਵੀ ਹਨ ਕਿ ਨਹੀਂ। ਉਹ ਇਹੋ ਸਮਝੀ ਬੈਠੇ ਹਨ ਕਿ ਸਿਰਫ ਉਹ ਹੀ ਸਿਆਸਤ ਨਾਲ ਜੁੜੇ ਹੋਏ ਹਨ। ਬਾਕੀ ਲੇਖਕਾਂ ਨੂੰ ਇਸ ਦੁਨੀਆਂ ਦਾ ਕੁਝ ਵੀ ਨਹੀਂ ਪਤਾ। ਉਹ ਭੁਲਦੇ ਹਨ ਕਿ ਹਰ ਲੇਖਕ ਸਿਆਸਤ ਨਾਲ ਜੁੜਿਆ ਹੁੰਦਾ ਹੈ। ਜੇ ਲੇਖਕ ਸਿਆਸਤ ਨੂੰ ਨਹੀਂ ਸਮਝੇਗਾ ਤਾਂ ਲਿਖੇਗਾ ਕੀ? ਜੇ ਲੇਖਕ ਖੁਲ੍ਹੀ ਅੱਖ ਨਾਲ ਨਹੀਂ ਤੁਰੇਗਾ ਤਾਂ ਉਹ ਦੇਖੇਗਾ ਕੀ? ਜੋ ਕੁਝ ਉਸ ਦੇ ਆਲੇ ਦੁਆਲੇ ਵਾਪਰ ਰਿਹਾ ਹੈ ਜੇ ਉਸ ਦਾ ਮੁਤਾਲਿਆ ਨਹੀਂ ਕਰੇਗਾ ਤਾਂ ਉਹ ਪਾਠਕ ਨੂੰ ਕੀ ਦੇਵੇਗਾ। ਲੇਖਕ ਹਮੇਸ਼ਾ ਹੀ ਸਿਆਸੀ ਤੌਰ ਤੇ ਚੇਤੰਨ ਹੁੰਦਾ ਹੈ। ਦੂਜੀ ਗੱਲ ਇਹ ਕਿ ਲੇਖਕ ਹਮੇਸ਼ਾ ਹੀ ਮਨੱਖਵਾਦੀ ਹੁੰਦਾ ਹੈ। ਲੇਖਕ ਹਮੇਸ਼ਾ ਹੀ ਦੱਬੀ ਜਾ ਰਹੀ ਧਿਰ ਨਾਲ ਖੜਦਾ ਹੈ ਜੇ ਨਹੀਂ ਤਾਂ ਉਹ ਲੇਖਕ ਨਹੀਂ ਹੈ ਤੇ ਉਸ ਨੇ ਜੋ ਵੀ ਲਿਖਿਆ ਹੈ ਉਸ ਦਾ ਦੇਰ-ਸਵੇਰ ਅੰਤ ਹੋ ਹੀ ਜਾਣਾ ਹੁੰਦਾ ਹੈ। ਅਵਤਾਰ ਸਦਿਕ ਜੀ ਜਾਂ ਹੋਰ ਬਹੁਤ ਸਾਰੇ ਰਾਜਨੀਤਕ ਲੋਕ ਚਾਹੁੰਦੇ ਹਨ ਕਿ ਲੇਖਕ ਨਾਹਰਾ ਮਾਰੇ। ਨਾਹਰਾ ਹੋਰ ਚੀਜ਼ ਹੈ ਤੇ ਰਚਨਾ ਹੋਰ। ਨਾਹਰਾ ਆਮ ਤੌਰ ਤੇ ਭੀੜ ਲਈ ਹੁੰਦਾ ਹੈ। ਭੀੜ ਲੰਘੀ ਨਹੀਂ ਤੇ ਨਾਹਰਾ ਗਾਇਬ। ਸਾਹਿਤ ਨੇ ਲੰਮਾ ਸਮਾਂ ਰਹਿਣਾ ਹੁੰਦਾ ਹੈ। ਲੇਖਕ ਨੂੰ ਆਪਣੇ ਰਾਜਨੀਤਕ ਵਿਚਾਰ ਦੇਣ ਦੀ ਲੋੜ ਨਹੀਂ ਹੁੰਦੀ। ਉਸ ਦੀ ਵਿਚਾਰਧਾਰਾ ਦੇ ਛਿੱਟੇ ਉਸ ਦੀ ਰਚਨਾ ਵਿਚ ਹੁੰਦੇ ਹਨ। ਲੇਖਕ ਦੀ ਵਿਚਾਰਧਾਰਾ ਰਚਨਾ ਵਿਚ ਇਵੇਂ ਹੁੰਦੇ ਹੈ ਜਿਵੇਂ ਪੌਦੇ ਵਿਚ ਪਾਣੀ। ਉਹ ਦਿਸਦੀ ਨਹੀਂ ਪਰ ਲਿਖਤ ਦੀ ਜਾਨ ਹੁੰਦੀ ਹੈ। ਲੇਖਕ ਨੇ ਆਪਣਾ ਸੁਨੇਹਾ ਵੀ ਅਸਿੱਧੇ ਢੰਗ ਨਾਲ ਦੇਣਾ ਹੁੰਦਾ ਹੈ ਨਹੀਂ ਤਾਂ ਉਸ ਦੀ ਰਚਨਾ ਦਾ ਨਾਹਰੇ ਵਾਂਗ ਹੀ ਅੰਤ ਹੋ ਜਾਵੇਗਾ। ਲੇਖਕ ਮਸਲੇ ਨੂੰ ਚੰਗੀ ਤਰ੍ਹਾਂ ਤਾਂ ਹੀ ਸਮਝੇਗਾ ਜੇ ਉਸ ਕੋਲ ਕੋਈ ਸਮਝ, ਕੋਈ ਵਿਚਾਰ ਹੋਵੇਗਾ, ਮਸਲੇ ਨੂੰ ਦੇਖਣ ਵਾਲੀ ਅੱਖ ਹੋਵੇਗੀ। ਬੰਦ ਕਮਰੇ ਵਿਚ ਬੈਠ ਕੇ ਤਾਂ ਕੋਈ ਲੇਖਕ ਬਣ ਨਹੀਂ ਸਕਦਾ। ਹਾਂ, ਲੇਖਕ ਨੇ ਮਸਲੇ ਉਪਰ ਉਂਗਲ ਰੱਖਣੀ ਹੁੰਦੀ ਹੈ ਉਸ ਨੇ ਮਸਲੇ ਦਾ ਹੱਲ ਨਹੀਂ ਦੇਣਾ ਹੁੰਦਾ।
Sunday, 25 July 2010
Sunday, 20 June 2010
ਸਾਡੇ ਹਿੱਸੇ ਦਾ ਪੀੜ੍ਹੀ-ਪਾੜਾ
ਜਦੋਂ ਕੋਈ ਰਚਨਾ ਛਪਦੀ ਹੈ ਤਾਂ ਦੋਸਤਾਂ ਵਲੋਂ ਉਸ ਬਾਰੇ ਪ੍ਰਤੀਕ੍ਰਮ ਆਉਣੇ ਸ਼ੁਰੂ ਹੋ ਜਾਂਦੇ ਹਨ। ਕਿਸੇ ਨੂੰ ਪਸੰਦ ਹੁੰਦੀ ਹੈ ਤੇ ਕਿਸੇ ਨੂੰ ਨਹੀਂ ਪਰ ਇਕ ਕਿਸਮ ਦਾ ਇਹ ਹੁੰਘਾਰਾ ਵੀ ਮਿਲਦਾ ਹੈ ਕਿ ਇਸ ਵਿਚ ਆਹ ਕੁਝ ਕਿਉਂ ਨਹੀਂ ਹੈ। ਇਥੋਂ ਛਪਦੇ ਪੇਪਰ 'ਦੇਸ ਪਰਦੇਸ' ਵਿਚ ਮੇਰਾ ਨਵਾਂ ਨਾਵਲ 'ਬੀ.ਬੀ.{ਸੀ.}ਡੀ.' ਜੋ ਕਿ 'ਸਾਊਥਾਲ' ਦਾ ਸੀਕੂਅਲ ਹੀ ਹੈ, ਲਗਾਤਾਰ ਛਪ ਰਿਹਾ ਹੈ। ਇਸ ਦੇ ਬਹੁਤੇ ਪਾਤਰ ਇਥੇ ਜੰਮੀ ਪੀੜ੍ਹੀ ਵਿਚੋਂ ਹਨ ਇਸ ਲਈ ਦੋਸਤਾਂ ਵਲੋਂ ਕਈ ਕਿਸਮ ਦੇ ਸਵਾਲ ਉਠਾਏ ਜਾ ਰਹੇ ਹਨ। ਮੈਂ ਅਕਸਰ ਕਿਹਾ ਕਰਦਾ ਹਾਂ ਕਿ ਸਾਡੇ ਇਥੇ ਦੇ ਜੰਮੇ ਬੱਚਿਆਂ ਨੂੰ ਬਹੁਤ ਹੀ ਅੰਡਰਐਸਟੀਮੇਟ ਕੀਤਾ ਜਾ ਰਿਹਾ ਹੈ। ਸਾਡੇ ਇਸ ਪੀੜ੍ਹੀ-ਪਾੜੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਨਵੇਂ ਨਾਵਲ ਵਿਚ ਇਹ ਮਸਲਾ ਬਿਲਕੁਲ ਨਹੀਂ ਹੈ। ਉਸ ਵਿਚ ਮੈਂ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਬਹੁਤ ਸਾਰੇ ਭਾਰਤੀ ਲੋਕਾਂ ਨੂੰ ਸਾਡੇ ਬੱਚਿਆਂ ਦੇ ਬ੍ਰਿਟਿਸ਼ ਹੋਣ ਵਾਲੀ ਗੱਲ ਸਮਝ ਨਹੀਂ ਆ ਰਹੀ। ਇਸੇ ਗੱਲ ਨੂੰ ਜ਼ਹਿਨ ਵਿਚ ਰੱਖਦਿਆਂ ਕਈ ਵਾਰ ਪੱਬਾਂ ਵਿਚ ਇਥੋਂ ਦੇ ਜੰਮੇ ਤੇ ਨਵੇਂ ਆਏ ਮੁੰਡੇ ਆਪਸ ਵਿਚ ਲੜ ਵੀ ਪੈਂਦੇ ਹਨ। ਇਹ ਸੱਚ ਹੈ ਕਿ ਪਿੱਛੇ ਭਾਰਤ ਵਿਚ ਵਸਦੇ ਲੋਕਾਂ ਦੇ ਸਾਡੇ ਬੱਚਿਆਂ ਬਾਰੇ ਵਿਚਾਰ ਵਧੀਆ ਨਹੀਂ ਹਨ। ਛੁੱਟੀਆਂ ਕੱਟਣ ਆਈ ਮੇਰੀ ਇਕ ਰਿਸ਼ਤੇਦਾਰ ਔਰਤ ਨੇ ਤਾਂ ਇਥੋਂ ਤੱਕ ਕਹਿ ਦਿਤਾ ਕਿ ਇੰਡੀਆ ਦੇ ਮੁੰਡੇ ਕੁੜੀਆਂ ਸਿਰਫ ਇੰਗਲੈਂਡ ਦੀ ਖ਼ਾਤਰ ਸਾਡੇ ਜੁਆਕਾਂ ਨਾਲ ਵਿਆਹ ਕਰਾ ਰਹੇ ਹਨ ਵਰਨਾ ਇਹਨਾਂ ਵਿਚ ਕੋਈ ਗੁਣ ਨਹੀਂ। ਜਿਸ ਗੱਲ ਦੀ ਮੈਨੂੰ ਕੁਝ ਕੁ ਤਕਲੀਫ ਹੋਈ ਉਹ ਇਹ ਹੈ ਕਿ ਹੁਣੇ ਜਿਹੇ ਇੰਡੀਆ ਤੋਂ ਆਏ ਮੇਰੇ ਇਕ ਮਿੱਤਰ ਨੇ ਮੈਨੂੰ ਕਿਹਾ ਕਿ ਇਹ ਨਾਵਲ ਦਾ ਮਸਲਾ ਬਣਦਾ ਹੀ ਨਹੀਂ, ਭਾਵ ਕਿ ਨਵੀਂ ਪੀੜ੍ਹੀ ਨੂੰ ਕੋਈ ਮਸਲਾ ਦਰਪੇਸ਼ ਹੈ ਹੀ ਨਹੀਂ ਜਾਂ ਨਵੀਂ ਪੀੜ੍ਹੀ ਗੌਲਣਯੋਗ ਹੈ ਹੀ ਨਹੀਂ, ਇਹ ਪੀੜ੍ਹੀ ਇਸ ਸਮਾਜ ਵਿਚ ਸਾਡੀ ਪ੍ਰਤੀਨਿਧਤਾ ਕਰ ਹੀ ਨਹੀਂ ਰਹੀ। ਮੈਂ ਉਸ ਨੂੰ ਕਿਹਾ ਵੀ ਕਿ ਦਸ ਦਿਨ ਛੁੱਟੀਆਂ ਕੱਟ ਕੇ ਜ਼ਿੰਦਗੀ ਭਰ ਦਾ ਨਿਚੋੜ ਨਾ ਕੱਢੀ ਜਾਵੋ ਪਰ ਉਹ ਮੇਰੀ ਕਿਸੇ ਦਲੀਲ ਨੂੰ ਅਣਗੌਲ ਕੇ ਆਪਣਾ ਸਫਰਨਾਮਾ ਲਿਖਣ ਬੈਠ ਚੁੱਕਾ ਸੀ। ਭਾਰਤ ਵਸਦੇ ਲੋਕਾਂ ਨਾਲ ਤਾਂ ਸਾਡੇ ਇਸ ਅਪਣਾਏ ਸਮਾਜ ਦਾ ਫਰਕ ਹੋਵੇਗਾ ਇਸ ਲਈ ਕੋਈ ਗੱਲ ਸਮਝ ਨਾ ਲਗਦੀ ਹੋਵੇਗੀ ਪਰ ਇਥੇ ਵਸਦੇ, ਇਸੇ ਪੀੜ੍ਹੀ ਦੇ ਮਾਂਪੇ ਵੀ ਕਈ ਵਾਰ ਇਹਨਾਂ ਨੂੰ ਸਮਝਣ ਦੀ ਖਤਾ ਖਾ ਬੈਠਦੇ ਹਨ। ਮੇਰੇ ਪਿਛਲੇ ਨਾਵਲ 'ਸਾਊਥਾਲ' ਵਿਚ ਮੈਂ ਇਸ ਸੋਚ 'ਤੇ ਵਾਰ ਕੀਤਾ ਵੀ ਸੀ ਜਿਸ ਨਾਲ ਮੈਨੂੰ ਕਈ ਦੋਸਤ ਵੀ ਗਵਾਉਣੇ ਪਏ ਸਨ। ਕਿਸੇ ਸਮੇਂ ਇਸ ਮੁਲਕ ਵਿਚ ਇੰਡੀਅਨ ਵਰਕਰ ਅਸੌਸੀਏਸ਼ਨ ਨਾਂ ਦੀ ਸੰਸਥਾ ਬਣੀ ਹੋਈ ਸੀ ਜਿਸ ਦਾ ਬਹੁਤ ਬੋਲ-ਬਾਲਾ ਸੀ, ਜਿਸ ਨੇ ਏਸ਼ੀਅਨ ਲੋਕਾਂ ਦੇ ਬਰਾਬਰ ਦੇ ਹੱਕਾਂ ਲਈ ਲੜਾਈਆਂ ਲੜੀਆਂ ਸਨ। ਉਸ ਸੰਸਥਾ ਨੇ ਆਪਣਾ ਰੋਲ ਨਿਭਾਇਆ ਤੇ ਸਮਾਂ ਪਾ ਕੇ ਉਸ ਦੀ ਮਹੱਤਤਾ ਬਹੁਤ ਘਟ ਗਈ। ਕੁਝ ਸਮਾਂ ਪਹਿਲਾਂ, ਨਾਵਲ 'ਸਾਊਥਾਲ' ਲਿਖਣ ਤੋਂ ਪਹਿਲਾਂ ਕੁਝ ਬੰਦੇ ਫਿਰ ਤੋਂ ਇੰਡੀਅਨ ਵਰਕਰ ਅਸੌਸੀਏਸ਼ਨ ਨੂੰ ਮੁੜ ਕੇ ਸੁਰਜੀਤ ਕਰਨ ਵਿਚ ਸਰਗਰਮ ਹੋ ਗਏ, ਉਹਨਾਂ ਦਾ ਨਾਹਰਾ ਸੀ ਕਿ ਇਸ ਵਿਚ ਇਥੋਂ ਦੀ ਜੰਮੀ ਪੀੜ੍ਹੀ ਨੂੰ ਭਰਤੀ ਕੀਤਾ ਜਾਵੇਗਾ। ਮੇਰੀ ਦਲੀਲ ਸੀ ਕਿ ਇਥੋਂ ਦੀ ਜੰਮੀ ਪੀੜ੍ਹੀ ਇੰਡੀਅਨ ਹੈ ਹੀ ਨਹੀਂ ਫਿਰ ਕੈਸੀ 'ਇੰਡੀਅਨ ਵਰਕਰ ਅਸੌਸੀਏਸ਼ਨ'? ਇਸ ਪੀੜ੍ਹੀ ਲਈ ਕਿਸੇ ਨਵੀਂ ਅਸੌਸੀਏਸ਼ਨ ਦੀ ਲੋੜ ਹੋ ਸਕਦੀ ਹੈ ਜੋ ਇਹ ਆਪ ਬਣਾ ਸਕਦੇ ਹਨ। ਬਸ ਇਹੋ ਗੱਲ ਦੋਸਤਾਂ ਨੂੰ ਪਸੰਦ ਨਹੀਂ ਆਈ। ਗੱਲ ਅਸਲ ਵਿਚ ਗੱਲ ਪੀੜ੍ਹੀ-ਪਾੜੇ ਦੀ ਹੋ ਰਹੀ ਸੀ। ਜਿਹੜਾ ਪੀੜ੍ਹੀ-ਪਾੜਾ ਸਾਡਾ ਆਪਣੇ ਮਾਂਪਿਆਂ ਨਾਲ ਸੀ ਉਹ ਏਡਾ ਵੱਡਾ ਨਹੀਂ ਸੀ ਜਿਡਾ ਹੁਣ ਸਾਡਾ ਇਸ ਪੀੜ੍ਹੀ ਨਾਲ ਹੈ। ਕਾਰਨ ਇਹ ਹੈ ਕਿ ਵਕਤ ਨੇ ਤਕਨੀਕੀ ਤੌਰ 'ਤੇ ਬਹੁਤ ਹੀ ਵੱਡੀ ਛਾਲ਼ ਮਾਰ ਲਈ ਹੈ। ਸਾਡੀ ਇਹ ਪੀੜ੍ਹੀ ਸਾਡੇ ਤੋਂ ਬਹੁਤ ਅਗੇ ਨਿਕਲ ਗਈ ਹੈ। ਪਹਿਲੀ ਪੀੜ੍ਹੀ ਅਗਲੀ ਨੂੰ ਕੁਝ ਨਾ ਕੁਝ ਸਿਖਾਇਆ ਕਰਦੀ ਹੈ ਪਰ ਅਸੀਂ ਆਪਣੀ ਨਵੀਂ ਪੀੜ੍ਹੀ ਤੋਂ ਸਿਖ ਰਹੇ ਹਾਂ। ਜਿਹੜੇ ਇਸ ਗੱਲ ਤੋਂ ਮੁਨਕਰ ਹੋਣਗੇ ਉਹਨਾਂ ਦੀ ਜ਼ਰੂਰ ਕੋਈ ਸਮੱਸਿਆ ਹੋਵੇਗੀ। ਪਿੱਛੇ ਜਿਹੇ ਮੇਰਾ ਬਿਜ਼ੁਰਗ ਦੋਸਤ ਬਲਰਾਜ ਚੀਮਾ ਟਰੰਟੋ ਤੋਂ ਮਿਲਣ ਆਇਆ ਤਾਂ ਹੈਰਾਨ ਹੁੰਦਾ ਕਹਿਣ ਲਗਿਆ ਕਿ ਮੈਂ ਕੰਪਿਊਟਰ ਬਾਰੇ ਏਨਾ ਕਿਵੇਂ ਜਾਣਦਾ ਹਾਂ ਤਾਂ ਮੈਂ ਖੁਸ਼ੀ ਖੁਸ਼ੀ ਦੱਸਿਆ ਕਿ ਮੇਰੇ ਕੋਲ ਤਿੰਨ ਟੀਚਰ ਹਨ।
Tuesday, 15 June 2010
ਲਿਖਦੇ ਸਮੇਂ
ਲਿਖਦੇ ਸਮੇਂ ਬਹੁਤ ਕੁਝ ਵਾਪਰਦਾ ਹੈ ਤੇ ਬਹੁਤ ਕੁਝ ਨਹੀਂ ਵੀ ਵਾਪਰਦਾ ਤੇ ਲੇਖਕ ਵਪਰਾਉਣ ਦੀ ਕੋਸ਼ਿਸ਼ ਵਿਚ ਰਹਿੰਦਾ ਹੈ। ਜਿਹੜੀ ਕੋਈ ਕੋਸ਼ਿਸ਼ ਲੇਖਕ ਕਰਦਾ ਹੈ ਉਹ ਉੁਸ ਦੇ ਅੰਦਰ ਵਾਪਰ ਚੁੱਕਾ ਹੁੰਦਾ ਹੈ ਭਾਵੇਂ ਬਾਹਰੋਂ ਕਿਸੇ ਨੇ ਦੇਖਿਆ ਨਹੀਂ ਹੁੰਦਾ। ਪਿੱਛੇ ਜਿਹੇ ਅਸੀਂ ਦੋਸਤ ਗੱਲਾਂ ਕਰਦੇ ਕਰਦੇ ਇਥੇ ਆ ਕੇ ਉਲਝ ਗਏ ਕਿ ਕੀ ਅਸੀਂ ਨਿਰੋਲ ਕਲਪਨਾ ਨਾਲ ਕੁਝ ਸਿਰਜ ਸਕਦੇ ਹਾਂ। ਕਿਉਂਕਿ ਸਾਹਿਤ ਦਾ ਸਬੰਧ ਜ਼ਿੰਦਗੀ ਨਾਲ ਹੁੰਦਾ ਹੈ ਤੇ ਜੋ ਅਸੀਂ ਲਿਖਦੇ ਹਾਂ ਇਹ ਕਿਤਿਓਂ ਨਾ ਕਿਤਿਓਂ ਆਇਆ ਹੁੰਦਾ ਹੈ। ਇਹ ਜੋ ਸਾਇੰਸ ਫਿਕਸ਼ਨ ਦਾ ਸਾਹਿਤ ਹੈ ਜਿਸ ਦੇ ਵਾਪਰਨ ਦੀ ਸੰਭਾਵਨਾ ਹੋ ਸਕਦੀ ਹੈ ਇਸ ਦੀ ਵਖਰੀ ਕੈਟਾਗਰੀ ਹੈ ਤੇ ਇਹ ਜੋ ਭੂਤਾਂ ਪਰੇਤਾਂ ਬਾਰੇ ਲਿਖੀ ਗਈ ਫਿਕਸ਼ਨ ਹੈ ਜਿਸ ਦਾ ਸਬੰਧ ਕੁਝ ਵਹਿਮੀ ਮਨਾਂ ਨਾਲ ਹੈ ਇਸ ਦੀ ਵੀ ਹੋਰ ਹੀ ਕੈਟਾਗਰੀ ਹੈ, ਅਸੀਂ ਇਸ ਬਾਰੇ ਹਰਗਿਜ਼ ਗੱਲਾਂ ਨਹੀਂ ਸਾਂ ਕਰ ਰਹੇ। ਸਾਡਾ ਮਤਲਬ ਜੀਵਨ ਦੇ ਸੱਚ ਤੋਂ ਸੀ। ਕੋਈ ਕਹਿ ਰਿਹਾ ਸੀ ਕਿ ਸ਼ੂਨਯ ਵਿਚੋਂ ਕੁਝ ਨਹੀਂ ਆਉਂਦਾ, ਭਾਵ ਕਿਤੇ ਕੁਝ ਹੋਵੇਗਾ ਤੇ ਆਵੇਗਾ। ਜੇ ਕੁਝ ਵਾਪਿਰਆ ਹੀ ਨਹੀਂ ਤਾਂ ਕੋਈ ਕਿਵੇਂ ਲਿਖ ਸਕਦਾ ਹੈ। ਅਜਿਹਾ ਹੀ ਇਕ ਸਵਾਲ ਮੈਨੂੰ ਇਕ ਇੰਟਰਵਿਊ ਵਿਚ ਪੁੱਛਿਆ ਗਿਆ ਸੀ ਕਿ ਕੀ ਕਦੇ ਮੈਂ ਨਿਰੋਲ ਕਲਪਨਾ ਨਾਲ ਕੁਝ ਲਿਖਿਆ ਹੈ ਤੇ ਮੈਂ ਕਹਿ ਦਿਤਾ ਸੀ ਕਿ ਹਾਂ, ਮੇਰੀ ਕਹਾਣੀ 'ਰਾਵਣ' ਬਿਲਕੁਲ ਨਿਰੋਲ ਕਲਪਨਾ ਦੀ ਉਪਜ ਹੈ। ਇਵੇਂ ਹੀ ਕੁਝ ਹੋਰ ਕਹਾਣੀਆਂ ਵੀ ਹਨ। 'ਰਾਵਣ' ਕਹਾਣੀ ਮੈਂ ਦਸ ਪੰਦਰਾਂ ਸਾਲ ਪਹਿਲਾਂ ਲਿਖੀ ਸੀ। ਇਸ ਵਿਚ ਇਕ ਰਾਮ ਸੀ, ਇਕ ਸੀਤਾ ਤੇ ਇਕ ਦੋਸਤ। ਇਸੇ ਦੋਸਤ ਨੂੰ ਮੇਰੀ ਕਹਾਣੀ ਦੀ ਕਿਰਦਾਰ ਸੀਤਾ ਰਾਵਣ ਕਹਿੰਦੀ ਹੈ। ਇਕ ਦਿਨ ਰਾਮ ਤੇ ਸੀਤਾ ਦੀ ਕਿਸੇ ਗੱਲੋਂ ਅਣਬਣ ਹੋ ਜਾਂਦੀ ਹੈ ਤੇ ਗੁੱਸੇ ਦੀ ਭਰੀ ਸੀਤਾ ਆਰਜ਼ੀ ਤੌਰ 'ਤੇ ਦੋਸਤ ਦੀ ਪਨਾਹ ਵਿਚ ਆ ਜਾਂਦੀ ਹੈ। ਸਥਿਤੀ ਅਜਿਹੀ ਉਪਜਦੀ ਹੈ ਕਿ ਦੋਸਤ ਇਕੱਲਾ ਹੈ। ਮੌਕਾ ਦੇਖ ਕੇ ਦੋਸਤ ਸੀਤਾ ਦੇ ਕਮਰੇ ਵਿਚ ਆ ਵੜਦਾ ਹੈ। ਸੀਤਾ ਦੋਸਤ ਨੂੰ ਵਰਜਦੀ ਹੈ ਤੇ ਤਾਹਨਾ ਦਿੰਦੀ ਹੈ ਕਿ ਦੋਸਤ ਉਸ ਦੀ ਮਜਬੂਰੀ ਦਾ ਫਾਇਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਤਾਹਨੇ ਨਾਲ ਦੋਸਤ ਦੀ ਅਣਖ ਜਾਗਦੀ ਹੈ ਤੇ ਉਹ ਸੀਤਾ ਨੂੰ ਇਕੱਲਿਆਂ ਛੱਡ ਦਿੰਦਾ ਹੈ। ਰਾਮ ਸੀਤਾ ਦੇ ਸਬੰਧ ਮੁੜ ਬਹਾਲ ਹੋ ਜਾਂਦੇ ਹਨ। ਹੁਣ ਸੀਤਾ ਦੋਸਤ ਨੂੰ ਰਾਵਣ ਕਹਿ ਕਿ ਛੇੜਨ ਲਗਦੀ ਹੈ। ਦੋਸਤ ਆਖਦਾ ਹੈ ਕਿ ਮੈਂ ਤਾਂ ਤੈਨੂੰ ਕੁਝ ਕਿਹਾ ਹੀ ਨਹੀਂ, ਮੈਂ ਰਾਵਣ ਕਿਵੇਂ ਹੋ ਗਿਆ ਤਾਂ ਸੀਤਾ ਦਸਣ ਲਗਦੀ ਹੈ ਕਿ ਰਾਵਣ ਨੇ ਵੀ ਤਾਂ ਸੀਤਾ ਮਾਤਾ ਨੂੰ ਕੁਝ ਨਹੀਂ ਸੀ ਕਿਹਾ। ਇਸ ਕਹਾਣੀ ਨੂੰ ਉਸ ਸਮੇਂ ਬਹੁਤ ਪਸੰਦ ਕੀਤਾ ਗਿਆ ਸੀ। ਇਹ ਕਹਾਣੀ ਮੈਂ ਨਿਰੋਲ ਕਲਪਣਾ ਵਿਚੋਂ ਲਿਖੀ ਸੀ। ਮੇਰੇ ਆਲੇ ਦੁਆਲੇ ਰਾਵਣ ਵਰਗਾ ਕੋਈ ਕਿਰਦਾਰ ਨਹੀਂ ਸੀ। ਹੁਣ ਜਦੋਂ ਸਾਡੀ ਇਸ ਗੱਲ 'ਤੇ ਬਹਿਸ ਚਲ ਰਹੀ ਸੀ ਕਿ ਨੱਥਿੰਗ ਕਮਜ਼ ਫਰੌਮ ਨੋ ਵੇਅਰ ਤਾਂ ਮੈਂ ਇਸ ਦਲੀਲ ਤੋਂ ਮੁਤਾਸਰ ਵੀ ਹੋਣ ਲਗਿਆ ਤਾਂ ਮੈਨੂੰ ਆਪਣੀ ਕਹਾਣੀ 'ਰਾਵਣ' ਦੀ ਯਾਦ ਆਉਣ ਲਗੀ ਜਿਸ ਬਾਰੇ ਮੈਂ ਕਿਹਾ ਕਰਦਾ ਸਾਂ ਕਿ ਇਹ ਨਿਰੋਲ ਕਲਪਣਾ ਵਿਚੋਂ ਆਈ ਹੈ। ਮੈਂ ਇਹਦੇ ਬਾਰੇ ਸੋਚਣ ਲਗਿਆ। ਪੁਰਾਣੀ ਕਹਾਣੀ ਸੀ ਇਸ ਯਾਦਾਂ ਦੀਆਂ ਗਲ਼ੀਆਂ ਵਿਚ ਦੀ ਗੁਜ਼ਰਨਾ ਪੈਣਾ ਸੀ। ਮੈਨੂੰ ਅਚਾਨਕ ਚੇਤੇ ਆਇਆ ਕਿ ਉਹਨਾਂ ਦਿਨਾਂ ਵਿਚ ਇਕ ਜੋੜਾ ਮੇਰਾ ਦੋਸਤ ਹੋਇਆ ਕਰਦਾ ਸੀ ਜੋ ਅਕਸਰ ਆਪਸ ਵਿਚ ਝਗੜਦਾ ਰਹਿੰਦਾ ਸੀ। ਅਚਾਨਕ ਮਹਿਸੂਸ ਹੋਇਆ ਕਿ ਇਹ ਕਹਾਣੀ ਤਾਂ ਮੇਰੇ ਮਨ ਵਿਚ ਬਹੁਤ ਵਾਰ ਵਾਪਰ ਚੁੱਕੀ ਸੀ। ਉਹ ਜੋੜਾ ਰਾਮ-ਸੀਤਾ ਸੀ ਤੇ ਮੈਂ ਰਾਵਣ।
Thursday, 20 May 2010
ਪਿਛੇ ਜਿਹੇ ਮੈਂ ਐਮ. ਏ. ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਮੁਖਾਤਿਬ ਸਾਂ ਜਿਹਨਾਂ ਦੇ ਕੋਰਸ ਵਿਚ ਮੇਰਾ ਨਾਵਲ 'ਰੇਤ' ਲਗਿਆ ਹੋਇਆ ਸੀ। ਨਾਵਲ ਬਾਰੇ ਸਵਾਲ ਕਰਦਿਆਂ ਅਚਾਨਕ ਇਕ ਵਿਦਿਆਰਥੀ ਨੇ ਪੁੱਛਿਆ ਕਿ ਮੈਨੂੰ ਅਗਲਾ ਇਨਾਮ ਕਦੋਂ ਮਿਲੇਗਾ। ਉਸ ਦਾ ਸਵਾਲ ਸੁਣ ਕੇ ਮੈਂ ਸੋਚਣ ਲਗਿਆ ਕਿ ਮੈਨੂੰ ਤਾਂ ਕੋਈ ਵੀ ਇਨਾਮ ਨਹੀਂ ਮਿਲਿਆ ਤੇ ਇਹ ਨੌਜਵਾਨ ਅਗਲੇ ਇਨਾਮ ਦੀ ਗੱਲ ਕਰ ਰਿਹਾ ਹੈ। ਮੈਨੂੰ ਜੋ ਜਵਾਬ ਕਾਹਲੀ ਵਿਚ ਸੁਝਿਆ ਉਸ ਅਨੁਸਾਰ ਮੈਂ ਕਿਹਾ ਕਿ ਪੰਜਾਬੀ ਸਾਹਿਤ ਵਿਚ ਇਨਾਮਾਂ ਦੀ ਇਕ ਖਾਸ ਭਾਸ਼ਾ ਹੁੰਦੀ ਹੈ ਜੋ ਮੈਨੂੰ ਨਹੀਂ ਆਉਂਦੀ। ਜਵਾਬ ਸੁਣ ਕੇ ਉਹ ਵਿਦਿਆਰਥੀ ਖੁਸ਼ ਹੋਇਆ ਜਾਂ ਨਹੀਂ ਪਰ ਮੈਨੂੰ ਇਸ ਜਵਾਬ ਨਾਲ ਬਹੁਤ ਤਸੱਲੀ ਹੋਈ। ਇਸ ਸਵਾਲ ਦਾ ਮੇਰੇ ਕੋਲ ਇਸ ਤੋਂ ਵਧੀਆ ਉੱਤਰ ਹੈ ਹੀ ਨਹੀਂ ਸੀ। ਪੰਜਾਬੀ ਸਾਹਿਤ ਵਿਚ ਇਨਾਮ ਕਿਵੇਂ ਮਿਲਦੇ ਹਨ ਜਾਂ ਕਿਵੇਂ ਬੋਚੇ ਜਾਂਦੇ ਹਨ ਇਹ ਤਾਂ ਬਹੁਤ ਸਾਰੇ ਲੋਕ ਜਾਣਦੇ ਹੋਣਗੇ, ਸੁਖਪਾਲਵੀਰ ਹਸਰਤ ਤੇ ਵਿਸ਼ਵਾ ਨਾਥ ਤਿਵਾੜੀ ਦੀ ਕਹਾਣੀ ਪੁਰਾਣੀ ਹੋ ਕੇ ਵੀ ਨਵੀਂ ਹੈ। ਇਨਾਮ ਦੇਣ ਵਾਲਿਆਂ ਨਾਲ ਕਿਹੜੀ ਭਾਸ਼ਾ ਵਿਚ ਗੱਲ ਕੀਤੀ ਜਾਂਦੀ ਹੈ ਇਹ ਕਿਸੇ ਕਿਸੇ ਨੂੰ ਹੀ ਆਉਂਦੀ ਹੈ, ਘੱਟੋ ਘੱਟ ਮੈਨੂੰ ਤਾਂ ਬਿਲਕੁਲ ਨਹੀਂ ਆਉਂਦੀ। ਪੰਜਾਬੀ ਸਾਹਿਤ ਦੀ ਇਨਾਮਾਂ ਦੀ ਭਾਸ਼ਾ ਨਾ ਸਮਝ ਸਕਣ ਦੀ ਇਹ ਸਥਿਤੀ ਬਹੁਤ ਪੁਰਾਣੀ ਹੈ ਅੰਮ੍ਰਿਤਾ ਵੇਲੇ ਦੀ ਜਦੋਂ ਉਸ ਨੇ ਆਪਣੇ ਹੱਕ ਵਿਚ ਵੋਟ ਪਾ ਲਈ ਸੀ ਤੇ ਕਈ ਹੋਰ ਦੇਖਦੇ ਰਹਿ ਗਏ ਸਨ। ਇਹ ਹਾਲੇ ਕੱਲ ਦੀ ਗੱਲ ਹੈ ਕਿ ਦਲੀਪ ਕੋਰ ਟਿਵਾਣਾ ਤੇ ਕੰਵਲ ਨੇ ਆਪਣੇ ਆਪ ਨੂੰ ਇਨਾਮ ਦੇ ਲਿਆ ਤੇ ਨਾਲ ਹੀ ਹੋਰਨਾਂ ਨੇ ਆਪਣੇ ਪਤੀਆਂ ਨੂੰ, ਆਪਣੀਆਂ ਮਹਿਬੂਬਵਾਂ ਨੂੰ ਜਾਂ ਆਪਣੇ ਚਹੇਤਿਆਂ ਨੂੰ ਜਾਂ ਆਪਣੇ ਅਮਰੀਕਾ-ਇੰਗਲੈਂਡ ਦੇ ਟਿਕਟ-ਦੇਵਤਾਵਾਂ ਨੂੰ ਇਨਾਮ ਦਵਾਏ ਤੇ ਇਨਾਮ ਦਵਾਉਣ ਲਈ ਮੀਟਿੰਗਾਂ ਵਿਚ ਚੀਕ-ਚਹਾੜਾ ਪਾਇਆ-ਪੁਆਇਆ। ਇਹਨਾਂ ਇਨਾਮਾਂ ਦੀਆਂ ਕੁਝ ਕੁ ਪੈੜਾਂ ਨੂੰ ਨੱਪਣ ਦੀ ਕੋਸ਼ਿਸ਼ ਕਰੀਏ ਤਾਂ ਕੁਝ ਨੁਕਤੇ ਹੱਥ ਲਗਦੇ ਹਨ, ਜਿਵੇਂ ਕਿ ਕਿਸੇ ਉੁਮਰ ਪੁਗਾ ਚੁੱਕੀ ਲੇਖਕਾ ਨੂੰ ਇਹ ਇਨਾਮ ਨਹੀਂ ਮਿਲਦਾ। ਮਨਜੀਤ ਟਿਵਾਣਾ, ਅਜੀਤ ਕੋਰ ਵਰਗੀਆਂ ਖੁਸ਼ਕਿਸਮਤ ਸਨ ਕਿ ਸਮੇਂ ਸਿਰ ਖੱਟ ਗਈਆਂ। ਹੁਣ ਵੀ ਜੋ ਇਨਾਮ ਲੈਣ ਦੀ ਪੰਕਤੀ ਵਿਚ ਜਿਹੜੀਆਂ ਔਰਤਾਂ ਹਾਜ਼ਰ ਹਨ ਹਾਲੇ ਜਵਾਨੀ ਦੀ ਸਰਦਲ ਦੇ ਅੰਦਰ ਹਨ, ਮਿਲ ਗਿਆ ਤਾਂ ਮਿਲ ਗਿਆ ਨਹੀਂ ਤਾਂ ਅੱਲਾ ਬੇਲੀ। ਚੜੀ ਉਮਰ ਦੀ ਲੇਖਕਾ ਬਾਰੇ ਕੋਈ ਸੁਫਨਾ ਵੀ ਨਹੀਂ ਲੈ ਸਕਦਾ। ਇਕ ਹੋਰ ਨੁਕਤਾ ਹੱਥ ਆ ਰਿਹਾ ਹੈ ਕਿ ਲੁਧਿਆਣੇ ਦਾ ਇਕ ਸਰਕਾਰੀ ਅਫਸਰ ਜਿਸ ਦਾ ਕੰਮ ਇਨਾਮ ਤੋਂ ਬਹੁਤ ਉੁਰੇ ਦਾ ਹੈ, ਵੀ ਇਨਾਮ ਦੀ ਭਾਸ਼ਾ ਸਮਝ ਗਿਆ ਤੇ ਲੈ ਗਿਆ। ਸਰਕਾਰੀ ਅਫਸਰ ਹੋਣਾ ਹੀ ਇਸ ਭਾਸ਼ਾ ਦਾ ਮਾਹਰ ਬਣਾ ਦਿੰਦਾ ਹੈ ਪਰ ਉਸ ਨੇ ਇਸ ਇਨਾਮ ਦੇ ਖਿਲਾਫ ਕੁਝ ਕੁ ਲਿਖੀਆ ਸੀ ਹੋ ਸਕਦਾ ਹੈ ਕਿ ਇਨਾਮਾਂ ਦੇ ਦਾਊਦਾਂ ਨੂੰ ਕੋਈ ਫਿਕਰ ਪੈ ਗਿਆ ਹੋਵੇ ਕਿਉਂਕਿ ਸਰਕਾਰ ਦੀ ਵਕਾਲਤ ਕਰਨ ਵਾਲੇ ਬੋਲਾਂ ਨੂੰ ਅਣਸੁਣੇ ਕਰਨਾ ਮੁਸ਼ਕਲ ਹੁੰਦਾ ਹੈ। ਇਨਾਮ ਦੀ ਇਸ ਮੰਜ਼ਿਲ ਤਕ ਪੁੱਜਣ ਦਾ ਕੋਈ ਹੋਰ ਵੀ ਰਾਹ ਹੋ ਸਕਦਾ ਹੈ ਜਾਂ ਕੋਈ ਹੋਰ ਲੈਣ ਦੇਣ। ਕਵੀ ਦੇਵ ਵੀ ਇਹ ਭਾਸ਼ਾ ਖੂਬ ਜਾਣਦਾ ਹੈ ਨਹੀਂ ਤਾਂ ਪੈਤੀਂ ਚਾਲੀ ਸਾਲ ਤੋਂ ਵਿਦੇਸ਼ ਰਹਿੰਦੇ ਕਵੀ ਨੂੰ ਚੁੱਪ ਕਰਾਉਣ ਲਈ ਦੁਜੈਲੇ ਦਰਜੇ ਦਾ ਇਨਾਮ ਹੈ ਹੀ। ਇਥੇ ਇਕ ਕਹਾਣੀ ਸੁਣਾਉਣੀ ਢੁਕਵੀਂ ਰਹੇਗੀ ਕਿ ਇਕ ਵਾਰ ਦੀ ਗੱਲ ਹੈ ਕਿ ਸਵਰਨ ਚੰਦਨ ਨੇ ਇਹ ਇਨਾਮ ਲੁੱਟਣ ਲਈ ਦਿੱਲੀ 'ਤੇ ਚੜ੍ਹਾਈ ਕਰ ਲਈ, ਵੱਡ ਅਕਾਰੀ ਨਾਵਲ 'ਕੰਜਕਾਂ' ਵੀ ਲਿਖ ਲਿਆ, ਹੋਰ ਵੀ ਇਨਾਮਾਂ ਦੀ ਸਾਰੀ ਭਾਸ਼ਾ ਸਿਖ ਲਈ ਪਰ ਗੱਲ ਨਾ ਬਣੀ। ਕਾਰਨ ਇਹ ਕਿ ਪੇਂਡੂੰ ਬੰਦਾ ਸੀ ਗਾਲ਼ ਕੱਢਣੀ ਨਹੀਂ ਛੱਡ ਸਕਿਆ ਤੇ ਦੂਜੀ ਖੁਣਸ ਤੋਂ ਛੁਟਕਾਰਾ ਨਾ ਪਾ ਸਕਿਆ। ਖੁਣਸ ਤੇ ਗਾਲ਼ ਇਨਾਮਾਂ ਦੀ ਭਾਸ਼ਾ ਦਾ ਹਿੱਸਾ ਨਹੀਂ ਹਨ, ਜੀ-ਹਜ਼ੂਰੀ ਇਸ ਭਾਸ਼ਾ ਦੀ ਪਹਿਲੀ ਪੌੜੀ ਹੈ। ਕਾਸ਼ ਮੈਂ ਇਹ ਭਾਸ਼ਾ ਸਿਖ ਸਕਦਾ ਤੇ ਉਸ ਵਿਦਿਆਰਥੀ ਦੇ ਸਵਾਲ ਦਾ ਕੋਈ ਢੁਕਵਾਂ ਉੱਤਰ ਦੇ ਸਕਦਾ। ਪਰ, ਪਰ ਇਥੇ ਮੈਂ ਸੋਚਦਾ ਹਾਂ ਕਿ ਇਸ ਇਨਾਮ ਤੋਂ ਬਾਅਦ ਕੀ ਹੁੰਦਾ ਹੈ। ਸਵਾਲ ਹੈ ਕਿ ਕੀ ਭਾਊ ਵਰਿਆਮ ਸੰਧੂੰ ਇਨਾਮ ਤੋਂ ਬਾਅਦ ਕੋਈ ਵਧੀਆ ਕਹਾਣੀ ਲਿਖ ਸਕਿਆ, ਪ੍ਰੇਮ ਪ੍ਰਕਾਸ਼, ਮੋਹਨ ਭੰਡਾਰੀ, ਵਿਰਕ ਬਗੈਰਾ ਕੀ ਹੋਰ ਵੀ ਬਹੁਤ ਸਾਰੇ ਲੇਖਕ ਇਸ ਕੈਟਾਗਰੀ ਵਿਚ ਆਉਂਦੇ ਹਨ। ਦੋਸਤੋ, ਇਹ ਇਨਾਮ ਕੁਝ ਵੀ ਨਹੀਂ, ਵੱਡੀ ਗੱਲ ਹੈ ਲਿਖਦੇ ਰਹਿਣਾ, ਦਿਲ ਦੀ ਧੜਕਣ ਦਾ ਕਾਇਮ ਰਹਿਣਾ।
Tuesday, 18 May 2010
ਲੇਖਕ ਦਾ ਸੇਵਾ ਫਲ
ਮੇਰੇ ਵਾਕਫ ਅੰਗਰੇਜ਼ ਲੋਕਾਂ ਨੂੰ ਜਦੋਂ ਪਤਾ ਚਲਦਾ ਹੈ ਕਿ ਮੈਂ ਲੇਖਕ ਹਾਂ ਤਾਂ ਉਹ ਸਮਝਦੇ ਹਨ ਕਿ ਮੈਂ ਬਹੁਤ ਅਮੀਰ ਹਾਂ। ਅੰਗਰੇਜ਼ੀ ਦੇ ਬਹੁਤੇ ਲੇਖਕ ਲਿਖਣ ਕਾਰਨ ਅਮੀਰ ਹੁੰਦੇ ਹਨ। ਪੰਜਾਬੀ ਦੇ ਵੀ ਬਹੁਤ ਸਾਰੇ ਲੇਖਕ ਅਮੀਰ ਤਾਂ ਹੋਣਗੇ ਪਰ ਉਹ ਕਿਸੇ ਹੋਰ ਕਾਰਨ ਅਮੀਰ ਹੋਣਗੇ, ਲੇਖਕ ਹੋਣ ਕਾਰਨ ਨਹੀਂ। ਪੰਜਾਬੀ ਵਿਚ ਲਿਖਣ ਵਿਚੋਂ ਕਮਾਈ ਬਹੁਤ ਹੀ ਘੱਟ ਲੇਖਕਾਂ ਦੇ ਹਿੱਸੇ ਆਈ ਹੈ। ਦਿੱਲੀ ਵਸਦੇ ਲੇਖਕ ਕਮਾ ਗਏ ਹੋ ਸਕਦੇ ਹਨ ਪਰ ਬਹੁਤਾ ਕੁਝ ਨਹੀਂ। ਹਾਂ ਕੁਝ ਲੇਖਕਾਂ ਨੂੰ ਲੇਖਕ ਹੋਣ ਕਰਕੇ ਕਿਸੇ ਹੋਰ ਢੰਗ ਨਾਲ ਕਮਾਈ ਕਰਨ ਦੇ ਮੌਕੇ ਮਿਲੇ ਹੋ ਸਕਦੇ ਹਨ। ਅਣਖੀ, ਗੁਰਦਿਆਲ ਸਿੰਘ, ਬਲਦੇਵ, ਕੰਵਲ ਵਰਗੇ ਲੇਖਕਾਂ ਨੂੰ ਕੁਝ ਕੁ ਸੇਵਾ ਫਲ ਮਿਲਿਆ ਹੋ ਸਕਦੇ ਹੈ ਪਰ ਜਿੰਨਾ ਕੁ ਮਿਲਦਾ ਹੈ ਮੇਰੇ ਪਬਲਿਸ਼ਰ ਦੋਸਤ ਦਸ ਦਿੰਦੇ ਹਨ, ਜਾਂ ਅੱਗੇ ਤੋਂ ਅੱਗੇ ਖਬਰ ਮਿਲ ਜਾਂਦੀ ਹੈ। ਇਹ ਆਟੇ ਵਿਚ ਲੂਣ ਬਰਾਬਰ ਹੀ ਹੁੰਦਾ ਹੈ। ਕਿਸੇ ਨੇ ਕਮੀਜ਼ ਸਮਾ ਲਈ, ਕਿਸੇ ਨੇ ਪਤਲੂਨ ਲੈ ਲਈ। ਹਾਂ, ਅਜਕਲ ਪੰਜਾਬ ਸਰਕਾਰ ਕੁਝ ਕੁ ਨੂੰ ਢਾਈ ਲੱਖੀਏ ਜਾਂ ਪੰਜ ਲੱਖੀਏ ਬਣਾ ਰਹੀ ਹੈ ਪਰ ਇਹ ਲੂੰਬੜ ਚਾਲਾਂ ਵਾਲੇ ਉਪਰੋ ਉਪਰ ਬੋਚ ਲੈਂਦੇ ਹਨ। ਬਹੁਤ ਸਾਰੇ ਵਧੀਆ ਲਿਖਣ ਵਾਲਿਆਂ ਨੂੰ ਬਾਈਪਾਸ ਕਰ ਦਿਤਾ ਜਾਂਦਾ ਹੈ। ਖੈਰ ਮੈਂ ਇਸ ਪਾਸੇ ਨਹੀਂ ਜਾਣਾ ਚਾਹੁੰਦਾ ਮੈਂ ਤਾਂ ਸੇਵਾ ਫਲ ਨੂੰ ਲੈ ਕੇ ਮੇਰੇ ਸਾਹਮਣੇ ਖੜਦੇ ਸਵਾਲਾਂ ਬਾਰੇ ਹੀ ਗੱਲ ਕਰਨੀ ਚਾਹੁੰਦਾ ਹਾਂ। ਮੇਰੇ ਪਿਤਾ ਨੂੰ ਮੇਰਾ ਲੇਖਕ ਹੋਣਾ ਚੰਗਾ ਲਗਦਾ ਸੀ ਪਰ ਉਹ ਅਕਸਰ ਕਹਿੰਦੇ ਕਿ ਜੇ ਮੈਂ ਏਨੀ ਮਿਹਨਤ ਆਪਣੀ ਪੜ੍ਹਾਈ ਲਈ ਭਾਵ ਵਕਾਲਤ ਦੀ ਪੜ੍ਹਾਈ ਕਰਦਾ ਤਾਂ ਹੁਣ ਤਕ ਕਿਤੇ ਦਾ ਕਿਤੇ ਪੁੱਜ ਗਿਆ ਹੁੰਦਾ। ਮੈਂ ਉਹਨਾਂ ਦੀ ਗੱਲ ਸੁਣ ਹੀ ਨਾ ਸਕਿਆ ਤੇ ਸਾਹਿਤ ਨਾਲ ਮੱਥਾ ਮਾਰਦਿਆਂ ਉਮਰ ਕੱਢ ਲਈ। ਮੇਰੇ ਕਰੀਬੀ ਲੋਕ ਜਾਣਦੇ ਹਨ ਕਿ ਸਾਹਿਤ ਨੇ ਮੇਰਾ ਬਹੁਤ ਨੁਕਸਾਨ ਕੀਤਾ ਹੈ। ਸਾਹਿਤ ਕਾਰਨ ਮੈਂ ਵਿਓਪਾਰੀ ਨਾ ਬਣ ਸਕਿਆ। ਮੇਰੇ ਨਾਲ ਦੇ ਲੋਕ ਬਹੁਤ ਤਰੱਕੀ ਕਰ ਗਏ ਹਨ ਪਰ ਮੈਂ ਹਾਲੇ ਓਥੇ ਕੁ ਹੀ ਖੜਾ ਹਾਂ ਜਿਥੋਂ ਇਸ ਮੁਲਕ ਵਿਚ ਆ ਕੇ ਜ਼ਿੰਦਗੀ ਸ਼ੁਰੂ ਕੀਤੀ ਸੀ। ਮੇਰੀ ਇਕ ਲੇਖਕਾ ਦੋਸਤ ਨੇ ਇਕ ਵਾਰ ਮੈਨੂੰ ਚਿਤਾਰਿਆ ਵੀ ਕਿ ਜਿਸ ਉਮਰ ਵਿਚ ਲੋਕ ਘਰਾਂ ਦੇ ਕਰਜ਼ੇ ਉਤਾਰੀ ਬੈਠੇ ਹਨ ਉਸ ਉਮਰ ਵਿਚ ਮੈਂ ਕਰਜ਼ਾ ਚੁੱਕਿਆ ਹੈ। ਮੈਂ ਕਦੇ ਵੀ ਆਪਣੇ ਵਿਓਪਾਰ ਵਲ ਪੂਰਾ ਧਿਆਨ ਨਹੀਂ ਸਾਂ ਦੇ ਸਕਿਆ, ਮੇਰਾ ਧਿਆਨ ਥਾਂ ਹਰ ਵੇਲੇ ਲਿਖਣ ਪੜ੍ਹਨ ਵਲ ਰਹਿੰਦਾ ਸੀ। ਦੁਕਾਨਦਾਰ ਲੋਕ ਗੱਲੇ 'ਤੇ ਬੈਠ ਕੇ ਹਿਸਾਬ ਕਰਿਆ ਕਰਦੇ ਹਨ ਪਰ ਮੈਂ ਕਿਤਾਬ ਪੜ੍ਹਦਾ ਹੁੰਦਾ ਜਾਂ ਲਿਖਦਾ ਹੁੰਦਾ। ਮੈਨੂੰ ਇਸ ਗੱਲ ਦਾ ਅਹਿਸਾਸ ਹੈ ਵੀ ਸੀ ਪਰ ਮੇਰੇ ਵੱਸ ਵਿਚ ਕੁਝ ਨਹੀਂ ਸੀ। ਇਕ ਵਾਰ ਅਜਿਹਾ ਹੋਇਆ ਕਿ ਮੈਂ ਚੇਤੰਨ ਤੌਰ ਤੇ ਸਾਹਿਤ ਦਾ ਖਹਿੜਾ ਛੱਡ ਦਿਤਾ। ਕੁਝ ਹਫਤੇ ਹੀ ਲੰਘੇ ਹੋਣਗੇ ਕਿ 'ਦੇਸ ਪਰਦੇਸ' ਦੇ ਸੰਪਾਦਕ ਤਰਸੇਮ ਪੁਰੇਵਾਲ ਦਾ ਫੋਨ ਆ ਗਿਆ ਕਿ ਉਸ ਨੂੰ ਕੋਈ ਕਹਾਣੀ ਲਿਖ ਕੇ ਦੇਵਾਂ। ਉਹ ਮੇਰਾ ਬਹੁਤ ਮਦਾਹ ਹੋਇਆ ਕਰਦਾ ਸੀ ਤੇ ਕਹਾਣੀ ਦਾ ਸਵਾਲ ਵੀ ਬਹੁਤ ਮੋਹ ਨਾਲ ਕਰਦਾ ਸੀ। ਮੈਂ ਲਿਖਣ ਤੋਂ ਹਊ-ਪਰੇ ਕਰਦਾ ਗਿਆ। ਪੁਰੇਵਾਲ ਨੇ ਮੈਨੂੰ ਘੱਟੋ ਘੱਟ ਇਕ ਦਰਜਨ ਫੋਨ ਕੀਤੇ ਹੋਣਗੇ। ਇਕ ਦਿਨ ਉਹ ਮੇਰੇ ਸਟੋਰ 'ਤੇ ਹੀ ਆ ਗਿਆ। ਤਰਸੇਮ ਪੁਰੇਵਾਲ ਦਾ ਵੱਡਾ ਨਾਂ ਸੀ। ਮੇਰੇ ਅੰਦਰਲਾ ਲੇਖਕ ਮੈਨੂੰ ਲਾਹਣਤਾਂ ਪਾਉਣ ਲਗਿਆ ਤੇ ਮੈਂ ਮੁੜ ਆਪਣਾ ਰਾਈਟਿੰਗ ਬੋਰਡ ਚੁੱਕ ਲਿਆ। ਪੁਰੇਵਾਲ ਦਾ ਇਹ ਖਾਸ ਤਰੀਕਾ ਸੀ ਕਿ ਜਿਹੜਾ ਲੇਖਕ ਉਸ ਨੂੰ ਜੱਚ ਜਾਵੇ ਉਸ ਤੋਂ ਉਹ ਜ਼ੋਰ ਨਾਲ ਲਿਖਵਾ ਲੈਂਦਾ ਸੀ। ਲਿਖਣਾ ਮੈਨੂੰ ਨਸ਼ਾ ਦਿੰਦਾ ਹੈ ਸੋ ਇਹ ਨਸ਼ਾ ਮੈਨੂੰ ਮੇਰੇ ਕਾਰੋਬਾਰ ਤੋਂ ਦੂਰ ਕਰਦਾ ਗਿਆ। ਨਤੀਜਾ ਕੀ ਹੋਇਆ ਦੋਸਤ ਜਾਣਦੇ ਹਨ। ਮੇਰੇ ਕਹਿਣ ਦਾ ਭਾਵ ਕਿ ਇਹ ਹੈ ਪੰਜਾਬੀ ਵਿਚ ਲਿਖਣ ਦਾ ਆਰਥਿਕ ਲਾਭ। ਖੈਰ ਇੰਨਾ ਗੁਆ ਕੇ ਵੀ ਮੈਂ ਬਹੁਤ ਕੁਝ ਪਾਇਆ ਹੈ। ਪੰਜਾਬ ਦੇ ਹਰ ਸ਼ਹਿਰ ਵਿਚ ਦੋਸਤ ਹਨ। ਪਾਠਕਾਂ ਵਲੋਂ ਅਜਿਹਾ ਹੁੰਘਾਰਾ ਮਿਲਦਾ ਹੈ ਕਿ ਰੂਹ ਸ਼ਰਾਸ਼ਰ ਹੋ ਜਾਂਦੀ ਹੈ। ਕਿਤਾਬ ਆਉਂਦੀ ਹੈ ਤਾਂ ਲੋਕਾਂ ਵਲੋਂ ਮਿਲਦੀਆਂ ਟਿੱਪਣੀਆਂ ਸੇਰ ਖੂਨ ਵਧਾ ਜਾਂਦੀਆਂ ਹਨ, ਲਗਦਾ ਹੈ ਕਿ ਵਾਕਿਆ ਹੀ ਕੋਈ ਸਾਰਥਕ ਕੰਮ ਕੀਤਾ ਹੈ। ਲੇਖਕ ਦੋਸਤਾਂ ਵਲੋਂ ਏਨਾ ਮੋਹ ਮਿਲਦਾ ਹੈ ਕਿ ਰਹੇ ਰੱਬ ਦਾ ਨਾਂ। ਕੰਵੈਂਟਰੀ, ਵਲਵੁਰਹੈਂਪਟਨ, ਵੈਨਕੋਵਰ, ਟਰੰਟੋ, ਵਰਗੇ ਸ਼ਹਿਰ ਮਿੱਤਰਾਂ ਦੇ ਹਨ ਤੇ ਇਹ ਮੈਨੂੰ ਲੰਡਨ ਵਾਂਗ ਆਪਣੇ ਹੀ ਜਾਪਦੇ ਹਨ, ਇਹ ਸਾਹਿਤ ਕਰਕੇ ਹੀ ਹਨ। ਬਹੁਤ ਸਾਰੀਆਂ ਘਟਨਾਵਾਂ ਵਿਚੋਂ ਇਕ ਘਟਨਾ ਸੇਵਾ ਫਲ ਵਜੋਂ ਸਾਂਝੀ ਕਰਨੀ ਚਾਹਾਂਗਾ ਕਿ ਮੇਰਾ ਦੋਸਤ ਜਿੰਦਰ ਜਦ ਲੰਡਨ ਦੇ ਹੀਥਰੋ ਏਅਰ ਪੋਰਟ 'ਤੇ ਉਤਰਿਆ ਤਾਂ ਇੰਮੀਗਰੇਸ਼ਨ ਵਾਲਿਆਂ ਨੇ ਕਿਸੇ ਗੱਲੋਂ ਰੋਕ ਲਿਆ। ਇਕ ਇੰਮੀਗਰੇਸ਼ਨ ਅਫਸਰ ਪੰਜਾਬੀ ਸੀ। ਉਸ ਨੇ ਪੁੱਛਿਆ ਕਿ ਕਿਸ ਕੋਲ ਠਹਿਰਨਾ ਹੈ ਤਾਂ ਜਿੰਦਰ ਨੇ ਮੇਰਾ ਨਾਂ ਲੈ ਦਿਤਾ। ਅਫਸਰ ਨੇ ਕਿਹਾ ਕਿ 'ਸਾਊਥਾਲ' {ਨਾਵਲ} ਵਾਲੇ ਹਰਜੀਤ ਅਟਵਾਲ ਕੋਲ। ਜਿੰਦਰ ਨੇ ਹਾਂ ਕਿਹਾ ਤਾਂ ਉਸ ਨੇ ਹੋਰ ਸਵਾਲ ਕੀਤੇ ਬਿਨਾਂ ਪਾਸ ਪੋਰਟ 'ਤੇ ਮੋਹਰ ਲਾ ਕੇ ਅੱਗੇ ਤੋਰ ਦਿਤਾ।
ਮੇਰੀ ਬੇਟੀ ਨੇ ਆਪਣੇ ਦੋਸਤਾਂ ਨੂੰ ਦਸ ਦਿਤਾ ਕਿ ਮੇਰੇ ਨਵੇਂ ਨਾਵਲ ਦਾ ਨਾਂ 'ਬੀ.ਬੀ.{ਸੀ.} ਡੀ.' ਹੈ ਤਾਂ ਉਸ ਦੀ ਯੂਨੀਵਰਸਟੀ ਦੇ ਬਹੁਤ ਸਾਰੇ ਦੋਸਤ ਇਕੱਠੇ ਹੋ ਕੇ ਮੈਨੂੰ ਮਿਲਣ ਆ ਗਏ। ਉਹ ਪੰਜਾਬੀ ਤਾਂ ਪੜ੍ਹ ਨਹੀਂ ਸਕਦੇ ਤੇ ਮੰਗ ਕਰਨ ਲਗੇ ਕਿ ਇਸ ਨੂੰ ਅੰਗਰੇਜ਼ੀ ਵਿਚ ਵੀ ਲਿਖਿਆ ਜਾਵੇ। ਅੰਗਰੇਜ਼ੀ ਵਿਚ ਲਿਖਣ ਦਾ ਕੰਮ ਤਾਂ ਮੈਂ ਸ਼ਇਦ ਹੀ ਕਰ ਸਕਾਂ ਪਰ ਏਨੇ ਕੁ ਸੇਵਾ ਫਲ ਨਾਲ ਮੈਂ ਖੁਸ਼ ਜ਼ਰੂਰ ਹਾਂ।
Saturday, 15 May 2010
ਨਵੇਂ ਨਾਵਲ ਦੇ ਬਹਾਨੇ
ਪਿਛਲੇ ਕੁਝ ਸਾਲਾਂ ਤੋਂ ਮੇਰੇ ਬ੍ਰਤਾਨਵੀ ਯੂਨੀਵਰਸਟੀਆਂ ਦੇ ਨਿਰੰਤਰ ਚਕਰ ਲਗਦੇ ਆ ਰਹੇ ਹਨ, ਕਾਰਨ ਹੈ ਕਿ ਮੇਰੇ ਬੱਚੇ ਪੜ੍ਹਦੇ ਹਨ ਤੇ ਉੁਹਨਾਂ ਨੂੰ ਛੱਡਣ-ਲੈਣ ਜਾਂਦਾ ਰਹਿੰਦਾ ਹਾਂ। ਇਵੇਂ ਇਹਨਾਂ ਯੂਨੀਆਂ ਵਿਚ ਮੇਰੇ ਕੁਝ ਦੋਸਤ ਵੀ ਬਣ ਗਏ ਹਨ, ਕੁਝ ਕੁ ਅਧਿਆਪਕ, ਕੁਝ ਕੁ ਵਿਦਿਆਰਥੀ। ਇਹਨਾਂ ਤੋਂ ਮੈਨੂੰ ਇਥੋਂ ਯੂਨੀਆਂ ਬਾਰੇ ਬਹੁਤ ਸਾਰੀ ਜਾਣਕਾਰੀ ਵੀ ਮਿਲਦੀ ਰਹਿੰਦੀ ਹੈ ਜੋ ਕਿ ਮੈਨੂੰ ਆਪਣੇ ਨਵੇਂ ਨਾਵਲ ਲਈ ਬਹੁਤ ਲਾਹੇਵੰਦ ਸਾਬਤ ਹੋਈ ਹੈ। ਮੇਰਾ ਨਵਾਂ ਨਾਵਲ 'ਬੀ.ਬੀ.{ਸੀ.}ਡੀ.' ਤਿਆਰ ਹੈ ਤੇ ਇਹ ਅਜਕਲ ਇਥੋਂ ਦੇ ਪਰਚੇ ਦੇਸ ਪਰਦੇਸ ਵਿਚ ਸੀਰੀਅਲਾਈਜ਼ ਹੋ ਰਿਹਾ ਹੈ। ਬੀ.ਬੀ.{ਸੀ.}ਡੀ.ਤੋਂ ਭਾਵ ਬ੍ਰਿਟਿਸ਼ ਬੌਰਨ {ਕਨਫਿਊਜ਼ਡ} ਦੇਸੀ। ਇਸ ਦੇ ਅਰਥ ਹਨ ਕਿ ਬਰਤਾਨੀਆਂ ਵਿਚ ਜੰਮੇ ਬੱਚੇ ਕਨਫਿਊਜ਼ਡ ਹਨ। ਮੇਰੇ ਨਾਵਲ ਦੇ ਨਾਂ ਵਿਚੋਂ ਕਨਫਿਊਜ਼ਡ ਸ਼ਬਦ ਕੈਂਸਲ ਹੈ। ਇਹ ਇਕ ਟਰਮ ਹੈ ਜੋ ਇਥੋਂ ਦੀਆਂ ਯੂਨੀਆਂ ਵਿਚ ਭਾਰਤ ਤੋਂ ਆਏ ਲੋਕ ਵਰਤਦੇ ਹਨ। ਇਹੋ ਟਰਮ ਅਮਰੀਕਾ ਦੀਆਂ ਯੂਨੀਆਂ ਵਿਚ ਵੀ ਵਰਤੀ ਜਾਂਦੀ ਹੈ ਓਥੇ ਇਸ ਨੂੰ ਏ.ਬੀ.ਸੀ.ਡੀ. ਆਖਦੇ ਹਨ। ਇਸ ਬਾਰੇ ਡਾ. ਪ੍ਰੇਮ ਮਾਨ ਵਰਗੇ ਦੋਸਤ ਵਧੇਰੇ ਦਸ ਸਕਦੇ ਹਨ। ਖੈਰ ਗੱਲ ਇਹ ਹੈ ਕਿ ਭਾਰਤ ਦੇ ਲੋਕ ਸਾਡੇ ਬੱਚਿਆਂ ਨੂੰ ਕਨਫਿਊਜ਼ਡ ਹੀ ਸਮਝਦੇ ਹਨ। ਇਹਨਾਂ ਕੋਲ ਓਹਨਾਂ ਵਰਗੀ ਚਲਾਕੀ ਨਹੀਂ ਹੈ। ਇਹਨਾਂ ਨੂੰ ਓਹਨਾਂ ਦੇ ਲਤੀਫੇ ਸਮਝ ਨਹੀਂ ਆਉਂਦੇ। ਭਾਰਤ ਦੇ ਜੰਮੇ ਬੱਚਿਆਂ ਵਿਚ ਜਿਹੜੀ ਚੀਟ-ਗੁੜ੍ਹਤੀ ਹੁੰਦੀ ਹੈ ਇਹਨਾਂ ਵਿਚੋਂ ਓਹ ਗਾਇਬ ਹੈ। ਮੈਂ ਕਈ ਵਾਰ ਆਪਣੇ ਬੱਚਿਆਂ ਨੂੰ ਭਾਰਤ ਲੈ ਕੇ ਗਿਆ ਹਾਂ ਤੇ ਇਹ ਫਰਕ ਮੈਂ ਖੁਦ ਦੇਖਿਆ ਹੈ। ਮੇਰੇ ਵਰਗੇ ਹੋਰ ਬਹੁਤ ਸਾਰੇ ਮਾਂਪੇ ਵੀ ਇਸ ਫਰਕ ਨੂੰ ਮਹਿਸੂਸ ਕਰਦੇ ਹੋਣਗੇ। ਮੈਂ ਇਥੇ ਇਕ ਹੋਰ ਗੱਲ ਆਪਣੇ ਮੁੱਦੇ ਤੋਂ ਬਾਹਰ ਦੀ ਕਹਿਣ ਦੀ ਗੁਸਤਾਖੀ ਕਰਨ ਲਗਾ ਹਾਂ ਕਿ ਇਧਰਲੇ ਜੰਮੇ ਮੁੰਡੇ ਕੁੜੀਆਂ ਭਾਵੁਕ ਤੌਰ ਤੇ ਵੀ ਬਹੁਤ ਸਿੱਧੇ ਹਨ ਤੇ ਭਾਰਤ ਦੇ ਜੰਮੇ ਮੁੰਡੇ ਕੁੜੀਆਂ ਇਸ ਦਾ ਫਾਇਦਾ ਉਠਾਉਣ ਦੇ ਯਤਨ ਵਿਚ ਰਹਿੰਦੇ ਹਨ। ਅਜਕਲ ਜਿਹੜੇ ਪਾੜ੍ਹੇ ਇਧਰ ਆਏ ਹੋਏ ਉਹ ਜੋ ਕੁਝ ਕਰ ਰਹੇ ਹਨ ਉਸ ਦੇ ਅਧਾਰ 'ਤੇ ਹੀ ਗੱਲ ਕਰ ਰਿਹਾ ਹਾਂ। ਪੱਕੇ ਹੋਣ ਲਈ ਵਿਆਹ ਦੇ ਚੱਕਰ ਵਿਚ ਇਥੋਂ ਦੀਆਂ ਜੰਮੀਆਂ ਕੁੜੀਆਂ ਫਸਾਉਣ ਦੀਆਂ ਕਈ ਕਿਸਮ ਦੀਆਂ ਵਿਓਂਤਬੰਦੀਆਂ ਕਰਦੇ ਹਨ ਭਾਰਤ ਤੋਂ ਆਏ ਇਹ ਨਕਲੀ ਪਾੜ੍ਹੇ। ਖਾਸ ਤੌਰ 'ਤੇ ਸਾਊਥਾਲ ਦੇ ਕਈ ਲੋਕਾਂ ਤੋਂ ਇਹ ਸ਼ਿਕਾਇਤ ਸੁਣਨ ਨੂੰ ਮਿਲੀ ਹੈ। ਖੈਰ, ਮੈਂ ਗੱਲ ਕੋਈ ਹੋਰ ਕਰ ਰਿਹਾ ਸਾਂ ਕਿ ਇਹਨਾਂ ਮੁਲਕਾਂ ਵਿਚ ਜੰਮੇ ਮੁੰਡਿਆਂ ਕੁੜੀਆਂ ਨੂੰ ਕਨਫਿਊਜ਼ਡ ਕਿਉਂ ਕਿਹਾ ਜਾਂਦਾ ਹੈ। ਆਪਣੇ ਨਾਵਲ ਵਿਚ ਮੈਂ ਆਪਣੀ ਗੱਲ ਕਹਿਣ ਲਈ ਆਪਣੇ ਇਕ ਦੋਸਤ ਦੇ ਬੇਟੇ ਨਾਲ ਸਬੰਧਤ ਕਹਾਣੀ ਪਾਈ ਹੈ। ਮੇਰਾ ਦੋਸਤ ਅਮਰੀਕ ਕਿਸੇ ਵੇਲੇ ਕਬੱਡੀ ਦਾ ਖਿਡਾਰੀ ਰਿਹਾ ਹੈ ਅਗੇ ਉਸ ਨੇ ਆਪਣੇ ਬੇਟੇ ਲਵਲੀਨ ਨੂੰ ਵੀ ਕਬੱਡੀ ਵਲ ਪਾ ਦਿਤਾ। ਅਜਕਲ ਲਵਲੀਨ ਯੂਨੀਵਰਸਟੀ ਵਿਚ ਡਿਗਰੀ ਕਰ ਰਿਹਾ ਹੈ। ਭਾਰਤ ਤੋਂ ਆਏ ਦੋਸਤ ਉਸ ਨੂੰ ਆਖਣ ਲਗਦੇ ਹਨ ਕਿ ਓਹ ਇੰਡੀਅਨ ਹੈ ਪਰ ਓਹ ਜ਼ਿਦ ਕਰਦਾ ਹੈ ਕਿ ਓਹ ਬ੍ਰਿਟਿਸ਼ ਹੈ। ਭਾਰਤੀ ਦੋਸਤ ਆਖਦੇ ਹਨ ਕਿ ਓਹ ਪੰਜਾਬੀ ਬੋਲਦਾ ਹੈ, ਕਬੱਡੀ ਖੇਡਦਾ ਹੈ, ਗੁਰਦਵਾਰੇ ਵੀ ਜਾਂਦਾ ਹੈ ਤੇ ਉਸ ਦਾ ਰੰਗ ਕਾਲਾ ਹੈ ਇਸ ਲਈ ਓਹ ਭਾਰਤੀ ਹੈ, ਬ੍ਰਿਟਿਸ਼ ਹੋਣ ਦਾ ਢੋਂਗ ਕਰਦਾ ਹੈ। ਆਪਣੇ ਆਪ ਨੂੰ ਮੁਫਤ ਵਿਚ ਹੀ ਗੋਰਾ ਸਮਝ ਰਿਹਾ ਹੈ। ਲਵਲੀਨ ਓਹਨਾਂ ਨੂੰ ਸਮਝਾਉਂਦਾ ਰੋਣ ਹਾਕਾ ਹੋ ਜਾਂਦਾ ਹੈ ਤੇ ਆਖਦਾ ਹੈ ਕਿ ਉਹ ਬ੍ਰਿਟਿਸ਼-ਇੰਡੀਅਨ ਤਾਂ ਹੋ ਸਕਦਾ ਹੈ ਪਰ ਇੰਡਿਅਨ ਨਹੀਂ ਤੇ ਇਹ ਲੋਕ ਉਸ ਨੂੰ ਕਨਫਿਊਜ਼ਡ ਹੋਣਾ ਆਖਦੇ ਹਸਦੇ ਹਨ। ਭਾਵੇਂ ਨਾਵਲ ਵਿਚ ਮੈਂ ਇਸ ਕਹਾਣੀ ਨੂੰ ਕਿਸੇ ਹੋਰ ਤਰ੍ਹਾਂ ਬਿਆਨਿਆਂ ਹੈ। ਜਿਵੇਂ ਮੈਂ ਦੱਸਿਆ ਕਿ ਇਹ ਨਾਵਲ ਅਜਕਲ ਦੇਸ ਪਰਦੇਸ ਵਿਚ ਸੀਰੀਅਲਾਈਜ਼ ਹੋ ਰਿਹਾ ਹੈ, ਇਥੇ ਮੈਂ ਇਸ ਨਾਵਲ ਦਾ ਨਾਂ 'ਸਾਊਥਾਲ ਭਾਗ ਦੂਜਾ' ਵਰਤ ਰਿਹਾ ਹਾਂ ਕਿਉਂਕਿ ਇਹ ਮੇਰੇ ਨਾਵਲ 'ਸਾਊਥਾਲ' ਦਾ ਸੀਕਿਉਲ ਹੀ ਹੈ। ਇਹ ਅਗਲੇ ਸਾਲ 'ਬੀ.ਬੀ.{ਸੀ.}ਡੀ.' ਦੇ ਨਾਂ ਹੇਠ ਅਗਲੇ ਸਾਲ ਛਪੇਗਾ।
Monday, 26 April 2010
ਜਦੋਂ ਰੋਣ ਲਈ ਮੋਢ੍ਹਾ ਮਿਲਦਾ ਹੈ।
ਬਹੁਤ ਸਾਰੇ ਦੋਸਤ ਜਾਣਦੇ ਹਨ ਕਿ ਇਸ ਸਾਲ ਮਾਰਚ ਦਾ ਮਹੀਨਾ ਮੇਰੇ ਲਈ ਬਹੁਤ ਔਖਾ ਸੀ। ਪਹਾੜ ਚੁੱਕਣ ਜਿੰਨਾ ਔਖਾ। ਮੇਰਾ ਛੋਟਾ ਭਰਾ ਕੁਕੂ {ਨਰਿੰਦਰ} ਸਾਨੂੰ ਸਦਾ ਲਈ ਛੱਡ ਗਿਆ ਸੀ। ਮੇਰੇ ਤੋਂ ਦੱਸ ਸਾਲ ਛੋਟਾ ਤੇ ਸਾਡੇ ਭੈਣਾਂ-ਭਰਾਵਾਂ ਵਿਚੋਂ ਸਭ ਤੋਂ ਨਿੱਕਾ। ਇਹ ਸਦਮਾ ਸਹਿਣਾ ਬਹੁਤ ਮੁਸ਼ਕਲ ਸੀ। ਮੈਂ ਜੋ ਆਪਣੇ ਆਪ ਨੂੰ ਬਹੁਤ ਮਜ਼ਬੂਤ ਸਮਝਦਾ ਸਾਂ ਵੀ ਹਿੱਲ ਗਿਆ ਸਾਂ ਬਲਕਿ ਹਾਲੇ ਤਕ ਪੈਰੀਂ ਨਹੀਂ ਆਇਆ। ਹਾਲੇ ਵੀ ਵਕਤ ਲਗੇਗਾ। ਇਸ ਮੁਲਕ ਦੇ ਹਾਲਾਤ ਦੇਖ ਕੇ ਮੈਂ ਅਕਸਰ ਕਹਿ ਦਿਆ ਕਰਦਾ ਹਾਂ ਕਿ ਸਾਨੂੰ ਨਾ ਆਪਣੇ ਬੱਚਿਆਂ ਤੋਂ ਕੋਈ ਆਸ ਰੱਖਣੀ ਚਾਹੀਦੀ ਹੈ ਨਾ ਹੀ ਆਪਣੇ ਜੀਵਨ ਸਾਥੀ ਤੋਂ। ਜੇ ਕੋਈ ਅਜਿਹੀ ਉਨੀ ਇੱਕੀ ਹੋ ਜਾਵੇ ਤਾਂ ਮੇਰੇ ਵਰਗੇ ਬੰਦੇ ਦੀ ਜ਼ਿੰਦਗੀ ਬਹੁਤ ਹੀ ਸੌਖੀ ਰਹੇਗੀ। ਮੈਂ ਸੋਚਦਾ ਹਾਂ ਕਿ ਮੈਨੂੰ ਸਿਰਫ ਤਿੰਨ ਚੀਜ਼ਾਂ ਚਾਹੀਦੀਆਂ ਹਨਃ ਇਕ ਲੈਪਟੌਪ, ਦੂਜੇ ਨਵੀਆਂ ਛਪੀਆਂ ਕਿਤਾਬਾਂ ਤੇ ਤੀਜੀ ਚੰਗੀ ਸਿਹਤ। ਇਹਨਾਂ ਤਿੰਨਾਂ ਚੀਜ਼ਾਂ ਤੋਂ ਬਾਅਦ ਮੈਂ ਕਿਸੇ ਦੇ ਲੈਣ ਦਾ ਨਹੀਂ। ਇਸ ਮੁਲਕ ਵਿਚ ਸਰਕਾਰ ਖਾਣ ਪੀਣ ਜੋਗੇ ਪੈਸੇ ਵੀ ਦੇ ਦਿੰਦੀ ਹੈ ਤੇ ਰਹਿਣ ਲਈ ਛੋਟਾ ਮੋਟਾ ਫਲੈਟ ਵੀ ਫਿਰ ਕੀ ਰਹਿ ਗਿਆ। ਪੜੀ ਜਾਵਾਂਗਾ ਤੇ ਲਿਖੀ ਜਾਵਾਂਗਾ। ਮੈਨੂੰ ਲਗਦਾ ਹੈ ਕਿ ਮੇਰੇ ਕੋਲ ਲਿਖਣ ਲਈ ਏਨਾ ਕੁਝ ਹੈ ਕਿ ਆਹ ਜ਼ਿੰਦਗੀ ਵੀ ਥੋੜੀ ਹੈ। ਮੈਂ ਇਹ ਗੱਲ ਅਕਸਰ ਦੋਸਤਾਂ ਨੂੰ ਕਿਹਾ ਕਰਦਾ ਸੀ। ਕੁਕੂ ਦੇ ਤੁਰ ਜਾਣ ਤੋਂ ਬਾਅਦ ਮੇਰੀ ਇਹ ਧਾਰਣਾ ਖੇਰੂੰ ਖੇਰੂੰ ਹੋ ਗਈ। ਮੈਂ ਭੁੱਲ ਹੀ ਗਿਆ ਸਾਂ ਕਿ ਲਿਖਣ ਲਈ ਸਿਹਤਵੰਦ ਮਨ ਦੀ ਵੀ ਲੋੜ ਹੁੰਦੀ ਹੈ, ਜਜ਼ਬਿਆਂ ਦੇ ਵਹਾਅ ਉੁਪਰ ਨਿਯੰਤਰਣ ਵੀ ਹੋਣਾ ਚਾਹੀਦਾ ਹੈ। ਕੁਕੂ ਦੇ ਤੁਰ ਜਾਣ ਨੇ ਮੇਰੇ ਤੋਂ ਇਹ ਸਭ ਖੋਹ ਲਿਆ ਸੀ ਤੇ ਮੈਂ ਬਹੁਤ ਦਿਨਾਂ ਤਕ ਨਾ ਕੁਝ ਪੜ ਸਕਿਆ ਤੇ ਕੁਝ ਲਿਖ ਸਕਿਆ। ਹੋਰ ਤਾਂ ਹੋਰ ਮੈਂ ਲੈਪਟੌਪ ਨੂੰ ਖੋਹਲ ਕੇ ਵੀ ਨਾ ਦੇਖ ਸਕਿਆ। ਮੇਰੇ ਮੇਜ਼ 'ਤੇ ਪੜਨ ਵਾਲੀਆਂ ਕਿਤਾਬਾਂ ਦਾ ਢੇਰ ਵਧਣ ਲਗਿਆ। ਮਨ ਕਾਬੂ ਵਿਚ ਨਹੀਂ ਸੀ ਤੇ ਨਾ ਹੀ ਜਜ਼ਬਾਤ। ਜਿਸ ਕੁਕੂ ਦੇ ਮੈਂ ਪਹਿਲੀ ਵਾਰ ਪੱਗ ਬੰਨੀ ਸੀ ਉਸ ਦੇ ਆਖਰੀ ਵਾਰ ਵੀ ਬੰਨੀ। ਜਿਵੇਂ ਬਚਪਨ ਵਿਚ ਉਸ ਨੂੰ ਤਿਆਰ ਕਰਿਆ ਕਰਦਾ ਸਾਂ, ਨਲ੍ਹਾਇਆ ਕਰਦਾ ਸਾਂ ਆਖਰੀ ਵਾਰ ਵੀ ਕੀਤਾ। ਇਸ ਤੋਂ ਬਾਅਦ ਕੋਈ ਕਿਵੇਂ ਸਬੂਤਾ ਰਹਿ ਸਕਦਾ ਹੈ। ਕੋਈ ਕਿਵੇਂ ਲਿਖ-ਪੜ ਸਕਦਾ ਹੈ। ਇਹ ਕੰਮ ਸਬੂਤੇ ਬੰਦੇ ਦਾ ਹੈ। ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੇਰੇ ਦੋਸਤਾਂ ਨੇ ਮੈਨੂੰ ਰੋਣ ਲਈ ਮੋਢ੍ਹਾ ਦਿਤਾ, ਮੈਨੂੰ ਕੰਫ੍ਰਟ ਕੀਤਾ। ਮੈਂ ਪੈਰਾਂ 'ਤੇ ਮੁੜ ਖੜਨ ਲਗਿਆ। ਈਮੇਲ ਦੇਖਣ ਲਗਿਆ। ਫੇਸਬੁੱਕ 'ਤੇ ਵੀ ਫੇਰੀ ਪਾ ਲਿਆ ਕਰਦਾ ਪਰ ਕੁਝ ਪੜਨਾ ਤੇ ਫਿਰ ਲਿਖਣਾ ਬਿਲਕੁਲ ਠੱਪ ਪਿਆ ਸੀ। ਫਿਰ ਇਕ ਦਿਨ ਮੈਨੂੰ ਕੋਈ ਫੋਨ ਆਇਆ। ਕਿਸੇ ਔਰਤ ਦੀ ਅਵਾਜ਼ ਸੀ। ਅਵਾਜ਼ ਨੇ ਆਪਣੀ ਵਾਕਫੀ ਕਰਾਈ: ਦਲਬੀਰ ਕੋਰ।
ਦਲਬੀਰ ਕੋਰ ਪੰਜਾਬੀ ਦੀ ਕਵਿਤਰੀ ਹੈ ਜਿਸ ਦੀ ਪਿਛੇ ਜਿਹੇ ਹੀ 'ਅਹਿਦ' ਨਾਂ ਦੀ ਕਵਿਤਾ ਕਿਤਾਬ ਆਈ ਹੈ। ਕਿਤਾਬ ਮੈਂ ਪੜੀ ਹੈ। ਅਜਕਲ ਇੰਗਲੈਂਡ ਵਿਚ ਲਿਖੀ ਜਾ ਰਹੀ ਕਵਿਤਾ ਨਾਲੋਂ ਵਧੀਆ ਕਵਿਤਾ ਹੈ। ਦਲਬੀਰ ਕੋਰ ਕਵੀ ਦਰਬਾਰਾਂ 'ਤੇ ਜਾਂ ਹੋਰ ਸਾਹਿਤਕ ਸਮਾਗਮਾਂ 'ਤੇ ਮਿਲਦੀ ਹੀ ਰਹਿੰਦੀ ਹੈ। ਮੈਂ ਉਸ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ, ਆਮ ਔਰਤਾਂ ਵਰਗੀ ਇਕ ਔਰਤ ਵਾਂਗ ਹੀ ਸਮਝਿਆ। ਫੋਨ ਕੁਕੂ ਦੇ ਅਫਸੋਸ ਲਈ ਸੀ। ਉਸ ਨੇ ਗੱਲ ਕਰਦਿਆਂ ਕਿਹਾ ਕਿ ਪਿਛਲੇ ਸਾਲ ਉਸ ਦਾ ਵੀ ਜਵਾਨ ਭਰਾ ਇਵੇਂ ਹੀ ਅਚਾਨਕ ਤੁਰ ਗਿਆ ਸੀ ਇਸ ਲਈ ਉਹ ਮੇਰਾ ਦਰਦ ਸਮਝਦੀ ਹੈ। ਫਿਰ ਉਸ ਨੇ ਆਪਣੇ ਤਜਰਬੇ ਵਿਚੋਂ ਕੁਝ ਹੋਰ ਗੱਲਾਂ ਦੱਸੀਆਂ। ਅਜਿਹੀ ਮੌਤ ਸਮੇਂ ਆਪਣਿਆਂ ਵਲੋਂ ਹੀ ਅਣਜਾਣੇ ਵਿਚ ਪਾਏ ਜਾ ਰਹੇ ਦਬਾਅ ਬਾਰੇ ਦੱਸਿਆ ਜਾਂ ਆਪਣੇ ਵਲੋਂ ਹੀ ਆਪਣੇ ਉਤੇ ਪਾਏ ਜਾ ਰਹੇ ਮਾਨਸਿਕ-ਬੋਝ ਬਾਰੇ ਗੱਲ ਕੀਤੀ। ਇਹ ਵੀ ਕਿ ਅਸੀਂ ਖੁਦ ਨੂੰ ਬਹੁਤ ਮਜ਼ਬੂਤ ਸਮਝ ਰਹੇ ਹੁੰਦੇ ਹਾਂ ਅਜਿਹੇ ਸਮੇਂ ਡੋਲ ਜਾਂਦੇ ਹਾਂ ਤੇ ਅਚਾਨਕ ਆਪਣੇ ਆਪ ਨੂੰ ਕਮਜ਼ੋਰ ਸਮਝਦੇ ਆਪਣੇ ਬਾਰੇ ਗਲਤ ਸੋਚਣ ਲਗਦੇ ਹਾਂ। ਡੈਪਰੈਸ਼ਨ ਆਦਿ ਦੇ ਸ਼ਿਕਾਰ ਵੀ ਹੋ ਸਕਦੇ ਹਾਂ। ਉਸ ਨੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਕੀਤੀਆਂ ਜੋ ਮੈਂ ਮਹਿਸੂਸ ਹੀ ਕਰ ਸਕਦਾ ਹਾਂ ਜਾਂ ਫਿਰ ਕਹਿ ਲਓ ਕਿ ਸਿਰਫ ਮੈਂ ਹੀ ਮਹਿਸੂਸ ਕਰ ਸਕਦਾ ਹਾਂ ਕੋਈ ਹੋਰ ਨਹੀਂ ਪਰ ਇਹਨਾਂ ਨੂੰ ਬਿਆਨ ਨਹੀਂ ਕਰ ਸਕਦਾ। ਹਾਂ ਇਕ ਗੱਲ ਭਾਵੇਂ ਪੁਰਾਣੀ ਹੈ ਪਰ ਉਸ ਦੇ ਮੂੰਹੋਂ ਇਕ ਦਮ ਨਵੀਂ ਲਗੀ ਕਿ ਵਕਤ ਤੋਂ ਵੱਡਾ ਫੈਹਾ ਕੋਈ ਨਹੀਂ ਹੁੰਦਾ। ਇਸ ਬਾਰੇ ਸੋਚ ਕੇ ਮੈਂ ਹੈਰਾਨ ਵੀ ਹੋ ਰਿਹਾ ਹਾਂ ਕਿ ਦਲਬੀਰ ਕੋਰ ਏਨੀਆਂ ਗੱਲਾਂ ਏਨੀ ਸਹਿਜ ਨਾਲ ਕਿਵੇਂ ਕਰ ਗਈ। ਇਕ ਪਲ ਲਈ ਤਾਂ ਮੈਨੂੰ ਕੁਲਵੰਤ ਸਿੰਘ ਵਿਰਕ ਦੀ ਇਕ ਕਹਾਣੀ ਵੀ
ਯਾਦ ਆਈ ਜਿਸ ਵਿਚ ਕਿਸੇ ਦਾ ਕੋਈ ਜਵਾਨ ਰਿਸ਼ਤੇਦਾਰ ਗੁਜ਼ਰ ਜਾਂਦਾ ਹੈ ਤੇ ਉੁਹ ਓਨੀ ਦੇਰ ਨਹੀਂ ਰੋ ਸਕਦਾ ਜਿੰਨੀ ਦੇਰ ਉਹਦੇ ਵਰਗਾ ਹੀ ਕੋਈ ਹੋਰ ਆ ਕੇ ਢਾਰਸ ਨਹੀਂ ਦਿੰਦਾ ਜਿਸ ਦਾ ਵੀ ਜਵਾਨ ਜਵਾਈ ਕੁਝ ਦਿਨ ਪਹਿਲਾਂ ਇਵੇਂ ਹੀ ਮਰਿਆ ਹੈ। ਪਰ ਇਹ ਗੱਲ ਕੁਝ ਵੱਖਰੀ ਤੇ ਵੱਡੀ ਸੀ। ਇਥੇ ਤਾਂ ਦਲਬੀਰ ਕੋਰ ਬਹੁਤ ਵੱਡੇ ਦਾਰਸ਼ਨਿਕ ਵਾਂਗ ਬੋਲਦੀ ਜਾ ਰਹੀ ਸੀ। ਬੋਲਦੀ ਹੋਈ ਉਹ ਕਦੇ ਮੈਨੂੰ ਮਾਂ ਵਰਗੀ ਲਗਦੀ ਸੀ, ਕਦੇ ਭੈਣ ਵਰਗੀ ਤੇ ਕਦੇ ਦੋਸਤ ਵਰਗੀ। ਮੈਂ ਅੰਦਰੋਂ ਏਨਾ ਖੁਰ ਰਿਹਾ ਸਾਂ ਕਿ ਉਸ ਦਾ ਫੋਨ ਲਈ ਧੰਨਵਾਦ ਵੀ ਨਾ ਕਰ ਸਕਿਆ। ਉਸ ਦੇ ਫੋਨ ਤੋਂ ਕੁਝ ਘੰਟੇ ਬਾਅਦ ਮੈਨੂੰ ਲਗਿਆ ਜਿਵੇਂ ਉਹ ਮੈਨੂੰ ਨਵਾਂ ਨਿਕੋਰ ਕਰ ਗਈ ਹੋਵੇ। ਮੈਂ ਕਈ ਹਫਤਿਆਂ ਦੇ ਵਕਫੇ ਮਗਰੋਂ ਪੜਨ ਲਈ ਕਿਤਾਬ ਚੁੱਕੀ ਤੇ ਇਸ ਬਲੌਗ ਨੂੰ ਲਿਖਣ ਜੋਗਾ ਵੀ ਹੋ ਗਿਆ। ਮੈਂ ਦੁਆ ਕਰਦਾ ਹਾਂ ਕਿ ਅਜਿਹੀ ਔਖੀ ਘੜੀ ਵੇਲੇ ਇਹੋ ਜਿਹਾ ਨਿੱਘਾ ਮੋਢ੍ਹਾ ਸਭ ਨੂੰ ਮਿਲੇ।
Subscribe to:
Posts (Atom)
